ਵੀਰਪਾਲ ਭਗਤਾ, ਭਗਤਾ ਭਾਈਕਾ : ਭਾਈ ਬਹਿਲੋ ਹਾਕੀ ਅਕੈਡਮੀ ਭਗਤਾ ਭਾਈ ਵੱਲੋਂ ਸਥਾਨਕ ਸ਼ਹਿਰ ਵਿਖੇ ਲੜਕੀਆਂ ਦੀ ਹਾਕੀ ਦਾ ਪੰਜਵਾਂ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦਾ ਉਦਘਾਟਨ ਸੁਖਦੇਵ ਕੌਰ ਗਰੇਵਾਲ ਨੇ ਕੀਤਾ।

ਇਸ ਦੌਰਾਨ ਹੋਏ ਮੁਕਾਬਲਿਆਂ ਤੋਂ ਬਾਅਦ ਫਾਇਨਲ ਮੈਚ ਐਸਜੀਪੀਸੀ ਅਕੈਡਮੀ ਰਾਮਗੜ੍ਹ ਛੰਨਾ ਅਤੇ ਸਰਕਾਰੀ ਸਪੋਰਟਸ ਸਕੂਲ ਵਿੰਗ ਘੁੱਦਾ ਵਿਚਕਾਰ ਹੋਇਆ। ਪ੍ਰੰਤੂ ਫਸਵੇਂ ਮੁਕਾਬਲੇ ਵਿਚ ਪੈਨਲਟੀ ਸਟਰੋਕਾਂ ਰਾਹੀਂ ਐੱਸਜੀਪੀਸੀ ਅਕੈਡਮੀ ਰਾਮਗੜ੍ਹ ਛੰਨਾ ਦੀ ਟੀਮ ਜੇਤੂ ਰਹੀ। ਇਸ ਟੂਰਨਾਮੈਂਟ ਦੌਰਾਨ ਖਿਡਾਰਨ ਪਿ੍ਰਯਾ ਕਰਨਾਲ ਅਕੈਡਮੀ ਨੂੰ ਬੈਸਟ ਖਿਡਾਰਨ ਚੁਣਿਆ ਗਿਆ। ਇਸ ਮੌਕੇ ਅਕੈਡਮੀ ਦੇ ਸੰਚਾਲਕ ਬਾਬਾ ਗੁਰਦੀਪ ਸਿੰਘ ਬਰਾੜ ਨੇ ਦੱਸਿਆ ਕਿ ਇਸ ਸਾਲ ਭਾਈ ਬਹਿਲੋ ਹਾਕੀ ਅਕੈਡਮੀ ਭਗਤਾ ਭਾਈ ਦੀ ਅੰਡਰ 17 ਅਤੇ ਅੰਡਰ 19 ਲੜਕੀਆਂ ਦੀ ਟੀਮ ਜ਼ਿਲ੍ਹੇ 'ਚੋਂ ਪਹਿਲੇ ਸਥਾਨ 'ਤੇ ਰਹੀ ਹੈ। ਉਨ੍ਹਾਂ ਦੱਸਿਆ ਕਿ ਅਕੈਡਮੀ ਵਿਚ ਇਲਾਕੇ ਦੇ ਪਿੰਡਾਂ ਦੀਆਂ ਹੋਣਹਾਰ ਲੜਕੀਆਂ ਨੂੰ ਹਾਕੀ ਦੀ ਕੋਚਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਆਮ ਆਦਮੀ ਪਾਰਟੀ ਦੇ ਆਗੂ ਨਛੱਤਰ ਸਿੰਘ ਸਿੱਧੂ ਨੇ ਅਦਾ ਕੀਤੀ।

ਇਸ ਮੌਕੇ ਇੰਦਰਜੀਤ ਸਿੰਘ ਮਾਨ, ਗਗਨਦੀਪ ਸਿੰਘ ਗਰੇਵਾਲ, ਰਾਕੇਸ਼ ਕੁਮਾਰ ਗੋਇਲ, ਰਾਜਵੰਤ ਸਿੰਘ ਭਗਤਾ, ਜਤਿੰਦਰ ਸਿੰਘ ਭੱਲਾ, ਸੁਖਜਿੰਦਰ ਸਿੰਘ ਖਾਨਦਾਨ, ਅਜੈਬ ਸਿੰਘ ਭਗਤਾ, ਪਰਮਜੀਤ ਸਿੰਘ ਬਿਦਰ, ਲਖਵੀਰ ਸਿੰਘ ਲੱਖਾ, ਜਸਵਿੰਦਰ ਸਿੰਘ ਨਥਾਣਾ, ਤਾਰਾ ਸਿੰਘ ਮਾਨ, ਡਾ. ਗੁਰਸ਼ਵਿੰਦਰ ਸਿੰਘ, ਸਿਕੰਦਰ ਸਿੰਘ ਬਰਾੜ, ਹੈਪੀ ਪਟਵਾਰੀ ਆਦਿ ਨੇ ਸ਼ਮੂਲੀਅਤ ਕੀਤੀ।