ਹਰਭਜਨ ਸਿੰਘ ਖ਼ਾਲਸਾ, ਤਲਵੰਡੀ ਸਾਬੋ : ਖ਼ਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਿਛਲੇ ਚਾਰ ਦਿਨਾਂ ਤੋਂ ਚੱਲ ਰਿਹਾ ਜੋੜ ਮੇਲਾ ਅੱਜ ਗੁਰੂ ਕੀ ਲਾਡਲੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼ੋ੍ਮਣੀ ਪੰਥ ਅਕਾਲੀ ਬੁੱਢਾ ਦਲ (96ਵੇਂ ਕਰੋੜੀ) ਦੀ ਅਗਵਾਈ 'ਚ ਖ਼ਾਲਸਾਈ ਜਾਹੋ ਜਲਾਲ ਨਾਲ ਮਹੱਲਾ ਕੱਢਣ ਦੇ ਨਾਲ ਹੀ ਰਸਮੀ ਤੌਰ 'ਤੇ ਸੰਪੰਨ ਹੋ ਗਿਆ। ਸਭ ਤੋਂ ਪਹਿਲਾਂ ਬੁੱਢਾ ਦਲ ਦੇ ਮੁੱਖ ਅਸਥਾਨ ਗੁਰਦੁਆਰਾ ਬੇਰ ਸਾਹਿਬ ਦੇਗਸਰ ਸਾਹਿਬ ਵਿਖੇ ਪਿਛਲੇ ਦਿਨਾਂ ਤੋਂ ਪ੍ਰਕਾਸ਼ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਬੁੱਢਾ ਦਲ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਖ਼ਾਲਸਾਈ ਜਾਹੋ ਜਲਾਲ ਨਾਲ ਮਹੱਲਾ ਰਵਾਨਾ ਹੋਇਆ। ਤਖਤ ਸ੍ਰੀ ਦਮਦਮਾ ਸਾਹਿਬ 'ਤੇ ਮਹੱਲੇ ਦੇ ਨਤਮਸਤਕ ਹੋਣ ਉਪਰੰਤ ਅਗਲੇ ਪੜਾਅ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾ. ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰਰੀਤ ਸਿੰਘ ਨੇ ਰਵਾਨਾ ਕੀਤਾ। ਗੁਰਦੁਆਰਾ ਮਹੱਲਸਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਗੁਰੂ ਕੀਆਂ ਲਾਡਲੀਆਂ ਫੌਜਾਂ ਗੁਰਦੁਆਰਾ ਜੰਡਸਰ ਸਾਹਿਬ ਕੋਲ ਬਣੇ ਮੈਦਾਨ ਵਿਚ ਪੁੱਜੀਆਂ, ਜਿੱਥੇ ਉਨ੍ਹਾਂ ਨੇ ਜੰਗਜੂ ਘੋੜਸਵਾਰੀ ਦੇ ਹੈਰਤਅੰਗੇਜ਼ ਕਰਤੱਬ ਹਜ਼ਾਰਾਂ ਦੀ ਗਿਣਤੀ 'ਚ ਇਕੱਤਰ ਸੰਗਤਾਂ ਨੂੰ ਦਿਖਾਏ। ਖ਼ਾਲਸਾਈ ਯੁੱਧ ਦੀ ਪ੍ਰਤੀਕ ਖੇਡ ਗੱਤਕੇ ਦੇ ਜੌਹਰ ਵੀ ਨਿਹੰਗ ਸਿੰਘਾਂ ਨੇ ਦਿਖਾਏ। ਇਸ ਮੌਕੇ ਸੰਬੋਧਨ ਵਿਚ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਨੇ ਸੰਗਤਾਂ ਨੂੰ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ। ਦਲ ਪੰਥ ਬਿਧੀ ਚੰਦ ਦੇ ਬਾਬਾ ਅਵਤਾਰ ਸਿੰਘ ਨੇ ਖਾਲਸਾ ਸਾਜਨਾ ਦਿਵਸ ਮੌਕੇ ਸਜਾਏ ਜਾਂਦੇ ਮਹੱਲੇ ਨੂੰ ਪੁਰਾਤਨ ਸਿੱਖ ਰਵਾਇਤ ਅਨੁਸਾਰ ਦੱਸਦਿਆਂ ਸਭਨਾਂ ਨੂੰ ਵਧਾਈ ਦਿੱਤੀ। ਇਸ ਮੌਕੇ ਬਾਬਾ ਅਵਤਾਰ ਸਿੰਘ ਤੋਂ ਇਲਾਵਾ ਬਾਬਾ ਗੱਜਣ ਸਿੰਘ ਮੁਖੀ ਤਰਨਾ ਦਲ, ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਨਿਹਾਲ ਸਿੰਘ ਹਰੀਆਂਵੇਲਾਂ, ਬਾਬਾ ਮੇਜਰ ਸਿੰਘ ਦਸਮੇਸ਼ ਤਰਨਾ ਦਲ, ਬਾਬਾ ਲਾਲ ਸਿੰਘ ਮਾਲਵਾ ਤਰਨਾ ਦਲ, ਬਾਬਾ ਸ਼ਿੰਦਾ ਸਿੰਘ ਭਿੱਖੀਵਿੰਡ, ਬਾਬਾ ਜੋਗਾ ਸਿੰਘ ਕਰਨਾਲ, ਬਾਬਾ ਮਨਮੋਹਣ ਸਿੰਘ ਵਾਰਨ, ਬਾਬਾ ਤਿ੍ਲੋਕ ਸਿੰਘ ਖਿਆਲੇਵਾਲੇ, ਬਾਬਾ ਰਘੁਵੀਰ ਸਿੰਘ ਖਿਆਲੇਵਾਲੇ, ਬਾਬਾ ਬਲਦੇਵ ਸਿੰਘ ਬੱਲਾ, ਸਕੱਤਰ ਦਿਲਜੀਤ ਸਿੰਘ ਬੇਦੀ, ਜਗਸੀਰ ਸਿੰਘ ਮਾਂਗੇਆਣਾ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਜੱਸਾ ਸਿੰਘ, ਗਿਆਨੀ ਰਣ ਸਿੰਘ ਬੁੱਢਾ ਦਲ, ਸਰਵਣ ਸਿੰਘ ਮਝੈਲ, ਬਾਬਾ ਹਰਪ੍ਰਰੀਤ ਸਿੰਘ, ਬਾਬਾ ਰਣਯੋਧ ਸਿੰਘ, ਬਾਬਾ ਅਰਜਨਦੇਵ ਸਿੰਘ ਸ਼ਿਵਜੀ, ਬਾਬਾ ਗੁਰਪ੍ਰਰੀਤ ਸਿੰਘ, ਵਿਸ਼ਵਪ੍ਰਤਾਪ ਸਿੰਘ, ਗੁਰਮੁਖ ਸਿੰਘ, ਸੁਖਜੀਤ ਸਿੰਘ ਘਨੱਈਆ ਆਦਿ ਮੌਜੂਦ ਸਨ। ਸਟੇਜ ਦੀ ਕਾਰਵਾਈ ਭਾਈ ਸੁਖਮਿੰਦਰ ਸਿੰਘ ਮੋਰ ਨੇ ਬਾਖੂਬੀ ਨਿਭਾਈ।