ਗੁਰਨੈਬ ਸਾਜਨ, ਬਠਿੰਡਾ : ਹਫ਼ਤਾ ਪਹਿਲਾਂ ਪਏ ਬੇਮੌਸਮੀ ਮੀਂਹ ਦਾ ਪਾਣੀ ਅਜੇ ਖੇਤਾਂ ਵਿਚੋਂ ਸੁੱਕਿਆ ਨਹੀਂ ਸੀ ਕਿ ਵੀਰਵਾਰ ਰਾਤ ਪਏ ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਬਚੀਆਂ ਕਣਕਾਂ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਕਣਕ ਦੀ ਫ਼ਸਲ ਮੀਂਹ ਤੇ ਗੜੇਮਾਰੀ ਕਾਰਨ ਧਰਤੀ ਉੱਪਰ ਵਿਛ ਗਈ ਹੈ ਅਤੇ ਫ਼ਸਲ ਵਿਚ ਪਾਣੀ ਵੀ ਖੜ ਚੁੱਕਾ ਹੈ। ਇਸ ਸਬੰਧੀ ਦਿਉਣ, ਕੋਠੇ ਨਾਥੀਆਣਾ, ਚੱਕ ਅਜਮੇਰ ਸਿੰਘ, ਲੱਖੀ ਜੰਗਲ ਬੁਲਾਡੇਵਾਲਾ, ਬੁਰਜ ਮਹਿਮਾ, ਮਹਿਮਾ ਸਰਜਾ, ਮਹਿਮਾ ਭਗਵਾਨਾ, ਵਿਰਕ ਕਲਾਂ , ਕਿਲੀ ਨਿਹਾਲ ਸਿੰਘ ਵਾਲਾ ਅਤੇ ਆਸ ਪਾਸ ਪਿੰਡਾਂ ਦੇ ਖੇਤਾਂ ਵਿਚ ਪੱਤਰਕਾਰਾਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਦਾਸੀ ਦੇ ਆਲਮ ਵਿਚ ਵੱਖ-ਵੱਖ ਕਿਸਾਨ ਗੁਰਚਰਨ ਸਿੰਘ ਮਹਿਮਾ ਭਗਵਾਨਾ, ਰੇਸ਼ਮ ਸਿੰਘ ਸਾਬਕਾ ਮੈਂਬਰ ਬੁਰਜ ਮਹਿਮਾ, ਗੁਰਸ਼ਰਨ ਸਿੰਘ ਬਰਾੜ ਦਿਉਣ, ਮਨਜੀਤ ਸਿੰਘ ਸਰਪੰਚ ਬੁਲਾਡੇਵਾਲਾ, ਜਸਵੀਰ ਸਿੰਘ ਕੋਠੇ ਨਾਥੀਆਣਾ, ਹਰਪ੍ਰਰੀਤ ਸਿੰਘ ਵਿਰਕ ਕਲਾਂ, ਠਾਣਾ ਸਿੰਘ ਕਿਲੀ ਨਿਹਾਲ ਸਿੰਘ ਵਾਲਾ ਨੇ ਦੱਸਿਆ ਕਿ ਮੀਂਹ, ਝੱਖੜ, ਹਲਕੀ ਗੜੇਮਾਰੀ ਨੇ ਕਣਕ, ਹਰਾ ਚਾਰਾ, ਸਰੋਂ ਦੀ ਸੈਂਕੜੇ ਏਕੜ ਫ਼ਸਲ ਵੀ ਬੁਰੀ ਤਰਾਂ੍ਹ ਪ੍ਰਭਾਵਿਤ ਹੋ ਚੁੱਕੀ ਹੈ। ਫ਼ਸਲਾਂ ਵਿਚ ਪਾਣੀ ਖੜਨ ਕਰਕੇ ਕਣਕ ਦੀਆਂ ਬੱਲੀਆਂ ਪਾਣੀ ਵਿਚ ਡੁੱਬ ਚੁੱਕੀਆਂ ਹਨ, ਜਿਸ ਕਰਕੇ ਪੂਰੀ ਦੀ ਪੂਰੀ ਫਸਲ ਬਰਬਾਦ ਹੋ ਚੁੱਕੀ ਹੈ। ਕਿਸਾਨ ਆਪਣੇ ਤੌਰ 'ਤੇ ਟਰੈਕਟਰਾਂ ਤੇ ਪੱਖਿਆਂ ਰਾਹੀ ਫਸਲਾਂ ਵਿਚਲਾ ਪਾਣੀ ਕੱਢਣ ਦੀ ਕੋਸ਼ਸ਼ਿ ਕਰ ਰਹੇ ਹਨ ਪਰ ਉਸ ਸਮੇਂ ਅਸਫਲ ਹੋ ਜਾਂਦੇ ਹਨ, ਜਦੋਂ ਦੁਬਾਰਾ ਫਿਰ ਮੀਂਹ ਪੈ ਜਾਂਦਾ ਹੈ। ਵਿਰਕ ਕਲਾਂ ਦੇ ਹਰਪ੍ਰਰੀਤ ਸਿੰਘ ਨੇ ਦੱਸਿਆ ਕਿ ਕਣਕ ਦੇ ਨਾਲ਼ ਨਾਲ਼ ਉਨਾਂ੍ਹ ਦੀ ਸਰੋਂ ਦੀ ਕੱਟੀ ਅਤੇ ਪੱਕੀ ਫਸਲ ਵੀ ਖਰਾਬ ਹੋ ਗਈ ਹੈ। ਫਸਲਾਂ ਦੇ ਹੋਏ ਨੁਕਸਾਨ ਬਾਰੇ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਸੀ ਕਿ 10 ਅਪ੍ਰਰੈਲ ਤੱਕ ਖਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਮਿਲ ਜਾਵੇਗਾ ਪਰ ਖੇਤੀਬਾੜੀ ਮਹਿਕਮੇ ਦੇ ਅਧਿਕਾਰੀ ਪੀੜਤ ਕਿਸਾਨ ਦੀ ਬਾਂਹ ਨਹੀਂ ਫੜ ਰਹੇ। ਉਨਾਂ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਾਸੋਂ ਮੰਗ ਕੀਤੀ ਹੈ ਕਿ ਖਰਾਬ ਹੋਈਆਂ ਫ਼ਸਲਾਂ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਸਮਾਂ ਰਹਿੰਦੇ ਕਿਸਾਨਾਂ ਦੇ ਅੱਲੇ ਜ਼ਖਮਾਂ 'ਤੇ ਮੁਆਵਜਾ ਰੂਪੀ ਮੱਲਮ ਲਗਾਈ ਜਾਵੇ।
ਦਿਉਣ ਦੇ ਆਸ ਪਾਸ ਭਾਰੀ ਮੀਂਹ ਤੇ ਹਲਕੀ ਗੜੇਮਾਰੀ ਨਾਲ ਫਸਲਾਂ ਨੁਕਸਾਨੀਆਂ
Publish Date:Fri, 31 Mar 2023 06:25 PM (IST)
