ਗੁਰਤੇਜ ਸਿੰਘ ਸਿੱਧੂ, ਬਠਿੰਡਾ : ਇੱਥੋਂ ਦੀ ਕੇਂਦਰੀ ਜੇਲ੍ਹ ਵਿਚ ਬੰਦ ਦੋ ਖਤਰਨਾਕ ਗੈਂਗਸਟਰਾਂ ਨੇ ਜਿੱਥੇ ਭੱਜਣ ਦੀ ਕੋਸ਼ਿਸ਼ ਕੀਤੀ ਉਥੇ ਜੇਲ੍ਹ ਵਾਰਡਨ ਦੀ ਕੁੱਟਮਾਰ ਕੀਤੀ। ਇਨ੍ਹਾਂ ’ਤੇ ਜੇਲ੍ਹ ਦੇ ਅਫ਼ਸਰਾਂ ਨਾਲ ਧੱਕਾਮੁੱਕੀ ਕਰ ਕੇ ਭੱਜਣ ਦਾ ਯਤਨ ਕੀਤਾ। ਇਸੇ ਜੇਲ੍ਹ ਵਿਚ 50 ਦੇ ਕਰੀਬ ਗੈਂਗਸਟਰ ਹਾਈ ਸਕਿਓਰਟੀ ਸੈੱਲ ਵਿਚ ਬੰਦ ਕੀਤੇ ਹੋਏ ਹਨ। ਦੋਵਾਂ ਗੈਂਗਸਟਰਾਂ ਦੀ ਪਛਾਣ ਰਾਜਬੀਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਨਾਥਪੁਰਾ ਜ਼ਿਲ੍ਹਾ ਗੁਰਦਾਸਪੁਰ ਤੇ ਨਸ਼ਾ ਤਸਕਰੀ ਦੇ ਦੋਸ਼ ਵਿਚ ਬੰਦ ਤਸਕਰ ਗੁਰਦੀਪ ਸਿੰਘ ਰਾਣੋ ਪੁੱਤਰ ਜਸਬੀਰ ਸਿੰਘ ਵਾਸੀ ਰਾਣੋ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਯਾਦ ਰਹੇ ਗੈਂਗਸਟਰ ਰਾਜਬੀਰ ਨਾਥਪੁਰ ਕੋਲੋਂ ਮੋਬਾਈਲ ਫੋਨ ਤੇ ਪੰਜ ਸਿਮ ਕਾਰਡ ਮਿਲੇ ਸਨ।

ਹੁਣ ਭੱਜਣ ਦੇ ਯਤਨ ਕਰਨ ਬਾਰੇ ਪਤਾ ਲੱਗਣ ’ਤੇ ਜੇਲ੍ਹ ਅਧਿਕਾਰੀ ਮੌਕੇ ’ਤੇ ਪੁੱਜੇ ਤਾਂ ਦੋਵਾਂ ਗੈਂਗਸਟਰਾਂ ਨੇ ਧੱਕਾਮੁੱਕੀ ਕੀਤੀ। ਇਸ ਤੋਂ ਬਾਅਦ ਜੇਲ੍ਹ ਪੁਲਿਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਕਰਮਜੀਤ ਸਿੰਘ ਪੁਲਿਸ ਫੋਰਸ ਸਮੇਤ ਜੇਲ੍ਹ ਅੰਦਰ ਪੁੱਜੇ ਤੇ ਦੋਵਾਂ ਨੂੰ ਹਾਈ ਸਕਿਓਰਟੀ ਸੈੱਲ ਵਿਚ ਬੰਦ ਕੀਤਾ। ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਗੌਰਵਦੀਪ ਸਿੰਘ ਨੇ ਥਾਣਾ ਕੈਂਟ ਦੀ ਪੁਲਿਸ ਨੂੰ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਉਹ ਹੋਰਨਾਂ ਜੇਲ੍ਹ ਅਧਿਕਾਰੀਆਂ ਸਮੇਤ ਕੈਦੀਆਂ ਤੇ ਹਵਾਲਾਤੀਆਂ ਦੀ ਬੰਦੀ ਕਰ ਰਹੇ ਸਨ। ਇਸ ਦੌਰਾਨ ਗੈਂਗਸਟਰ ਰਾਜਬੀਰ ਸਿੰਘ ਨਾਥਪੁਰ ਤੇ ਗੁਰਦੀਪ ਰਾਣੋ ਨੇ ਹਾਈ ਸਕਿਓਰਟੀ ਸੈੱਲ ਵਿਚੋਂ ਬਾਹਰ ਭੱਜਣ ਦਾ ਯਤਨ ਕੀਤਾ। ਮੌਕੇ ’ਤੇ ਜੇਲ੍ਹ ਵਾਰਡਨ ਗੁਰਮੀਤ ਸਿੰਘ ਨੇ ਦੋਵਾਂ ਨੂੰ ਰੋਕਣ ਦਾ ਯਤਨ ਕੀਤਾ ਤਾਂ ਗੈਂਗਸਟਰਾਂ ਨੇ ਕੁੱਟਮਾਰ ਕੀਤੀ ਤੇ ਜੇਲ੍ਹ ਅਫ਼ਸਰਾਂ ਨਾਲ ਧੱਕਾ ਮੁੱਕੀ ਕੀਤੀ। ਹੁਣ ਦੋਵਾਂ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਜਾਵੇਗਾ।


ਜੇਲ੍ਹ ਤੋਡ਼ਣ ਦੀ ਸੂਚਨਾ ਬਾਅਦ ਸੁਰੱਖਿਆ ਕੀਤੀ ਗਈ ਸੀ ਕਰਡ਼ੀ

ਇਸ ਮਹੀਨੇ ਦੀ ਸ਼ੁਰੂਆਤ ਵਿਚ ਖੁਫੀਆ ਏਜੰਸੀਆਂ ਨੇ ਪੁਲਿਸ ਪ੍ਰਸ਼ਾਸਨ ਤੇ ਜੇਲ੍ਹ ਅਧਿਕਾਰੀਆਂ ਨੂੰ ਗੈਂਗਸਟਰਾਂ ਵੱਲੋਂ ਜੇਲ੍ਹ ਕੇ ਭੱਜਣ ਦੀ ਇਤਲਾਹ ਦਿੱਤੀ ਸੀ। ਇਸ ਤੋਂ ਬਾਅਦ ਜੇਲ੍ਹ ਦੀ ਸੁਰੱਖਿਆ ਸਖ਼ਤ ਕੀਤੀ ਗਈ ਸੀ। ਉਸ ਸਮੇਂ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਦੌਰਾ ਕਰ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਸੀ। ਇਸੇ ਦੌਰਾਨ ਖ਼ਤਰਨਾਕ ਗੈਂਗਸਟਰ ਸਾਰਜ ਮਿੰਟੂ ਨੇ ਜੇਲ੍ਹ ਅੰਦਰਲੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਪਾ ਦਿੱਤੀਆਂ ਸਨ। ਪੁਲਿਸ ਨੂੰ ਸ਼ੱਕ ਸੀ ਕਿ ਗੈਂਗਸਟਰ ਮਿੰਟੂ ਨੇ ‘ਸਾਥੀਆਂ’ ਨੂੰ ਜੇਲ੍ਹ ਤੋਡ਼ਨ ਦੀ ਸੂਹ ਦੇਣ ਲਈ ਤਸਵੀਰਾਂ ਅਪਲੋਡ ਕੀਤੀਆਂ ਹੋੋਣਗੀਆਂ। ਪੁਲਿਸ ਨੇ ਗੈਂਗਸਟਰ ਮਿੰਟੂ ਖ਼ਿਲਾਫ਼ ਕੇਸ ਦਰਜ ਕਰ ਕੇ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਸੀ।

Posted By: Neha Diwan