ਦੀਪਕ ਸ਼ਰਮਾ, ਬਠਿੰਡਾ : ਬਠਿੰਡਾ ਪੁਲਿਸ ਦੇ ਸਪੈਸ਼ਲ ਸਟਾਫ ਨੇ ਰਾਜਸਥਾਨ ਦੇ 'ਜੌਰਡਨ ਗੈਂਗ' ਦੇ ਸਰਗਨਾ ਗੈਂਗਸਟਰ ਮਨੋਜ ਗੱਬਰ ਸਮੇਤ ਚਾਰ ਅਨਸਰਾਂ ਨੂੰ ਕਾਬੂ ਕਰ ਕੇ ਨਾਜਾਇਜ਼ ਅਸਲਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਨ੍ਹਾਂ ਅਨਸਰਾਂ ਕੋਲੋਂ 32 ਬੋਰ ਦੇ ਚਾਰ ਪਿਸਟਲ, 315 ਬੋਰ ਦੇ ਦੋ ਦੇਸੀ ਕੱਟੇ, 32 ਬੋਰ ਦਾ ਦੇਸੀ ਕੱਟਾ ਤੇ 35 ਕਾਰਤੂਸ ਬਰਾਮਦ ਕੀਤੇ ਹਨ। ਗੈਂਗਸਟਰ ਦੇ ਸਾਥੀਆਂ ਦੀ ਪਛਾਣ ਰਵਿੰਦਰ ਸਿੰਘ, ਅਕਾਸ਼ ਸਿੰਘ ਵਾਸੀ ਜੋਧਪੁਰ (ਰਾਜਸਥਾਨ) ਤੇ ਜਗਦੀਪ ਸੋਨੀ ਵਾਸੀ ਪਿੰਡ ਤੁੰਗਵਾਲੀ ਵਜੋਂ ਹੋਈ ਹੈ। ਇਨ੍ਹਾਂ ਅਨਸਰਾਂ ਖ਼ਿਲਾਫ਼ ਲੁੱਟਾਂ-ਖੋਹਾਂ ਕਰਨ ਦੇ ਦਰਜਨ ਤੋਂ ਵੱਧ ਮਾਮਲੇ ਦਰਜ ਹਨ।

ਗਿਰੋਹ ਦਾ ਸਰਗਨਾ ਮਨੋਜ ਬੱਬੂ 'ਬੀ ਕੈਟਾਗਿਰੀ' ਦਾ ਗੈਂਗਸਟਰ ਹੈ। ਬੱਬੂ ਦੇ ਖ਼ਿਲਾਫ਼ 15 ਦੇ ਕਰੀਬ ਪਰਚੇ ਦਰਜ ਹਨ। ਇਹ ਅਨਸਰ ਆਪਣੇ ਗਿਰੋਹ ਲਈ ਧਨ ਤੇ ਅਸਲੇ ਦਾ ਪ੍ਰਬੰਧ ਕਰਦਾ ਸੀ। ਇਸੇ ਤਰ੍ਹਾਂ ਰਵਿੰਦਰ ਸਿੰਘ ਖ਼ਿਲਾਫ਼ ਦੋ ਮੁਕੱਦਮੇ, ਆਕਾਸ਼ ਸਿੰਘ ਖ਼ਿਲਾਫ਼ ਇਕ ਮੁਕੱਦਮਾ ਤੇ ਜਗਦੀਪ ਸੋਨੀ ਖ਼ਿਲਾਫ਼ 4 ਮੁਕੱਦਮੇ ਦਰਜ ਹਨ।

ਇਸ ਸਬੰਧੀ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਆਈਜੀ ਬਠਿੰਡਾ ਜਸਕਰਨ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਸਪੈਸ਼ਲ ਸਟਾਫ ਦੇ ਇੰਚਾਰਜ ਇੰਸਪੈਕਟਰ ਜਸਵੀਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਸਥਾਨਕ ਗੋਨਿਆਣਾ ਰੋਡ ਸਥਿਤ ਟਰਾਂਸਪੋਰਟ ਨਗਰ ਵਿਚ ਕਾਰ ਸਵਾਰ ਵਿਅਕਤੀ ਸ਼ੱਕੀ ਹਾਲਾਤ ਵਿਚ ਘੁੰਮ ਰਹੇ ਹਨ। ਪੁਲਿਸ ਨੇ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਇਨ੍ਹਾਂ ਅਨਸਰਾਂ ਕੋਲੋਂ ਨਾਜਾਇਜ਼ ਅਸਲਾ ਬਰਾਮਦ ਕੀਤਾ ਤੇ ਮਨੋਜ ਗੱਬਰ, ਰਵਿੰਦਰ, ਆਕਾਸ਼ ਸਿੰਘ, ਜਗਦੀਪ ਸੋਨੀ ਨੂੰ ਮੌਕੇ 'ਤੇ ਕਾਬੂ ਕਰ ਲਿਆ, ਜਦਕਿ ਉਨ੍ਹਾਂ ਦੇ ਦੋ ਅਣਪਛਾਤੇ ਸਾਥੀ ਭੱਜ ਗਏ।

ਨਾਜਾਇਜ਼ ਅਸਲੇ ਸਣੇ 2 ਜਣੇ ਫੜੇ

ਆਈਜੀ ਜਸਕਰਨ ਸਿੰਘ ਨੇ ਦੱਸਿਆ ਕਿ ਪੁਲਿਸ 'ਤੇ ਸੀਆਈਏ ਵਿੰਗ 1 ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਕੇ ਨਾਜਾਇਜ਼ ਅਸਲਾ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੀਆਈਏ ਦੇ ਇੰਚਾਰਜ ਅੰਮਿ੍ਤਪਾਲ ਸਿੰਘ ਭਾਟੀ ਤੇ ਏਐੱਸਆਈ ਮੁਕੰਦ ਸਿੰਘ ਪੁਲਿਸ ਪਾਰਟੀ ਸਮੇਤ ਭੁੱਚੋ ਖੁਰਦ ਦੇ ਰੇਲਵੇ ਫਾਟਕ ਕੋਲ ਗਸ਼ਤ ਕਰ ਰਹੇ ਸਨ।

ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਅਨਸਰਾਂ ਨੂੰ ਸ਼ੱਕ ਦੇ ਅਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਇਨ੍ਹਾਂ ਕੋਲੋਂ 32 ਬੋਰ ਦਾ ਦੇਸੀ ਰਿਵਾਲਵਰ ਤੇ 15 ਕਾਰਤੂਸ ਬਰਾਮਦ ਕੀਤੇ ਗਏ। ਇਨ੍ਹਾਂ ਅਨਸਰਾਂ ਦੀ ਪਛਾਣ ਰਾਜਵਿੰਦਰ ਰਾਜੂ ਵਾਸੀ ਕੋਟ ਮੁਹੰਮਦ ਖਾਂ ਜ਼ਿਲ੍ਹਾ ਮੋਗਾ, ਇਸੇ ਤਰ੍ਹਾ ਨਿਸ਼ਾਨ ਸਿੰਘ ਵਾਸੀ ਪਿੰਡ ਭਲੂਰ ਥਾਣਾ ਸਮਾਲਸਰ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਇਨ੍ਹਾਂ ਅਨਸਰਾਂ ਖ਼ਿਲਾਫ਼ ਥਾਣਾ ਕੈਂਟ ਵਿਖੇ ਪਰਚਾ ਦਰਜ ਕੀਤਾ ਹੈ।