ਦੀਪਕ ਸ਼ਰਮਾ, ਬਠਿੰਡਾ : ਜੇਕਰ ਤੁਸੀਂ ਕਿਸੇ ਸ਼ੂਗਰ ਦੇ ਮਰੀਜ਼ ਨੂੰ ਸਿਵਲ ਹਸਪਤਾਲ ਬਠਿੰਡਾ ਦੇ ਐਮਰਜੈਂਸੀ ਵਿਭਾਗ 'ਚ ਲੈ ਕੇ ਜਾਣ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਕਤ ਵਿਭਾਗ ਵਿਚ ਮਰੀਜ਼ ਦੇ ਖੂਨ 'ਚੋਂ ਸ਼ੂਗਰ ਦਾ ਲੈਵਲ ਚੈੱਕ ਕਰਨ ਵਾਲਾ ਗੁਲੂਕੋ ਮੀਟਰ ਗਵਾਚਿਆ ਹੋਇਆ ਹੈ। ਉਕਤ ਮੀਟਰ ਨਾ ਹੋਣ ਕਾਰਨ ਡਾਕਟਰ ਨੂੰ ਮਰੀਜ਼ ਦਾ ਇਲਾਜ਼ ਸ਼ੁਰੂ ਕਰਨ ਲਈ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਖ਼ੂਨ ਵਿਚ ਸ਼ੂਗਰ ਦੀ ਮਾਤਰਾ ਦਾ ਪਤਾ ਨਾ ਹੋਣ ਕਾਰਨ ਇਹ ਪਤਾ ਨਹੀਂ ਲਾਇਆ ਜਾ ਸਕਦਾ ਕਿ ਉਕਤ ਮਰੀਜ਼ ਦੀ ਸ਼ੂਗਰ ਘਟੀ ਹੋਈ ਹੈ ਜਾਂ ਵਧੀ ਹੋਈ ਹੈ, ਜਿਸ ਕਾਰਨ ਤੁਹਾਡੇ ਮਰੀਜ਼ ਦੀ ਜਾਨ ਨੂੰ ਖਤਰਾ ਵੀ ਬਣ ਸਕਦਾ ਹੈ। ਜ਼ਿਕਰਯੋਗ ਹੈ ਕਿ ਐਮਰਜੈਂਸੀ ਵਿਭਾਗ ਦਾ ਗੁਲੂਕੋ ਮੀਟਰ ਪਿਛਲੇ ਇਕ ਹਫ਼ਤੇ ਤੋਂ ਗਾਇਬ ਹੈ। ਇਸੇ ਤਰ੍ਹਾਂ ਖੂਨ ਵਿਚੋਂ ਆਕਸੀਜਨ ਦੀ ਮਾਤਰਾ ਚੈੱਕ ਕਰਨ ਵਾਲੇ ਪਲਸਆਕਸੀ ਮੀਟਰ ਦੀ ਬੈਟਰੀ ਵੀ ਆਪਣੀ ਮਿਆਦ ਪੁਗਾ ਚੁੱਕੀ ਹੈ। ਐਤਵਾਰ ਨੂੰ ਇਸ ਤਰ੍ਹਾਂ ਦਾ ਇਕ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਰਾਮ ਪ੍ਰਸਾਦ ਵਾਸੀ ਸੰਜੇ ਨਗਰ ਆਪਣੇ ਪਿਤਾ ਬਾਬੂ ਲਾਲ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾਗ 'ਚ ਲੈ ਕੇ ਆਇਆ। ਰਾਮ ਪ੍ਰਸਾਦ ਦੇ ਪਿਤਾ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸਨ ਤੇ ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਸੀ। ਈਐੱਮਓ ਡਾਕਟਰ ਗੁਰਮੇਲ ਸਿੰਘ ਨੇ ਜਦ ਉਕਤ ਮਰੀਜ਼ ਦਾ ਸ਼ੂਗਰ ਲੈਵਲ ਚੈੱਕ ਕਰਨ ਲਈ ਸਟਾਫ ਕੋਲੋਂ ਗੁਲੂਕੋ ਮੀਟਰ ਮੰਗਿਆ ਤਾਂ ਡਿਊਟੀ 'ਤੇ ਮੌਜੂਦ ਸਟਾਫ ਦਾ ਕਹਿਣਾ ਸੀ ਕਿ ਗੁਲੂਕੋ ਮੀਟਰ ਇਕ ਹਫਤੇ ਤੋਂ ਗੁਆਚਿਆ ਹੋਇਆ ਹੈ। ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਉਕਤ ਮਰੀਜ਼ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਇਆਂ ਵਾਰਡ ਵਿਚੋਂ ਉਕਤ ਮੀਟਰ ਮੰਗਵਾ ਕੇ ਮਰੀਜ਼ ਦਾ ਇਲਾਜ ਸ਼ੁਰੂ ਕੀਤਾ ਗਿਆ। ਡਾਕਟਰ ਦਾ ਕਹਿਣਾ ਹੈ ਕਿ ਸਟਾਫ ਦੀ ਲਾਪ੍ਰਵਾਹੀ ਦਾ ਨਤੀਜਾ ਕਿਸੇ ਵੇਲੇ ਵੀ ਮਰੀਜ਼ ਨੂੰ ਭੁਗਤਣਾ ਪੈ ਸਕਦਾ ਹੈ ਅਤੇ ਡਾਕਟਰ ਨੂੰ ਵੀ ਇਲਾਜ ਸ਼ੁਰੂ ਕਰਨ ਵਿਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਆਕਸੀਜਨ ਦੀ ਮਾਤਰਾ ਚੈਕ ਕਰਨ ਵਾਲਾ ਪਲਸ ਆਕਸੀਮੀਟਰ ਬੈਟਰੀ ਖਤਮ ਹੋਣ ਕਾਰਨ ਕੰਮ ਨਹੀਂ ਕਰ ਰਿਹਾ ਹੈ। ਦੂਜੇ ਪਾਸੇ ਐਮਰਜੈਂਸੀ ਵਿਭਾਗ ਦੀ ਮੈਟਰਨ ਮਧੂਬਾਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਗੁਲੂਕੋ ਮੀਟਰ ਗੁਆਚਿਆ ਹੋਇਆ ਹੈ। ਸਟਾਫ ਨੂੰ ਜਲਦੀ ਹੀ ਨਵਾਂ ਮੀਟਰ ਉਪਲੱਬਧ ਕਰਵਾ ਦਿੱਤਾ ਜਾਵੇਗਾ। ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ, ਇਸ ਲਈ ਉਪਰੋਂ ਵਾਰਡ ਵਿਚੋਂ ਉਕਤ ਮੀਟਰ ਮੰਗਵਾ ਲਿਆ ਜਾਂਦਾ ਹੈ।