ਗੁਰਤੇਜ ਸਿੰਘ ਸਿੱਧੂ, ਬਠਿੰਡਾ : ਸਿੱਖਿਆ ਵਿਭਾਗ ਨੇ ਸੂਬੇ ਦੇ ਵਿਦਿਆਰਥੀਆਂ ਨੂੰ ਟੈਸਟਾਂ ਦੀ ਤਿਆਰੀ ਲਈ ਫੋਟੋ ਸਟੇਟ ਵਗੈਰਾ ਕਰਵਾਉਣ ਲਈ 39 ਲੱਖ 12 ਹਜ਼ਾਰ 145 ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ। ਸਿੱਖਿਆ ਵਿਭਾਗ ਵੱਲੋਂ ਪੰਜਵੀਂ, ਛੇਵੀਂ ਤੇ ਅੱਠਵੀ ਜਮਾਤ ਦੇ ਵਿਦਿਆਰਥੀਆਂ ਦੇ ਟੈਸਟ ਪੇਪਰਾਂ ਦੀ ਫੋਟੋ ਸਟੇਟ ਕਰਵਾਉਣ ਲਈ ਪ੍ਰਤੀ ਵਿਦਿਆਰਥੀ 5 ਰੁਪਏ ਦਿੱਤੇ ਗਏ ਹਨ।

ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਨੇ ਉਕਤ ਜਮਾਤਾਂ ਦੇ ਵਿਦਿਆਰਥੀਆਂ ਲਈ ਅਧਿਆਪਕਾਂ ਨੂੰ ਟੈਸਟ ਪੇਪਰਾਂ ਦੀਆਂ ਪੀਡੀਐੱਫ ਫ਼ਾਈਲਾਂ ਭੇਜੀਆਂ ਸਨ ਪਰ ਅਧਿਆਪਕ ਜਥੇਬੰਦੀ ਡੀਟੀਐੱਫ਼ ਇਸਦਾ ਸਖ਼ਤ ਵਿਰੋਧ ਕਰ ਰਹੀ ਸੀ।

ਅਧਿਆਪਕਾਂ ਦਾ ਕਹਿਣਾ ਸੀ ਪੀਡੀਐੱਫ਼ ਫਾਈਲਾਂ ਦੇ ਕਈ ਕਈ ਪੇਜਾਂ ਦੇ ਉਨ੍ਹਾਂ ਨੂੰ ਆਪਣੀ ਜੇਬ ਵਿਚੋਂ ਪੈਸੇ ਖਰਚ ਕਰ ਕੇ ਪ੍ਰਿੰਟ ਕਢਵਾਉਣੇ ਪੈਣਗੇ। ਇਸ ਮਾਮਲੇ ਨੂੰ ਲੈ ਕੇ ਬਠਿੰਡਾ ਆਏ ਸਿੱਖਿਆ ਵਿਭਾਗ ਦੇ ਸੈਕਟਰੀ ਕਿ੍ਸ਼ਨ ਕੁਮਾਰ ਦਾ ਅਧਿਆਪਕਾਂ ਨੇ ਸਖਤ ਵਿਰੋਧ ਕੀਤਾ ਸੀ। ਅਧਿਆਪਕਾਂ ਦੇ ਵਿਰੋਧ ਨੂੰ ਵੇਖਦਿਆਂ ਸਿੱਖਿਆ ਵਿਭਾਗ ਨੇ ਹੁਣ ਪ੍ਰਤੀ ਵਿਦਿਆਰਥੀ ਪੰਜ ਰੁਪਏ ਦੀ ਗ੍ਰਾਂਟ ਸਕੂਲ ਮੁਖੀਆਂ ਨੂੰ ਜਾਰੀ ਕਰ ਦਿੱਤੀ ਹੈ।

ਡੀਟੀਐੱਫ਼ ਦੀ ਸੂਬਾ ਕਮੇਟੀ ਮੈਂਬਰ ਨਵਚਰਨਪ੍ਰੀਤ ਕੌਰ ਤੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਖੇਮੂਆਣਾ ਨੇ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਉਕਤ ਗ੍ਰਾਂਟ ਨੂੰ ਨਿਗੁਣੀ ਦੱਸਦਿਆਂ ਕਿਹਾ ਕਿ ਵਿਭਾਗ ਵੱਲੋਂ ਭੇਜੀਆਂ ਪੀਡੀਐੱਫ਼ ਫ਼ਾਈਲਾਂ ਦੇ ਕਈ ਕਈ ਪਿ੍ਰੰਟ ਕਢਵਾਉਣੇ ਪੈਣਗੇ। ਇਸ ਲਈ ਪੰਜ ਰੁਪਏ ਪ੍ਰਤੀ ਵਿਦਿਆਰਥੀ ਗ੍ਰਾਂਟ ਦੇਣਾ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਧਿਆਪਕਾਂ ਨੂੰ ਗੈਰ ਜ਼ਰੂਰੀ ਕੰਮਾਂ ਵਿਚ ਹੀ ਲਾਇਆ ਗਿਆ ਸੀ ਪਰ ਹੁਣ ਅਧਿਆਪਕਾ 'ਤੇ ਆਰਥਿਕ ਬੋਝ ਵੀ ਪਾਇਆ ਜਾ ਰਿਹਾ ਹੈ।

7.82 ਲੱਖ ਵਿਦਿਆਰਥੀਆਂ ਲਈ 39.12 ਲੱਖ ਦੀ ਗ੍ਰਾਂਟ ਜਾਰੀ

ਸਿੱਖਿਆ ਵਿਭਾਗ ਨੇ ਪੰਜਵੀਂ, ਛੇਵੀਂ ਤੇ ਅੱਠਵੀਂ ਜਮਾਤ ਦੇ ਕੁੱਲ 7 ਲੱਖ 82 ਹਜ਼ਾਰ 022 ਵਿਦਿਆਰਥੀਆਂ ਲਈ 39 ਲੱਖ 12 ਹਜ਼ਾਰ 145 ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ। ਸੂਬੇ ਦੇ ਸਰਕਾਰੀ ਸਕੂਲਾਂ ਵਿਚ ਪੰਜਵੀਂ ਜਮਾਤ ਦੇ 1 ਲੱਖ 89 ਹਜ਼ਾਰ 407 ਵਿਦਿਆਰਥੀ, ਜਦੋਂ ਕਿ ਛੇਵੀਂ ਤੇ ਅੱਠਵੀਂ ਜਮਾਤ ਵਿਚ 5 ਲੱਖ 93 ਹਜ਼ਾਰ 22 ਵਿਦਿਆਰਥੀ ਪੜ੍ਹਾਈ ਕਰ ਰਹੇ ਹਨ।

ਬਠਿੰਡਾ ਜ਼ਿਲ੍ਹੇ ਵਿਚ ਉਕਤ ਤਿੰਨਾਂ ਜਮਾਤਾਂ ਵਿਚ ਪੜ੍ਹਾਈ ਕਰ ਰਹੇ 42 ਹਜ਼ਾਰ 775 ਵਿਦਿਆਰਥੀਆਂ ਲਈ 2 ਲੱਖ 13 ਹਜ਼ਾਰ 875 ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਡਾਇਰੈਕਟਰ ਐੱਸਸੀਈਆਰਟੀ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਉਕਤ ਗ੍ਰਾਂਟ ਨੂੰ ਸਕੂਲ ਮੁਖੀਆਂ ਤਕ ਪੁੱਜਦਾ ਕਰ ਕੇ ਨਿਯਮਾਂ ਅਨੁਸਾਰ ਇਸ ਦੀ ਵਰਤੋਂ ਯਕੀਨੀ ਬਣਾਉਣ।

ਜ਼ਿਲ੍ਹਾ-ਵਿਦਿਆਰਥੀ-ਗ੍ਰਾਂਟ

ਬਠਿੰਡਾ-42,775-2,13,875

ਬਰਨਾਲਾ-16,920-84,600

ਫ਼ਰੀਦਕੋਟ-20,563-1,02,815

ਫ਼ਤਿਹਗੜ੍ਹ-15,974-79,870

ਫ਼ਾਜ਼ਿਲਕਾ-44,367-2,21,835

ਫਿਰੋਜ਼ਪੁਰ-33,232-1,66,160

ਗੁਰਦਾਸਪੁਰ-43,873-2,19,365

ਹੁਸ਼ਿਆਪੁਰ-42,378-2,11,890

ਜਲੰਧਰ-49,504-2,47,520

ਕਪੂਰਥਲਾ-20,291-1,01,455

ਲੁਧਿਆਣਾ-78,769-3,93,845

ਮਾਨਸਾ-27,745-1,38,725

ਮੋਗਾ-31,135-1,55,675

ਮੁਕਤਸਰ-34,118-1,70,590

ਪਠਾਨਕੋਟ-15,184-75,920

ਪਟਿਆਲਾ-55,609-2,78,045

ਰੂਪਨਗਰ-19,000-95,000

ਸੰਗਰੂਰ-45,258-2,26,290

ਤਰਨਤਾਰਨ-37,780-1,88,900

ਐੱਸਬੀਐੱਸ ਨਗਰ-16,515-82,575

ਐੱਸਏਐੱਸ ਨਗਰ-26,471-1,32,355

ਕੁੱਲ ਵਿਦਿਆਰਥੀ-7,82,429

ਕੁੱਲ ਗ੍ਰਾਂਟ-39,12,145