ਵੇਦ ਤਾਇਲ, ਭੀਖੀ : ਕਾਂਗਰਸ ਸਿੱਖ ਵਿਰੋਧੀ ਪਾਰਟੀ ਹੈ, ਜੋ ਕਿ '84 ਦੇ ਦਿੱਲੀ ਦੰਗਿਆਂ ਲਈ ਜ਼ਿੰਮੇਵਾਰ ਹੈ। ਭਾਜਪਾ ਨੇ ਦਿੱਲੀ ਦੰਗਿਆਂ ਦੇ ਦੋਸ਼ੀ ਨੂੰ ਜੇਲ੍ਹ ਭੇਜਿਆ ਹੈੇ, ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਯਤਨਾਂ ਸਦਕਾ '84 ਦੰਗਾਂ ਪੀੜਤਾਂ ਨੂੰ ਕੁਝ ਰਾਹਤ ਮਿਲੀ ਹੈ। ਕੇਂਦਰ ਸਰਕਾਰ ਵੱਲੋਂ ਐੱਸਆਈਟੀ ਦਾ ਗਠਨ ਕਰਨ ਕਾਰਨ ਹੀ ਮੱੁਖ ਦੋਸ਼ੀ ਜੇਲ੍ਹ ਦੀ ਹਵਾ ਖਾ ਰਿਹਾ ਹੈ। ਇਹ ਪ੍ਰਗਟਾਵਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਿੰਡ ਧਲੇਵਾਂ ਵਿਖੇ ਇੱਕ ਪਾਰਟੀ ਵਰਕਰ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਵਰਗੇ ਆਗੂ ਵੀ ਇਸ ਸਜ਼ਾ ਦੇ ਹੱਕਦਾਰ ਹਨ ਕਿਉਂਕਿ ਉਹ ਵੀ ਦਿੱਲੀ ਦੰਗਿਆਂ ਦੇ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਲੀਡਰਾਂ ਦੀ ਸ਼ਹਿ 'ਤੇ ਕਾਂਗਰਸੀ ਵਰਕਰਾਂ ਨੇ ਪੰਚਾਇਤੀ ਚੋਣਾਂ ਦੌਰਾਨ ਜਿੱਥੇ ਸ਼ਰੇਆਮ ਗੁੰਡਾਗਰਦੀ ਕੀਤੀ, ਉੱਥੇ ਬੂਥ ਕੈਪਚਰਿੰਗ ਅਤੇ ਕੁੱਟਮਾਰ ਵਰਗੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ। ਜਿਸ ਨੂੰ ਪੰਜਾਬ ਸਰਕਾਰ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ। ਇਸ ਗੱਲ ਤੋਂ ਸਿੱਧ ਹੁੰਦਾ ਹੈ ਕਿ ਪੰਜਾਬ ਅੰਦਰ ਅਮਨ-ਸ਼ਾਂਤੀ ਦਾ ਖ਼ਾਤਮਾ ਹੋ ਚੁੱਕਾ ਹੈ ਅਤੇ ਜੰਗਲ ਰਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਸਮੇਂ ਕਿਸਾਨਾਂ ਨੂੰ ਆਪਣੀ ਫਸਲ ਦਾ ਪੂਰਾ ਮੁੱਲ ਮਿਲਦਾ ਸੀ ਅਤੇ ਕਿਸਾਨ ਮੰਡੀਆਂ 'ਚ ਨਹੀਂ ਸੀ ਰੁਲਦੇ ਪਰ ਇਸ ਦੇ ਉਲਟ ਕਾਂਗਰਸ ਦੀ ਸਰਕਾਰ ਆਉਂਦਿਆਂ ਹੀ ਪੰਜਾਬ ਅੰਦਰ ਕਿਸਾਨਾਂ ਦਾ ਬੁਰਾ ਹਾਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਜਨਰਲ ਵਰਗ ਲਈ 10 ਫ਼ੀਸਦੀ ਰਾਖਵੇਂਕਰਨ ਦਾ ਬਿਲ ਪਾਸ ਕਰ ਕੇ ਵੀ ਇਕ ਇਤਿਹਾਸਕ ਕਦਮ ਚੁੱਕਿਆ ਹੈ। ਇਸ ਮੌਕੇ ਉਨ੍ਹਾਂ 8 ਪੰਚਾਇਤਾਂ ਨੂੰ ਕਰੀਬ 40 ਲੱਖ ਰੁਪਏ ਦੇ ਚੈੱਕ ਵੀ ਵੰਡੇ, ਜਿਨ੍ਹਾਂ 'ਚ ਧਲੇਵਾਂ ਨੂੰ 5 ਲੱਖ ਰੁਪਏ, ਮੋਹਰ ਸਿੰਘ ਵਾਲਾ ਨੂੰ 5 ਲੱਖ, ਜੱਸੜਵਾਲ ਨੂੰ 5 ਲੱਖ, ਅਤਲਾ ਖੁਰਦ ਨੂੰ 4 ਲੱਖ, ਹੋਡਲਾ ਕਲਾਂ ਨੂੰ 5 ਲੱਖ, ਖੀਵਾ ਦਿਆਲੂ ਵਾਲਾ ਨੂੰ 3 ਲੱਖ 67 ਹਜ਼ਾਰ, ਬੀਰ ਖੁਰਦ ਨੂੰ 5 ਲੱਖ ਅਤੇ ਭੀਖੀ ਲਈ ਸਾਢੇ 6 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਸਬੰਧਤ ਪੰਚਾਇਤਾਂ ਨੂੰ ਸੌਂਪੇ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ, ਆਈਟੀ ਵਿੰਗ ਦੇ ਪ੍ਰਧਾਨ ਕੁਲਸ਼ੇਰ ਸਿੰਘ ਰੂਬਲ, ਸਵਰਨ ਸਿੰਘ ਬੀਰ, ਕੌਂਸਲਰ ਸੁਖਦੀਪ ਸਿੰਘ, ਬਲਵਿੰਦਰ ਸ਼ਰਮਾ, ਬਲਜੀਤ ਸਿੰਘ ਅਤਲਾ ਆਦਿ ਹਾਜ਼ਰ ਸਨ।