ਪੰਜਾਬੀ ਜਾਗਰਣ ਬਿਊਰੋ, ਬਠਿੰਡਾ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਸੂਬਾ ਆਫ਼ਤ ਰਾਹਤ ਫੰਡ ਤਹਿਤ ਕੇਂਦਰ ਕੋਲੋਂ ਲਏ 6 ਹਜ਼ਾਰ ਕਰੋੜ ਰੁਪਏ ਤੋਂ ਇਲਾਵਾ ਹੋਰਨਾਂ ਸਕੀਮਾਂ ਤਹਿਤ ਹਾਸਿਲ ਕੀਤੇ 5 ਹਜ਼ਾਰ ਕਰੋੜ ਰੁਪਏ ਦਾ ਇਸਤੇਮਾਲ ਕੋਵਿਡ-19 ਕਰਕੇ ਰੁਜ਼ਗਾਰ ਗੁਆ ਚੁੱਕੇ ਲੋਕਾਂ ਦੀ ਵਿੱਤੀ ਸਹਾਇਤਾ ਕਰਨ ਅਤੇ ਸੂਬੇ ਅੰਦਰ ਸਿਹਤ ਢਾਂਚੇ ਦੀ ਮਜ਼ਬੂਤੀ ਲਈ ਖਰਚ ਕਰੇ।

ਇੱਥੇ ਏਮਜ਼ ਨੂੰ ਇੱਕ ਆਧੁਨਿਕ ਸਹੂਲਤਾਂ ਵਾਲੀ ਐਂਬੂਲੈਂਸ ਸੌਪਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੋਵੇਂ ਹੀ ਇਹ ਸਵੀਕਾਰ ਕਰ ਚੁੱਕੇ ਹਨ ਕਿ ਕੇਂਦਰ ਕੋਲੋਂ ਫੰਡ ਹਾਸਿਲ ਕੀਤੇ ਜਾ ਚੁੱਕੇ ਹਨ।

ਉਹਨਾਂ ਕਿਹਾ ਕਿ ਜੇਕਰ ਇਹ ਮੁੱਦਾ ਨਹੀਂ ਹੈ ਤਾਂ ਫਿਰ ਇਹਨਾਂ ਫੰਡਾਂ ਨੂੰ ਲੋਕਾਂ ਦੀਆਂ ਤਕਲੀਫਾਂ ਦੂਰ ਕਰਨ ਲਈ ਖਰਚ ਕਿਉਂ ਨਹੀਂ ਕੀਤਾ ਜਾ ਰਿਹਾ ਹੈ? ਕਿਸਾਨਾਂ ਅਤੇ ਗਰੀਬਾਂ ਨੂੰ ਕੋਈ ਰਾਹਤ ਕਿਉਂ ਨਹੀਂ ਦਿੱਤੀ ਜਾ ਰਹੀ ਹੈ?ਸਿਹਤ ਕਾਮੇ ਕਿਉਂ ਇਹ ਸ਼ਿਕਾਇਤ ਕਰ ਰਹੇ ਹਨ ਕਿ ਉਹਨਾਂ ਕੋਲ ਪੀਪੀਈ ਕਿਟਾਂ ਨਹੀਂ ਹਨ? ਉਹਨਾਂ ਕਿਹਾ ਕਿ ਪੰਜਾਬ ਵਿਚ ਵਾਇਰਸ ਨਾਲ ਹੋ ਰਹੀਆਂ ਮੌਤਾਂ ਦੀ ਦਰ ਰਾਸ਼ਟਰੀ ਔਸਤ 3 ਫੀਸਦੀ ਤੋਂ ਕਿਤੇ ਵੱਧ 7 ਫੀਸਦੀ ਹੋਣ ਦੇ ਬਾਵਜੂਦ ਸਿਰਫ 6 ਹਜ਼ਾਰ ਟੈਸਟ ਕਿਉਂ ਕੀਤੇ ਗਏ ਹਨ?

ਪੰਜਾਬ ਸਰਕਾਰ ਨੂੰ ਆਪਣੇ ਯਤਨਾਂ ਵਿਚ ਤੇਜ਼ੀ ਲਿਆਉਣ ਲਈ ਆਖਦਿਆਂ ਬੀਬਾ ਬਾਦਲ ਨੇ ਕਿਹਾ ਕਿ ਲੋਕ ਪੁੱਛ ਰਹੇ ਹਨ ਕਿ ਕੇਂਦਰ ਦੁਆਰਾ ਦਿੱਤੇ ਜਾਣ ਵਾਲੇ 70 ਹਜ਼ਾਰ ਮੀਟ੍ਰਿਕ ਟਨ ਅਨਾਜ ਵਿਚੋਂ ਸੂਬਾ ਸਰਕਾਰ ਨੇ 40 ਹਜ਼ਾਰ ਮੀਟ੍ਰਿਕ ਟਨ ਅਨਾਜ ਹਾਸਿਲ ਕਰ ਲਿਆ ਹੈ, ਪਰ ਇਸ ਦੇ ਬਾਵਜੂਦ ਇਸ ਨੂੰ ਅੱਗੇ ਵੰਡਿਆਂ ਨਹੀਂ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਕੇਂਦਰੀ ਰਾਹਤ ਸਿਰਫ ਸੂਬੇ ਕੋਲ ਨਹੀਂ ਆ ਰਹੀ ਹੈ, ਸਗੋਂ ਸਿੱਧੀ ਲੋਕਾਂ ਕੋਲ ਵੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ 2000 ਰੁਪਏ ਪ੍ਰਤੀ ਪਰਿਵਾਰ ਸਿੱਧੀ ਨਗਦ ਅਦਾਇਗੀ ਦਿੱਤੀ ਜਾ ਚੁੱਕੀ ਹੈ ਅਤੇ ਜਨ ਧਨ ਯੋਜਨਾ ਤਹਿਤ ਇਸਤਰੀਆਂ ਨੂੰ 500 ਰੁਪਏ ਦਿੱਤੇ ਗਏ ਹਨ ਅਤੇ ਉੱਜਲਾ ਸਕੀਮ ਤਹਿਤ 780 ਰੁਪਏ ਪ੍ਰਤੀ ਇਸਤਰੀ ਦਿੱਤੇ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਜਦੋਂ ਕੇਂਦਰ ਸਰਕਾਰ ਇੰਨਾ ਕੁੱਝ ਕਰ ਰਹੀ ਹੈ ਤਾਂ ਸੂਬਾ ਸਰਕਾਰ ਵੱਲੋਂ ਵੀ ਇਹਨਾਂ ਔਖੇ ਸਮਿਆਂ ਵਿਚ ਆਪਣੇ ਲੋਕਾਂ ਨੂੰ ਕੁੱਝ ਰਾਹਤ ਦਿੱਤੀ ਜਾਣੀ ਚਾਹੀਦੀ ਹੈ।

ਮਹਾਂਰਾਸ਼ਟਰ ਵਿਚ ਨਾਂਦੇੜ ਵਿਖੇ ਫਸੇ ਸਿੱਖ ਸ਼ਰਧਾਲੂਆਂ ਬਾਰੇ ਬੋਲਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਉਹਨਾਂ ਨੇ 19 ਅਪ੍ਰੈਲ ਨੂੰ ਮਹਾਂਰਾਸ਼ਟਰ ਦੇ ਮੁੱਖ ਸਕੱਤਰ ਨਾਲ ਗੱਲ ਕੀਤੀ ਸੀ ਅਤੇ ਉਹਨਾਂ ਇਹ ਦੱਸਿਆ ਸੀ ਕਿ ਗ੍ਰਹਿ ਮੰਤਰਾਲੇ ਵੱਲੋਂ ਇਸ ਸੰਬੰਧੀ ਉਹਨਾਂ ਨੂੰ ਫੋਨ ਆ ਚੁੱਕਿਆ ਹੈ ਅਤੇ ਉਹ ਇਹਨਾਂ ਸ਼ਰਧਾਲੂਆਂ ਨੂੰ ਵਾਪਸ ਪੰਜਾਬ ਭੇਜਣ ਲਈ ਨਾਂਦੇੜ ਦੇ ਸਿਵਲ ਪ੍ਰਸਾਸ਼ਨ ਨੂੰ ਲੋੜੀਂਦੀ ਮਨਜ਼ੂਰੀ ਭੇਜ ਰਹੇ ਹਨ।

ਉਹਨਾਂ ਕਿਹਾ ਕਿ ਇਸ ਤੋਂ ਬਾਅਦ ਇਸ ਮਨਜ਼ੂਰੀ ਨੂੰ ਰੱਦ ਕਰ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ, ਜਿਸ ਮਗਰੋਂ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਮਾਮਲਾ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਊਧਵ ਠਾਕਰੇ ਕੋਲ ਉਠਾਇਆ। ਬੀਬਾ ਬਾਦਲ ਨੇ ਦੱਸਿਆ ਕਿ ਇਸ ਤੋਂ ਬਾਅਦ ਕੱਲ੍ਹ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਸਨ ਅਤੇ ਸ੍ਰੀ ਸ਼ਾਹ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਇਹਨਾਂ ਸ਼ਰਧਾਲੂਆਂ ਜਲਦੀ ਵਾਪਸੀ ਲਈ ਕਦਮ ਚੁੱਕਣ ਵਾਸਤੇ ਬੇਨਤੀ ਕੀਤੀ ਸੀ। ਇਸ ਤੋਂ ਬਾਅਦ ਗ੍ਰਹਿ ਸਕੱਤਰ ਨੇ ਮਹਾਂਰਾਸ਼ਟਰ ਦੇ ਮੁੱਖ ਸਕੱਤਰ ਨਾਲ ਗੱਲਬਾਤ ਕੀਤੀ।

ਉਹਨਾਂ ਕਿਹਾ ਕਿ ਹੁਣ ਸਾਰੀਆਂ ਮਨਜ਼ੂਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਅਕਾਲੀ ਦਲ ਨੇ ਇਹਨਾਂ ਸ਼ਰਧਾਲੂਆਂ ਨੂੰ ਲਿਆਉਣ ਲਈ ਬੱਸਾਂ ਦਾ ਵੀ ਪ੍ਰਬੰਧ ਕਰ ਲਿਆ ਹੈ। ਉਹਨਾਂ ਕਿਹਾ ਕਿ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦੀ ਹਾਂ ਇਹਨਾਂ ਸ਼ਰਧਾਲੂਆਂ ਨੂੰ ਜਲਦੀ ਵਾਪਸ ਲਿਆਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ।

ਇਸ ਤੋਂ ਪਹਿਲਾਂ ਬੀਬਾ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਏਮਜ਼, ਬਠਿੰਡਾ ਨੂੰ ਆਖਿਰ ਐਂਬੂਲੈਂਸ ਮਿਲ ਗਈ ਹੈ, ਜਿਸ ਵਾਸਤੇ ਉਹਨਾਂ ਪਿਛਲੇ ਸਾਲ ਦਸੰਬਰ ਵਿਚ ਆਪਣੇ ਸੰਸਦੀ ਕੋਟੇ ਵਿਚੋਂ ਪੈਸੇ ਦਿੱਤੇ ਸਨ। ਉਹਨਾਂ ਨੇ ਡਾਕਟਰਾਂ ਅਤੇ ਮਰੀਜ਼ਾਂ ਵਿਚ ਵੀਡਿਓ ਕਾਨਫਰੰਸਿੰਗ ਦੇ ਜ਼ਰੀਏ ਆਨਲਾਇਨ ਓਪੀਡੀ ਸ਼ੁਰੂ ਕਰਨ ਲਈ ਏਮਜ਼ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਏਮਜ਼ ਨੇ ਟੈਲੀ ਮੈਡੀਸਨ ਦੀ ਸੇਵਾ ਸ਼ੁਰੂ ਕੀਤੀ ਸੀ ਅਤੇ ਹੁਣ ਵੀਡਿਓ ਕਾਨਫਰੰਸਿੰਗ ਦੀ ਸਹੂਲਤ ਸ਼ੁਰੂ ਹੋਣ ਨਾਲ ਇਹਨਾਂ ਔਖੇ ਸਮਿਆਂ ਵਿਚ ਸਿਹਤ ਸਹੂਲਤਾਂ ਲੋਕਾਂ ਦੇ ਦਰਵਾਜ਼ੇ ਤੱਕ ਪੁੱਜਣ ਲੱਗ ਜਾਣਗੀਆਂ।

Posted By: Jagjit Singh