ਦੀਪਕ ਸ਼ਰਮਾ, ਬਠਿੰਡਾ : ਐਤਵਾਰ ਦੇਰ ਰਾਤ ਗੋਨਿਆਣਾ ਮੰਡੀ ਵਿਚ ਟਰੱਕ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਲੜਕੀ ਦੀ ਮੌਤ ਹੋਣ ਦੀ ਸੂਚਨਾ ਪ੍ਰਰਾਪਤ ਹੋਈ ਹੈ। ਉਸ ਨੇ ਐੱਮਏ, ਬੀਐੱਡ ਕੀਤੀ ਹੋਈ ਸੀ ਤੇ ਪੰਜਾਬ ਪੁਲਿਸ ਵਿਚ ਸਬ-ਇੰਸਪੈਕਟਰ ਭਰਤੀ ਲਈ ਇਮਤਿਹਾਨ ਦਿੱਤੇ ਹੋਏ ਸਨ।

ਜਾਣਕਾਰੀ ਅਨੁਸਾਰ ਰਵਿੰਦਰ ਕੌਰ (24 ਸਾਲ) ਪੁੱਤਰੀ ਕਸ਼ਮੀਰਾ ਸਿੰਘ ਵਾਸੀ ਨੇਹੀਆਂ ਵਾਲਾ ਆਪਣੇ ਭਰਾ ਨਾਲ ਮੋਟਰਸਾਈਕਲ 'ਤੇ ਗੋਨਿਆਣਾ ਮੰਡੀ ਤੋਂ ਆਪਣੇ ਪਿੰਡ ਨੂੰ ਵਾਪਸ ਜਾ ਰਹੀ ਸੀ। ਇਸ ਦੌਰਾਨ ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਕੁੜੀ ਗੰਭੀਰ ਜ਼ਖ਼ਮੀ ਹੋ ਗਈ। ਮੌਕੇ 'ਤੇ ਲੋਕਾਂ ਨੇ ਜ਼ਖ਼ਮੀ ਨੂੰ ਗੋਨਿਆਣਾ ਮੰਡੀ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿੱਥੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਉਸ ਨੇ ਦਮ ਤੋੜ ਦਿੱਤਾ। ਇਸ ਸਬੰਧੀ ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।