ਹਰਕ੍ਰਿਸ਼ਨ ਕੁਮਾਰ, ਬਠਿੰਡਾ : ਕੇਂਦਰੀ ਜੇਲ੍ਹ ਬਠਿੰਡਾ 'ਚ ਗੈਂਗਸਟਰ ਨਵਦੀਪ ਸਿੰਘ ਚੱਠਾ 'ਤੇ ਹਮਲਾ ਕਰਕੇ ਦੋ ਜਣਿਆਂ ਵੱਲੋਂ ਕੁੱਟਮਾਰ ਕਰਕੇ ਉਸ ਦੀ ਲੱਤਾਂ ਤੇ ਬਾਹਾਂ ਦੀਆਂ ਹੱਡੀਆਂ ਤੋੜ ਦਿੱਤੀਆਂ ਗਈਆਂ ਹਨ। ਜਿਸ ਕਾਰਨ ਗੰਭੀਰ ਜ਼ਖਮੀ ਹਾਲਤ 'ਚ ਉਸ ਨੂੰ ਸਿਵਲ ਹਸਪਤਾਲ ਬਠਿੰਡਾ ਵਿਚ ਇਲਾਜ ਲਈ ਲਿਆਂਦਾ ਗਿਆ। ਹਸਪਤਾਲ ਲਿਆਂਦੇ ਜਾਣ 'ਤੇ ਉਸ ਦੀ ਸੁਰੱਖਿਆ 'ਚ ਦਰਜਨ ਤੋਂ ਉਪਰ ਮੁਲਾਜ਼ਮ ਸੁਰੱਖਿਆ ਵਜੋਂ ਤਾਇਨਾਤ ਕਰ ਦਿੱਤੇ ਗਏ। ਥਾਣਾ ਕੈਂਟ ਪੁਲਿਸ ਨੇ ਮਾਮਲੇ 'ਚ ਜਾਂਚ ਕਰਨੀ ਸ਼ੁਰੂ ਕਰ ਦਿੱਤੀ, ਪਰ ਜ਼ਖਮੀ ਹਾਲਤ 'ਚ ਹੋਣ ਕਰਕੇ ਨਵਦੀਪ ਦੇ ਬਿਆਨ ਪੁਲਿਸ ਨਹੀਂ ਲੈ ਸਕੀ।

ਸਿਵਲ ਹਸਪਤਾਲ 'ਚ ਲਿਆਂਦੇ ਜਾਣ 'ਤੇ ਐਮਰਜੈਂਸੀ ਵਿਚ ਇਲਾਜ ਸ਼ੁਰੁ ਕਰ ਦਿੱਤਾ ਗਿਆ ਸੀ। ਡਾ. ਖੁਸ਼ਦੀਪ ਸਿੰਘ ਦਾ ਆਖਣਾ ਸੀ ਕਿ ਜੇਲ੍ਹ 'ਚ ਕੋਈ ਲੜਾਈ ਹੋਣ ਦੇ ਬਾਅਦ ਨਵਦੀਪ ਸਿੰਘ ਚੱਠਾ ਨੂੰ ਇਥੇ ਲਿਆਂਦਾ ਗਿਆ ਹੈ ਅਤੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਕੁੱਟਮਾਰ ਦੇ ਕਾਰਨ ਉਸ ਦੀਆਂ ਲੱਤਾਂ ਤੇ ਬਾਹਾਂ 'ਤੇ ਵੀ ਪਲਸਤਰ ਹੋਇਆ ਹੈ ਅਤੇ ਸੂਤਰਾਂ ਅਨੁਸਾਰ ਉਸ ਦੀਆਂ ਅੱਧੀ ਦਰਜਨ ਤੋਂ ਵੱਧ ਹੱਡੀਆਂ ਟੁੱਟੀਆਂ ਹਨ। ਉਧਰ ਥਾਣਾ ਕੋਤਵਾਲੀ ਦੇ ਇੰਚਾਰਜ ਦਵਿੰਦਰ ਸਿੰਘ ਨੇ ਕਿਹਾ ਕਿ ਲਿਆਂਦੇ ਗਏ ਜ਼ਖਮੀ ਕੈਦੀ ਦੀ ਸੁਰੱਖਿਆ ਦੇ ਮਾਮਲੇ 'ਚ ਉਹ ਆਏ ਸਨ ਤੇ ਮਾਮਲੇ 'ਚ ਕਾਰਵਾਈ ਕਰ ਰਹੇ ਹਨ।

ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਦਾ ਆਖਣਾ ਹੈ ਕਿ ਨਵਦੀਪ ਸਿੰਘ ਚੱਠਾ ਦੀ ਰਾਹੁਲ ਸੂਦ ਤੇ ਅਜੇ ਕੁਮਾਰ ਨਾਲ ਕੋਈ ਗੱਲਬਾਤ ਹੋਈ ਸੀ। ਅੱਜ ਜਦ ਸਵੇਰੇ ਜੇਲ੍ਹ ਖੁਲ੍ਹੀ ਤਾਂ ਆਪਣੇ ਸੈਲ 'ਚੋਂ ਆਕੇ ਉਨ੍ਹਾਂ ਦੋਨਾਂ ਵੱਲੋਂ ਇਸ ਦੀ ਕੁੱਟਮਾਰ ਕੀਤੀ ਗਈ। ਚੱਠਾ ਦੇ ਜ਼ਖਮੀ ਹੋਣ 'ਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਜ਼ੇਰੇ ਇਲਾਜ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਥਾਣਾ ਕੈਂਟ ਪੁਲਿਸ ਨੂੰ ਲਿਖ ਦਿੱਤਾ ਗਿਆ ਹੈ। ਹਸਪਤਾਲ 'ਚ ਜ਼ਖਮੀ ਵੱਲੋਂ ਬਿਆਨ ਦਿੱਤੇ ਜਾਣ ਦੇ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।

ਥਾਣਾ ਕੈਂਟ ਦੇ ਏਐੱਸਆਈ ਬਿੰਦਰ ਸਿੰਘ ਦਾ ਆਖਣਾ ਸੀ ਕਿ ਨਵਦੀਪ ਸਿੰਘ ਚੱਠਾ ਕਤਲ ਦੇ ਮਾਮਲੇ 'ਚ ਜੇਲ੍ਹ ਅੰਦਰ ਦਾਖ਼ਲ ਹੈ ਅਤੇ ਉਸ ਉਪਰ ਕਈ ਮਾਮਲੇ ਹੋਰ ਵੀ ਦਰਜ ਹਨ। ਉਸ 'ਤੇ ਜੇਲ੍ਹ ਅੰਦਰ ਬੰਦ ਹੋਰ ਦੋ ਅਜੇ ਤੇ ਰਾਹੁਲ ਸੂਦ ਵੱਲੋਂ ਕੁੱਟਮਾਰ ਕੀਤੀ ਗਈ ਹੈ। ਫ਼ਿਲਹਾਲ ਉਸ ਦੇ ਹੁਣ ਪੂਰੀ ਤਰ੍ਹਾਂ ਹੋਸ਼ 'ਚ ਆ ਜਾਣ ਦੇ ਬਾਅਦ ਉਸ ਦੇ ਬਿਆਨ ਲਏ ਜਾਣਗੇ ਤੇ ਉਸ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

Posted By: Sarabjeet Kaur