ਪੱਤਰ ਪ੍ਰਰੇਰਕ, ਸੰਗਤ : ਗਲੋਬਲ ਹੈਂਡ ਵਾਸ਼ਿੰਗ ਡੇ ਮੌਕੇ ਸਿਵਲ ਸਰਜਨ ਬਠਿੰਡਾ ਡਾ. ਅਮਰੀਕ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਡਾ. ਸਰਬਜੀਤ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਸੀਐਚਸੀ ਸੰਗਤ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੱਦਾ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਸਕੂਲ ਇੰਚਾਰਜ ਕਰਮਜੀਤ ਕੌਰ ਵੱਲੋਂ ਕੀਤੀ ਗਈ। ਇਸ ਸੈਮੀਨਾਰ 'ਚ 450 ਤੋਂ ਜ਼ਿਆਦਾ ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਸੀਐੱਚਸੀ ਸੰਗਤ ਦੀ ਟੀਮ 'ਚ ਬਲਾਕ ਹੈਲਥ ਐਜੂਕੇਟਰ ਸਾਹਿਲ ਪੁਰੀ, ਹੈੱਲਥ ਸੁਪਰਵਾਈਜ਼ਰ ਓਮ ਪ੍ਰਕਾਸ਼, ਪਰਮਜੀਤ ਕੌਰ, ਹੈੱਲਥ ਵਰਕਰ ਕੰਵਲਜੀਤ ਕੌਰ ਅਤੇ ਅਮਨਦੀਪ ਸਿੰਘ ਨੇ ਸ਼ਿਰਕਤ ਕੀਤੀ। ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਬਲਾਕ ਹੈੱਲਥ ਐਜੂਕੇਟਰ ਸਾਹਿਲ ਪੁਰੀ ਨੇ ਵਿਦਿਆਰਥੀਆਂ ਨੂੰ ਹੱਥ ਧੋਣ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਵਿਸ਼ਵਵਿਆਪੀ ਪੱਧਰ 'ਤੇ ਮਨਾਏ ਜਾ ਰਹੇ ਦਿਵਸ ਮੌਕੇ ਹੱਥ ਧੋਣ ਦੀ ਮਹੱਤਤਾ ਨੂੰ ਸਮਝਦਿਆਂ ਹੱਥ ਧੋਣ ਦੇ ਵਿਗਿਆਨਕ ਢੰਗਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਕਿਉਂਕਿ ਹੱਥ ਜੇਕਰ ਸਾਫ ਨਾ ਹੋਣ ਤਾਂ ਕਈ ਬੀਮਾਰੀਆਂ ਨੂੰ ਦਾਅਵਤ ਮਿਲਦੀ ਹੈ। ਇਸ ਦੇ ਨਾਲ ਹੀ ਬੱਚਿਆਂ ਨੂੰ ਬਹੁਤ ਹੀ ਸੌਖੇ ਢੰਗ ਨਾਲ ਹੱਥ ਧੋਣ ਦੇ ਤਰੀਕੇ ਸਿਖਾਏ। ਇਸ ਤੋਂ ਇਲਾਵਾ ਬੱਚਿਆਂ ਨੂੰ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਬਾਰੇ ਵੀ ਕਿਹਾ ਗਿਆ। ਹੈੱਲਥ ਸੁਪਰਵਾਈਜ਼ਰ ਓਮ ਪ੍ਰਕਾਸ਼ ਤੇ ਪਰਮਜੀਤ ਕੌਰ ਨੇ ਕਿਹਾ ਕਿ ਸਿਹਤ ਪੱਖ ਨੂੰ ਵੇਖਦਿਆਂ ਹੱਥ ਧੋਣ ਦੇ ਵਿਗਿਆਨਕ ਤਰੀਕੇ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ। ਹੈੱਲਥ ਵਰਕਰ ਕੰਵਲਜੀਤ ਕੌਰ ਤੇ ਅਮਨਦੀਪ ਸਿੰਘ ਨੇ ਕਿਹਾ ਕਿ ਮੀਂਹ ਦੇ ਮੌਸਮ 'ਚ ਪਾਣੀ ਹਮੇਸ਼ਾ ਉਬਾਲ ਕੇ ਪੀਣਾ, ਖਾਣੇ ਨੂੰ ਢੱਕ ਕੇ ਰੱਖੋ, ਆਸ-ਪਾਸ ਦੀ ਸਫਾਈ ਰੱਖੋ, ਖਾਣ-ਪੀਣ ਵਾਲੀਆਂ ਚੀਜ਼ਾਂ ਹਮੇਸ਼ਾ ਧੋ ਕੇ ਖਾਣ, ਜ਼ਿਆਦਾ ਪੱਕੇ, ਗਲੇ ਸੜ੍ਹੇ ਫਲਾਂ ਦੀ ਵਰਤੋਂ ਨਾ ਕਰੋ। ਇਸ ਮੌਕੇ ਸਕੂਲ ਇੰਚਾਰਜ ਕਰਮਜੀਤ ਕੌਰ, ਕੇਵਲ ਸਿੰਘ, ਅਰੁਣ ਬਾਂਸਲ ਤੋਂ ਇਲਾਵਾ ਹੋਰ ਸਕੂਲ ਸਟਾਫ਼ ਹਾਜ਼ਰ ਸਨ।