ਜਸਪਾਲ ਸਿੰਘ ਿਢੱਲੋਂ, ਚਾਉਕੇ : ਵੀਰਵਾਰ ਨੂੰ ਆਏ ਤੇਜ਼ ਮੀਂਹ, ਝੱਖੜ ਅਤੇ ਗੜਿਆਂ ਦੀ ਮਾਰ ਨੇ ਜਿਥੇ ਮੂੰਗੀ ਤੇ ਮੱਕੀ ਦੀ ਫਸਲ ਦਾ ਨੁਕਸਾਨ ਕੀਤਾ ਹੈ, ਉਥੇ ਕਰਾੜਵਾਲਾ ਵਿਖੇ ਬੁਰਜ ਵਾਲੀ ਸੜਕ ਦੇ ਕਈ ਘਰਾਂ ਦਾ ਵੀ ਨੁਕਸਾਨ ਹੋਇਆ ਹੈੇ। ਇਸ ਤੋਂ ਇਲਾਵਾ ਸਬਜ਼ੀਆਂ ਦੀਆਂ ਫਸਲਾਂ ਵੀ ਇਨਾਂ੍ਹ ਤੇਜ਼ ਹਵਾਵਾਂ ਤੇ ਗੜਿਆਂ ਨਾਲ ਨੁਕਸਾਨੀਆਂ ਗਈਆਂ ਹਨ। ਕਰਾੜਵਾਲਾ ਦੇ ਕਿਸਾਨ ਜਗਰੂਪ ਸਿੰਘ, ਸਾਬਕਾ ਪੰਚ ਲਾਭ ਸਿੰਘ, ਡਾ. ਅਵਤਾਰ ਸਿੰਘ, ਸਤਿਨਾਮ ਸਿੰਘ ਤੇ ਮੱਖਣ ਸਿੰਘ ਨੇ ਦੱਸਿਆ ਕਿ ਅਚਾਨਕ ਹੀ ਆਏ ਮੀਂਹ, ਤੇਜ਼ ਝੱਖੜ ਤੇ ਗੜਿਆਂ ਨੇ ਕਈ ਘਰਾਂ ਦਾ ਕਾਫੀ ਜ਼ਿਆਦਾ ਨੁਕਸਾਨ ਕੀਤਾ। ਕਿਸਾਨ ਜਗਰੂਪ ਸਿੰਘ ਨੇ ਦੱਸਿਆ ਕਿ ਜਿਹੜੀ ਮੂੰਗੀ ਦੀ ਫਸਲ ਦੀਆਂ ਫਲੀਆਂ ਪੱਕ ਗਈਆਂ ਸਨ, ਉਨਾਂ੍ਹ ਨੂੰ ਗੜਿਆਂ ਨੇ ਝਾੜ ਦਿੱਤਾ ਹੈ, ਜਿਸ ਕਰਕੇ ਤੇਜ ਗੜਿਆਂ ਕਾਰਨ ਮੂੰਗੀ ਦੀਆਂ ਪੱਕੀਆਂ ਹੋਈਆਂ ਫਲੀਆਂ ਬੂਟਿਆਂ ਨਾਲੋ ਟੁੱਟ ਕੇ ਧਰਤੀ 'ਤੇ ਡਿੱਗ ਪਈਆਂ ਹਨ। ਕਿਸਾਨ ਲਾਭ ਸਿੰਘ ਅਤੇ ਅਵਤਾਰ ਸਿੰਘ ਨੇ ਦੱਸਿਆ ਕਿ ਜਿਹੜੀ ਪਿਛੇਤੀ ਮੂੰਗੀ ਦੀ ਫਸਲ ਨੂੰ ਅਜੇ ਕੋਹਰ (ਫਲ) ਪਿਆ ਸੀ, ਉਸਦਾ ਸਾਰਾ ਫਲ ਤੇਜ਼ ਹਵਾ ਨੇ ਝਾੜ ਦਿੱਤਾ। ਇਸ ਤੋਂ ਇਲਾਵਾ ਆਲੂਆਂ ਵਾਲੇ ਖੇਤਾਂ ਵਿਚ ਬੀਜੀ ਮੱਕੀ ਦੀ ਫਸਲ ਦੇ ਪੱਤੇ ਵੀ ਗੜਿਆਂ ਨਾਲ ਛੱਲਣੀ ਹੋ ਗਏ ਹਨ, ਜਿਸ ਨਾਲ ਜਿਥੇ ਮੂੰਗੀ ਅਤੇ ਮੱਕੀ ਦੀ ਫਸਲ ਦੇ ਝਾੜ 'ਤੇ ਅਸਰ ਪੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਉਥੇ ਆਲੂਆਂ ਤੋਂ ਬਾਅਦ ਜਿਹੜੇ ਖੇਤਾਂ ਵਿਚ ਸਬਜ਼ੀਆਂ ਦੀ ਖੇਤੀ ਕੀਤੀ ਗਈ, ਉਨਾਂ੍ਹ ਖੇਤਾਂ ਵਿਚ ਵੀ ਕਾਫੀ ਜਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਕਰਾੜਵਾਲਾ ਦੇ ਬੁਰਜ ਵਾਲੀ ਸੜ੍ਹਕ 'ਤੇ ਜਿਥੇ ਕਈ ਘਰਾਂ ਦੀ ਚਾਰਦਵਾਰੀ ਡਿੱਗ ਪਈ, ਉਥੇ ਪਿੰਡ ਨੂੰ ਬਿਜਲੀ ਸਪਲਾਈ ਦੇਣ ਲਈ ਲਾਏ ਗਏ ਪੋਲ ਵੀ ਘਰਾਂ ਵਿਚ ਡਿੱਗ ਪਏ ਅਤੇ ਕਈ ਘਰਾਂ ਦੇ ਪਸ਼ੂਆਂ ਲਈ ਪਾਏ ਸ਼ੈੱਡ ਵੀ ਤੇਜ਼ ਹਵਾ ਨੇ ਉਡਾ ਕੇ ਖੇਤਾਂ ਵਿਚ ਸੁੱਟ ਦਿੱਤੇ। ਇਸ ਤੋਂ ਇਲਾਵਾ ਖੇਤਾਂ ਵਿਚ ਲਾਏ ਬਹੁਤ ਸਾਰੇ ਦਰਖੱਤ ਵੀ ਤੇਜ਼ ਹਵਾ ਨਾਲ ਪੁੱਟੇ ਗਏ। ਇਸ ਨੁਕਸਾਨ ਨਾਲ ਭਾਵੇਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਤੋਂ ਬਿਨਾਂ ਬਹੁਤੇ ਘਰਾਂ ਦਾ ਆਰਥਿਕ ਨੁਕਸਾਨ ਜਰੂਰ ਹੋਇਆ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿਛਲੇ ਦਿਨੀਂ ਆਏ ਤੇਜ਼ ਝੱਖੜ, ਤੇਜ਼ ਮੀਂਹ ਅਤੇ ਗੜਿਆਂ ਕਾਰਨ ਹੋਏ ਫਸਲਾਂ ਅਤੇ ਘਰਾਂ ਦੇ ਨੁਕਸਾਨ ਦੀ ਗਿਰਦਾਵਰੀ ਕਰਵਾਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ।