ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਬਾਇਓ-ਐਥੇਨੋਲ ਪਲਾਂਟ ਬਠਿੰਡਾ 'ਚ ਤੇਜ਼ੀ ਲਿਆਉਣ ਲਈ ਕਾਂਗਰਸ ਸਰਕਾਰ ਨੂੰ ਆਖਣ ਦੀ ਅਪੀਲ ਕੀਤੀ ਹੈ।

ਪੈਟਰੋਲੀਅਮ ਮੰਤਰੀ ਨੂੰ ਲਿਖੀ ਚਿੱਠੀ 'ਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹ ਨਿੱਜੀ ਦਖ਼ਲ ਦੇ ਕੇ ਪੰਜਾਬ ਸਰਕਾਰ ਨੂੰ ਪ੍ਰਸਤਾਵਿਤ ਬਾਇਓ-ਐਥੇਨੋਲ ਪਲਾਂਟ ਵਾਸਤੇ ਵਾਧੂ ਜ਼ਮੀਨ ਲੈਣ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਲਈ ਆਖਣ। ਇਸ ਪਲਾਂਟ ਨੂੰ ਐੱਚਪੀਸੀਐੱਲ-ਮਿੱਤਲ ਐਨਰਜੀ ਲਿਮਟਿਡ ਵੱਲੋਂ ਜ਼ਿਲ੍ਹੇ ਅੰਦਰ ਸਥਾਪਤ ਕੀਤਾ ਜਾ ਰਿਹਾ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਨੂੰ ਲਿਖੀ ਇਕ ਚਿੱਠੀ ਵਿਚ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਦੇ ਸੁਸਤ ਰਵੱਈਏ ਕਰ ਕੇ ਇਹ 600 ਕਰੋੜ ਰੁਪਏ ਦਾ ਪ੍ਰਾਜੈਕਟ ਪਿਛਲੇ ਤਿੰਨ ਸਾਲ ਤੋਂ ਲਟਕ ਰਿਹਾ ਹੈ।

ਬੀਬਾ ਬਾਦਲ ਨੇ ਕਿਹਾ ਕਿ ਇਹ ਪ੍ਰਾਜੈਕਟ ਪਰਾਲੀ ਨੂੰ ਟਿਕਾਣੇ ਲਾਉਣ ਅਤੇ ਪਰਾਲੀ ਸਾੜਨ ਕਾਰਨ ਹੁੰਦੇ ਪ੍ਰਦੂਸ਼ਣ ਨੂੰ ਖ਼ਤਮ ਕਰਨ ਦੇ ਮਸਲੇ ਨੂੰ ਹੱਲ ਕਰਨ ਲਈ ਤਿਆਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਦਾ ਸਿਰਫ਼ ਇਲਾਕੇ ਦੇ ਕਿਸਾਨਾਂ ਨੂੰ ਹੀ ਲਾਭ ਨਹੀਂ ਹੋਵੇਗਾ, ਜਦੋਂਕਿ ਇਸ ਨੂੰ ਪਰਾਲੀ ਵਾਸਤੇ ਇਕ ਤਿਆਰ ਮਾਰਕੀਟ ਮਿਲ ਜਾਵੇਗੀ। ਇਸ ਨਾਲ ਹਜ਼ਾਰਾਂ ਹੀ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।

ਉਨ੍ਹਾਂ ਕਿਹਾ ਕਿ ਪਲਾਂਟ ਰੋਜ਼ਾਨਾ 100 ਕਿਲੋਲੀਟਰ ਐਥੇਨੋਲ ਦਾ ਉਤਪਾਦਨ ਕਰੇਗਾ। ਇਸ ਤੋਂ ਇਲਾਵਾ ਬਾਇਓ-ਸੀਐੱਨਜੀ ਨੂੰ ਖਾਣਾ ਬਣਾਉਣ ਅਤੇ ਵਾਹਨਾਂ ਲਈ ਈਂਧਨ ਵਜੋਂ ਇਸਤੇਮਾਲ ਕੀਤਾ ਜਾ ਸਕੇਗਾ ਅਤੇ ਬਾਇਓ-ਫਰਟੀਲਾਈਜ਼ਰ ਨੂੰ ਮਿੱਟੀ ਨੂੰ ਪੌਸ਼ਟਿਕ ਬਣਾਉਣ ਵਾਲੇ ਤੱਤ ਵਜੋਂ ਇਸਤੇਮਾਲ ਕੀਤਾ ਜਾਵੇਗਾ।

ਬਾਇਓ-ਐਥੇਨੋਲ ਪਲਾਂਟ ਬਠਿੰਡਾ ਦੇ ਨਸੀਬਪੁਰਾ ਪਿੰਡ ਵਿਖੇ 40 ਏਕੜ ਵਿਚ ਸਥਾਪਤ ਕੀਤਾ ਜਾਣਾ ਹੈ, ਜੋ ਕਿ 400 ਟਨ ਝੋਨਾ ਪਰਾਲੀ ਦੀ ਪ੍ਰੋਸੈਸਿੰਗ ਕਰੇਗਾ ਪਰ ਤਿੰਨ ਸਾਲ ਬਾਅਦ ਵੀ ਅਜੇ ਤਕ ਇਹ ਪ੍ਰਾਜੈਕਟ ਸ਼ੁਰੂ ਨਹੀਂ ਹੋਇਆ ਹੈ। ਉਨ੍ਹਾਂ ਧਰਮਿੰਦਰ ਪ੍ਰਧਾਨ ਨੂੰ ਇਹ ਮਾਮਲਾ ਕਾਂਗਰਸ ਸਰਕਾਰ ਕੋਲ ਉਠਾਉਣ ਦੀ ਅਪੀਲ ਕੀਤੀ।