ਹਰਭਜਨ ਸਿੰਘ ਖ਼ਾਲਸਾ, ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀ ਨੇ ’ਵਰਸਿਟੀ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਵਿਦਿਆਰਥੀਆਂ ਤੇ ਸਟਾਫ ਨੇ ਤੁਰੰਤ ਹਸਪਤਾਲ ਪਹੁੰਚਾਇਆ। ਉਸ ਦੇ ਮਾਮੂਲੀ ਸੱਟਾਂ ਲੱਗੀਆਂ ਹਨ।

ਵੀਡੀਓ ਵਾਇਰਲ ਹੋਣ ’ਤੇ ਮਾਮਲਾ ਪੁਲਿਸ ਤਕ ਪਹੁੰਚ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਦਿਆਰਥੀ ਨੇ ਛਾਲ ਮਾਰਨ ਤੋਂ ਪਹਿਲਾਂ ਇਕ ਸੁਸਾਈਡ ਨੋਟ ਵੀ ਲਿਖਿਆ ਸੀ, ਜਿਸ ’ਚ ਉਸ ਨੇ ’ਵਰਸਿਟੀ ਦੇ ਪ੍ਰਬੰਧਕਾਂ ’ਤੇ ਦੋਸ਼ ਲਾਏ ਹਨ। ਵਿਦਿਆਰਥੀ ਦੀ ਪਛਾਣ ਕੇਰਲ ਦੇ ਮਿਥਨ ਐੱਸ ਵਜੋਂ ਹੋਈ ਹੈ, ਜੋ ਕਿ ਖੇਤੀਬਾੜੀ ਵਿਭਾਗ ਦਾ ਵਿਦਿਆਰਥੀ ਹੈ।

ਵਿਦਿਆਰਥੀ ਨੇ ਛਾਲ ਮਾਰਨ ਤੋਂ ਪਹਿਲਾਂ ਲਿਖੇ ਨੋਟ ’ਚ ਮੈਨੇਜਮੈਂਟ ’ਤੇ ਗੰਭੀਰ ਦੋਸ਼ ਲਾਏ ਹਨ। ਉਸ ਨੇ ਲਿਖਿਆ ਹੈ ਕਿ ਉਹ ਆਪਣੀ ਮਾਂ ਦੇ ਨਾਲ ਰਹਿੰਦਾ ਹੈ, ਉਸ ਨੂੰ ਕਿਸੇ ਕਾਰਨ ਛੁੱਟੀਆਂ ਚਾਹੀਦੀਆਂ ਸਨ ਪਰ ਯੂਨੀਵਰਸਿਟੀ ਪ੍ਰਬੰਧਕਾਂ ਨੇ ਉਸ ਨੂੰ ਛੁੱਟੀਆਂ ਨਹੀਂ ਦਿੱਤੀਆਂ। ਵਿਦਿਆਰਥੀ ਨੇ ਦੋਸ਼ ਲਾਇਆ ਕਿ ਉਸ ਨੂੰ ਛੁੱਟੀ ਦੇਣ ਦੀ ਬਜਾਏ ਇਕ ਸਾਲ ਵਾਸਤੇ ਸਸਪੈਂਡ ਕਰ ਦਿੱਤਾ ਗਿਆ, ਜਿਸ ਕਾਰਨ ਉਸ ਦਾ ਭਵਿੱਖ ਖ਼ਰਾਬ ਹੋ ਗਿਆ ਹੈ। ਉਸ ਨੇ ਕਿਹਾ ਕਿ ਮੈਨੇਜਮੈਂਟ ਨੇ ਸਸਪੈਂਡ ਕਰਨ ਦਾ ਕਾਰਨ ਵੀ ਨਹੀਂ ਦੱਸਿਆ ਹੈ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਪਹਿਲਾਂ ਯੂਨੀਵਰਸਿਟੀ ’ਚ ਦੋ ਵਿਦਿਆਰਥੀ ਧਿਰਾਂ ’ਚ ਝਗੜਾ ਹੋ ਗਿਆ ਸੀ, ਜਿਸ ਨੂੰ ਲੈ ਕੇ ਯੂਨੀਵਰਸਿਟੀ ਪ੍ਰਬੰਧਕਾਂ ਨੇ 10 ਵਿਦਿਆਰਥੀਆਂ ਨੂੰ ਸਸਪੈਂਡ ਕਰ ਦਿੱਤਾ ਸੀ, ਜਿਨ੍ਹਾਂ ’ਚ ਮਿਥਨ ਐੱਸ ਦਾ ਨਾਂ ਵੀ ਸ਼ਾਮਲ ਸੀ।

’ਵਰਸਿਟੀ ਪ੍ਰਬੰਧਕਾਂ ’ਤੇ ਦਬਾਅ ਬਣਾਉਣ ਲਈ ਕੀਤਾ ਅਜਿਹਾ : ਔਲਖ

ਦੂਜੇ ਪਾਸੇ ਇਸ ਬਾਰੇ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਪੀਐਸ ਔਲਖ ਦਾ ਕਹਿਣਾ ਹੈ ਕਿ ਮਿਥਨ ਨੇ ਯੂਨੀਵਰਸਿਟੀ ਪ੍ਰਬੰਧਕਾਂ ’ਤੇ ਦਬਾਅ ਬਣਾਉਣ ਲਈ ਇਹ ਸਭ ਕੀਤਾ ਹੈ। ਜ਼ਮੀਨ ’ਤੇ ਗੱਦੇ ਰੱਖੇ ਗਏ ਸਨ, ਜਿਸ ਨਾਲ ਉਸ ਦੀ ਜਾਨ ਬਚ ਗਈ। ਫ਼ਿਲਹਾਲ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਇਸ ਬਾਰੇ ਉਸ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਵਿਦਿਆਰਥੀ ਖ਼ਿਲਾਫ਼ ਹੋ ਸਕਦੀ ਹੈ ਕਾਰਵਾਈ

ਇਸ ਮਾਮਲੇ ਬਾਰੇ ਥਾਣਾ ਤਲਵੰਡੀ ਸਾਬੋ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਿਦਿਆਰਥੀ ਦੇ ਬਿਆਨ ਦਰਜ ਕਰਨ ਗਈ ਸੀ ਪਰ ਹਸਪਤਾਲ ਗਿਆ ਹੋਇਆ ਸੀ। ਯੂਨੀਵਰਸਿਟੀ ਪ੍ਰਬੰਧਕਾਂ ਨਾਲ ਗੱਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਜੇਕਰ ਯੂਨੀਵਰਸਿਟੀ ਪ੍ਰਬੰਧਕ ਵਿਦਿਆਰਥੀ ਖ਼ਿਲਾਫ਼ ਕੋਈ ਲਿਖਤੀ ਪੱਤਰ ਦਿੰਦੇ ਹਨ ਤਾਂ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ।

Posted By: Jagjit Singh