ਪੰਜਾਬੀ ਜਾਗਰਣ ਪ੍ਰਤੀਨਿਧੀ, ਬਠਿੰਡਾ : ਕੋਰੋਨਾ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਪੰਜਾਬ 'ਚ ਦਿਨੋਂ-ਦਿਨ ਕੋਰੋਨਾ ਦੇ ਕੇਸ ਵਧਦੇ ਜਾ ਰਹੇ ਹਨ। ਦੇਸ਼ ਵਿਚ ਅੱਜ ਵੀ ਦੋ ਲੱਖ ਤੋਂ ਜ਼ਿਆਦਾ ਪਾਜ਼ੇਟਿਵ ਕੇਸ ਆਏ ਤੇ ਇਕ ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਬੀਬੀ ਹਰਸਿਮਰਤ ਕੌਰ ਬਾਦਲ ਵੀ ਕੋਰੋਨਾ ਦੀ ਲਪੇਟ ਆ ਗਈ ਹੈ। ਇਹ ਜਾਣਕਾਰੀ ਉਨ੍ਹਾਂ ਖ਼ੁਦ ਆਪਣੇ ਫੇਸਬੁੱਕ ਤੇ ਟਵਿੱਟਰ ਅਕਾਊਂਟ 'ਤੇ ਦਿੱਤੀ ਹੈ। ਉਨ੍ਹਾਂ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਹੈ ਕਿ ਉਨ੍ਹਾਂ ਦੇ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਬੀਤੇ ਕੁਝ ਦਿਨਾਂ 'ਚ ਆਪਣੇ ਸੰਪਰਕ ਆਏ ਲੋਕਾਂ ਨੂੰ ਵੀ ਟੈਸਟ ਕਰਵਾਉਣ ਤੇ ਕੁਆਰੰਟਾਈਨ ਹੋਣ ਦੀ ਅਪੀਲ ਕੀਤੀ ਹੈ।

ਬੀਬੀ ਬਾਦਲ ਨੇ ਟਵੀਟ 'ਚ ਲਿਖਿਆ ਹੈ- ਹਲਕੇ ਸੰਕੇਤਾਂ ਨਾਲ ਅੱਜ ਮੇਰੀ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਪੁਸ਼ਟੀ ਤੋਂ ਬਾਅਦ ਮੈਂ ਖ਼ੁਦ ਨੂੰ ਹੋਮ ਆਈਸੋਲੇਟ ਕਰ ਲਿਆ ਹੈ। ਇਸ ਤੋਂ ਇਲਾਵਾ ਸਾਰੀਆਂ ਲੋੜੀਆਂਦੀਆਂ ਸਾਵਧਾਨੀਆਂ ਵਰਤ ਰਹੀ ਹਾਂ। ਬੀਤੇ ਕੁਝ ਦਿਨਾਂ 'ਚ ਮੇਰੇ ਸੰਪਰਕ ਵਿਚ ਆਏ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਵੀ ਆਪਣਾ ਕੋਵਿਡ ਟੈਸਟ ਛੇਤੀ ਕਰਵਾਉਣ ਤੇ ਇਕਾਂਤਵਾਸ ਅਪਨਾਉਣ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਮੇਦਾਂਤਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

Posted By: Seema Anand