ਸੁਖਜਿੰਦਰ ਰੋਮਾਣਾ, ਸੰਗਤ ਮੰਡੀ : ਸੰਗਤ ਬਲਾਕ ਦੇ ਪਿੰਡ ਗਹਿਰੀ ਬੁੱਟਰ ਦੀ ਸਰਪੰਚੀ ਦਾ ਮਾਮਲਾ ਜੋ ਕਿ ਐੱਸਡੀਐੱਮ ਬਠਿੰਡਾ ਦੀ ਚੋਣ ਟਿ੍ਬਿਊਨਲ ਵਿਚ ਚੱਲ ਰਿਹਾ ਸੀ, ਦੇ ਫੈਸਲੇ ਵਿਚ ਐੱਸਡੀਐੱਮ ਅਮਰਿੰਦਰ ਸਿੰਘ ਟਿਵਾਣਾ ਨੇ ਪਿੰਡ ਦੀ ਮੌਜ਼ੂਦਾ ਸਰਪੰਚ ਪਰਮਜੀਤ ਕੌਰ ਨੂੰ ਤੁਰੰਤ ਸਰਪੰਚ ਦੇ ਅਹੁਦੇ ਤੋਂ ਬਰਖਾਸਤ ਕਰਕੇ ਦੁਬਾਰਾ ਨਵੇਂ ਸਿਰੇ ਤੋਂ ਚੋਣ ਕਰਵਾਉਣ ਦਾ ਫੈਸਲਾ ਸੁਣਾ ਦਿੱਤਾ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਪੰਚਾਇਤੀ ਚੋਣਾਂ ਸਮੇਂ ਮਨਪ੍ਰਰੀਤ ਕੌਰ ਪਤਨੀ ਨਿਰਮਲ ਸਿੰਘ ਖਾਲਸਾ ਤੇ ਕਰਮਜੀਤ ਕੌਰ ਪਤਨੀ ਗੁਰਪ੍ਰਰੀਤ ਸਿੰਘ ਵਿਚਕਾਰ ਮੁਕਾਬਲਾ ਹੋਣਾ ਸੀ। ਹਰਪ੍ਰਰੀਤ ਕੌਰ ਵੱਲੋਂ ਕਵਰਿੰਗ ਉਮੀਦਵਾਰ ਦੇ ਤੌਰ 'ਤੇ ਆਪਣੀ ਸੱਸ ਮੁਖਤਿਆਰ ਕੌਰ ਪਤਨੀ ਮਿੱਠੂ ਸਿੰਘ ਦੇ ਨਾਮਜ਼ਦਗੀ ਪੇਪਰ ਦਾਖਲ ਕੀਤੇ ਗਏ ਸਨ ਪ੍ਰੰਤੂ ਚੋਣ ਅਧਿਕਾਰੀ ਵੱਲੋਂ ਇਹ ਕਹਿ ਕੇ ਉਨ੍ਹਾਂ ਦੋਵਾਂ ਦੇ ਨਾਮਜ਼ਦਗੀ ਕਾਗਜ਼ ਰੱਦ ਕਰ ਦਿੱਤੇ ਗਏ ਕਿ ਦੋਹਾਂ ਉਮੀਦਵਾਰਾਂ ਨੇ ਕਾਗਜ ਭਰਨ ਸਮੇਂ ਇਕ ਦੂਜੇ ਨੂੰ ਤਾਇਦ ਕੀਤਾ ਹੈ, ਜਦਕਿ ਮਨਪ੍ਰਰੀਤ ਕੌਰ ਵੱਲੋਂ ਆਪਣੇ ਨਾਮਜ਼ਦਗੀ ਪੇਪਰ ਪਹਿਲਾਂ ਹੀ ਭਰ ਦਿੱਤੇ ਗਏ ਸਨ। ਮਨਪ੍ਰਰੀਤ ਕੌਰ ਦੇ ਕਾਗਜ ਰੱਦ ਹੋਣ ਤੋਂ ਬਾਅਦ ਉਸ ਦੀ ਵਿਰੋਧੀ ਉਮੀਦਵਾਰ ਕਰਮਜੀਤ ਕੌਰ ਬਿਨਾਂ ਚੋਣ ਲੜੇ ਹੀ ਪਿੰਡ ਦੀ ਸਰਪੰਚ ਬਣ ਗਈ ਸੀ, ਇਸ 'ਤੇ ਮਨਪ੍ਰਰੀਤ ਕੌਰ ਵੱਲੋਂ ਬਠਿੰਡਾ ਦੇ ਐੱਸਡੀਐੱਮ ਕੋਰਟ ਕਮ ਚੋਣ ਟਿ੍ਬਿਊਨਲ ਵਿਚ ਸਰਪੰਚ ਦੀ ਇਸ ਚੋਣ ਨੂੰ ਚੁਣੌਤੀ ਦਿੱਤੀ ਸੀ, ਜਿਸ ਦੇ ਸਬੰਧੀ ਬਠਿੰਡਾ ਦੇ ਐੱਸਡੀਐੱਮ ਅਤੇ ਟਿ੍ਬਿਊਨਲ ਦੇ ਜੱਜ ਕੈਪਟਨ ਅਮਰਿੰਦਰ ਸਿੰਘ ਟਿਵਾਣਾ ਵੱਲੋਂ ਆਪਣਾ ਫੈਸਲਾ ਸੁਣਾਉਂਦਿਆਂ ਉਸ ਸਮੇਂ ਦੇ ਚੋਣ ਅਧਿਕਾਰੀ ਦੇ ਨਾਮਜ਼ਦਗੀ ਪੇਪਰ ਰੱਦ ਕਰਨ ਦੇ ਫੈਸਲੇ ਨੂੰ ਗਲਤ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਤਰ੍ਹਾਂ ਕਿਸੇ ਵੀ ਕੀਮਤ 'ਤੇ ਕਾਗਜ਼ ਰੱਦ ਕਰਨ ਦੀ ਲੋੜ ਨਹੀਂ ਸੀ। ਉਨ੍ਹਾਂ ਨੇ ਆਪਣੇ ਫੈਸਲੇ 'ਚ ਬਿਨਾਂ ਚੋਣ ਲੜੇ ਸਰਪੰਚ ਬਣੀ ਪਰਮਜੀਤ ਕੌਰ ਨੂੰ ਤੁਰੰਤ ਆਪਣੇ ਅਹੁਦੇ ਤੋਂ ਬਰਖਾਸਤ ਕਰਨ ਉਪਰੰਤ ਦੁਬਾਰਾ ਨਵੇਂ ਸਿਰੇ ਤੋਂ ਪਿੰਡ ਗਹਿਰੀ ਬੁੱਟਰ ਦੀ ਸਰਪੰਚੀ ਦੀ ਚੋਣ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਤਹਿਤ ਸਰਪੰਚੀ ਦੀ ਚੋਣ ਪਰਮਜੀਤ ਕੌਰ ਤੇ ਮਨਪ੍ਰਰੀਤ ਕੌਰ ਵਿਚਕਾਰ ਹੀ ਦੁਬਾਰਾ ਲੜੀ ਜਾਵੇਗੀ। ਇਸ ਸਬੰਧੀ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਗੁਰਦੇਵ ਸਿੰਘ ਸੋਹੀ ਨੇ ਦੱਸਿਆ ਕਿ ਪਰਮਜੀਤ ਕੌਰ ਸਰਪੰਚ ਪਿੰਡ ਗਹਿਰੀ ਬੁੱਟਰ ਨੂੰ ਉਨ੍ਹਾਂ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਐੱਸਡੀਐੱਮ ਟਿ੍ਬਿਊਨਲ ਦੇ ਫ਼ੈਸਲੇ ਤੋਂ ਬਾਅਦ ਵਿਰੋਧੀ ਧੜੇ 'ਚ ਖੁਸ਼ੀ ਦੀ ਲਹਿਰ ਹੈ।

ਇਸ ਸਬੰਧੀ ਮਨਪ੍ਰਰੀਤ ਕੌਰ ਦੇ ਪਤੀ ਨਿਰਮਲ ਸਿੰਘ ਖਾਲਸਾ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤ ਤੋਂ ਪੂਰਨ ਇਨਸਾਫ ਮਿਲਿਆ ਹੈ ਅਤੇ ਹੁਣ ਦੂਜਾ ਫੈਸਲਾ ਪਿੰਡ ਦੇ ਵੋਟਰ ਕਰਨਗੇ।

ਇਸ ਸਬੰਧੀ ਮੌਜੂਦਾ ਸਰਪੰਚ ਪਰਮਜੀਤ ਕੌਰ ਦੇ ਪਤੀ ਗੁਰਪ੍ਰਰੀਤ ਸਿੰਘ ਨੇ ਦੱਸਿਆ ਕਿ ਅਸੀਂ ਇਸ ਫੈਸਲੇ ਨੂੰ ਹਾਈਕੋਰਟ 'ਚ ਚੁਣੌਤੀ ਦੇਣ ਜਾ ਰਹੇ ਹਾਂ ਅਤੇ ਉਮੀਦ ਹੈ ਕਿ ਕੁਝ ਦਿਨਾਂ ਵਿਚ ਹੀ ਹਾਈਕੋਰਟ ਇਸ ਫੈਸਲੇ ਉੱਤੇ ਰੋਕ ਲਾ ਸਕਦੀ ਹੈ