ਗੁਰਤੇਜ ਸਿੰਘ ਸਿੱਧੂ, ਬਠਿੰਡਾ : ਅੱਜ-ਕੱਲ ਨੌਜਵਾਨ ਪੀੜ੍ਹੀ ਆਪਣੇ ਸ਼ੌਕ ਪੂਰੇ ਕਰਨ ਲਈ ਬੇਲੋੜੇ ਖਰਚ ਕਰ ਕੇ ਮਾਪਿਆਂ 'ਤੇ ਬੋਝ ਬਣ ਰਹੀ ਹੈ ਪਰ ਭਗਤਾ ਭਾਈਕਾ ਦਾ ਨੌਜਵਾਨ ਮਨਕੀਰਤ ਸਿੰਘ ਇਨ੍ਹਾਂ ਲਈ ਪ੍ਰੇਰਨਾ ਸਰੋਤ ਬਣ ਕੇ ਸਾਹਮਣੇ ਆਇਆ ਹੈ। ਉਕਤ ਨੌਜਵਾਨ ਨੇ ਪੁਰਾਤਨ ਢੰਗ ਨਾਲ ਦੀ ਬੀੜ ਸਾਹਿਬ ਲਿਖਣ ਦਾ ਬੀੜਾ ਚੁੱਕਿਆ ਹੈ। ਭਾਵੇਂ ਮੌਜੂਦਾ ਸਮੇਂ 'ਚ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਸਰੂਪ ਪਦਸ਼ੇਦ ਨਾਲ ਲਿਖੇ ਗਏ ਹਨ ਪਰ ਉਹ ਪੁਰਾਣੇ ਸਮੇਂ ਲਿਖੀ ਗਈ ਬੀੜ ਸਾਹਿਬ ਵਾਂਗ ਹੀ ਲੜੀਵਾਰ ਗੁਰਬਾਣੀ ਦੇ ਅੱਖਰ ਉਕਾਰ ਰਿਹਾ ਹੈ।

ਬੀੜ ਸਾਹਿਬ ਲਿਖਣ ਲਈ ਮਨਕੀਰਤ ਸਿੰਘ ਨੇ ਬਕਾਇਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮਨਜ਼ੂਰੀ ਲਈ ਹੈ। ਗਾਰਡਨ ਪਬਲਿਕ ਸਕੂਲ ਕਲਿਆਣ ਸੁੱਖਾ ਵਿਚ ਬਤੌਰ ਸੰਗੀਤ ਅਧਿਆਪਕ ਸੇਵਾਵਾਂ ਦੇ ਰਹੇ ਨੌਜਵਾਨ ਮਨਕੀਰਤ ਸਿੰਘ ਹਰ ਰੋਜ਼ ਛੇ ਘੰਟਿਆਂ ਵਿਚ ਦੋ ਅੰਗ ਲਿੱਖਦਾ ਹੈ।

ਬੀੜ ਸਾਹਿਬ ਲਿਖਣ ਲਈ ਸਕੂਲ ਪ੍ਰਬੰਧਕਾਂ ਨੇ ਵੀ ਉਸਨੂੰ ਫ੍ਰੀ ਕਰ ਦਿੱਤਾ ਹੈ। ਨੌਜਵਾਨ ਮਨਕੀਰਤ ਸਿੰਘ ਨੇ ਦੱਸਿਆ ਕਿ ਬੀੜ ਸਾਹਿਬ ਲਿਖਣ ਲਈ ਦਸ ਲੱਖ ਰੁਪਏ ਖਰਚਾ ਆਉਣ ਦਾ ਅਨੁਮਾਨ ਹੈ। ਉਸਨੇ ਦੱਸਿਆ ਕਿ ਬੀੜ ਸਾਹਿਬ ਦੀ ਜਿਲਦ ਸੋਨੇ ਦੀ ਬਣਾਈ ਜਾਵੇਗੀ।

ਸਿਆਹੀ 'ਚ ਪੈਂਦਾ ਹੈ ਸੋਨਾ

ਬੀੜ ਸਾਹਿਬ ਲਿਖਣ ਲਈ ਨੌਜਵਾਨ ਨੇ ਭਾਈ ਸਾਹਿਬ ਸਿੰਘ ਦੀ ਲਿਖਤ ਵਿਚੋਂ ਜਾਣਕਾਰੀ ਲੈ ਕੇ ਵਿਸ਼ੇਸ਼ ਕਿਸਮ ਦੀ ਸਿਆਹੀ ਤਿਆਰ ਕੀਤੀ ਹੈ। ਮਨਕੀਰਤ ਸਿੰਘ ਨੇ ਦੱਸਿਆ ਕਿ ਆਮ ਖੇਤਾਂ ਵਿਚ ਉਗਣ ਵਾਲੀ ਬੂਟੀ ਭਿੰਗਰਾਜ ਸਮੇਤ ਹੋਰ ਸਾਮਾਨ ਪਾ ਕੇ ਇਸ ਦੀ ਕਰੀਬ 20 ਦਿਨ ਰਗੜਾਈ ਕਰਨੀ ਪੈਂਦੀ ਹੈ। ਸਿਆਹੀ ਵਿਚ ਸੋਨਾ ਵੀ ਮਿਲਾਇਆ ਜਾਂਦਾ ਹੈ।

ਸੋਨਾ ਪਾਏ ਜਾਣ ਕਾਰਨ ਸਿਆਹੀ ਮਹਿੰਗੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਬੀੜ ਸਾਹਿਬ ਲਿਖਣ ਲਈ ਇਕੱਲੀ ਸਿਆਹੀ 'ਤੇ ਹੀ ਕਰੀਬ ਸਵਾ ਦੋ ਲੱਖ ਰੁਪਏ ਖਰਚ ਹੋਵੇਗਾ। ਉਸਨੇ ਦੱਸਿਆ ਕਿ ਬੀੜ ਸਾਹਿਬ ਲਿਖਣ ਸਮੇਂ ਬਕਾਇਦਾ ਪੰਨਾ ਨੰਬਰ ਦਾ ਖਿਆਲ ਰੱਖਿਆ ਜਾ ਰਿਹਾ ਹੈ। ਉਸਨੇ ਦੱਸਿਆ ਕਿ ਭਾਈ ਗੁਰਦਾਸ ਜੀ ਸਮੇਂ ਲਿਖੀ ਗਈ ਬੀੜ ਸਾਹਿਬ ਦੀ ਤਰਜ਼ 'ਤੇ ਹੀ ਉਕਤ ਬੀੜ ਸਾਹਿਬ ਲਿਖੀ ਜਾ ਰਹੀ ਹੈ।

ਜੀਵਨ ਸਾਥਣ ਨੇ ਕੀਤਾ ਉਤਸ਼ਾਹਿਤ

ਨੌਜਵਾਨ ਮਨਕੀਰਤ ਸਿੰਘ ਹਰ ਰੋਜ਼ ਛੇ ਘੰਟੇ ਬੀੜ ਸਾਹਿਬ ਲਿਖਣ ਲਈ ਲਾਉਂਦਾ ਹੈ। ਉਹ ਹਰ ਰੋਜ਼ ਦੋ ਅੰਗ ਲਿਖਦਾ ਹੈ। ਇਸ ਤਰ੍ਹਾਂ ਉਹ ਕਰੀਬ ਤਿੰਨ ਸਾਲ ਵਿਚ ਬੀੜ ਸਾਹਿਬ ਲਿਖਣ ਦਾ ਕੰਮ ਪੂਰਾ ਕਰ ਲਵੇਗਾ। ਉਸਨੇ ਦੱਸਿਆ ਕਿ ਉਹ ਹੁਣ ਤਕ ਜਪੁਜੀ ਸਾਹਿਬ ਦੀ ਬਾਣੀ ਲਿਖ ਚੁੱਕਾ ਹੈ। ਸੰਗੀਤ ਦੀ ਐੱਮਏ ਪਾਸ ਉਕਤ ਨੌਜਵਾਨ ਨੇ ਦੱਸਿਆ ਕਿ ਉਹ ਆਪ ਅੰਮਿ੍ਤਧਾਰੀ ਹੈ। ਇਸ ਉਪਰਾਲੇ ਲਈ ਉਸਦੀ ਜੀਵਨ ਸਾਥਣ ਨੇ ਉਤਸ਼ਾਹਿਤ ਕੀਤਾ।

ਨੌਜਵਾਨ ਮਨਕੀਰਤ ਸਿੰਘ ਨੇ ਦੱਸਿਆ ਕਿ ਭਾਵੇਂ ਉਹ ਆਪ ਲੋੜਵੰਦ ਪਰਿਵਾਰ ਵਿਚੋਂ ਹੈ ਪਰ ਉਹ ਬੀੜ ਸਾਹਿਬ ਲਿਖਣ ਲਈ ਖ਼ੁਦ ਖਰਚ ਕਰ ਰਿਹਾ ਹੈ। ਉਸਨੇ ਕਿਹਾ ਕਿ ਜੇਕਰ ਸਿੱਖ ਸੰਗਤ ਤੇ ਦਾਨੀ ਸੱਜਣ ਉਸਦੀ ਮਦਦ ਕਰਨ ਤਾਂ ਉਹ ਇਸ ਕੰਮ ਹੋਰ ਵੀ ਸੁਖਾਲਾ ਪੂਰਾ ਕਰ ਸਕਦਾ ਹੈ।