ਜੇਐੱਨਐੱਨ, ਬਠਿੰਡਾ : ਕੇਂਦਰੀ ਜੇਲ੍ਹ ਬਠਿੰਡਾ ’ਚ ਬੰਦ ਏ ਕੈਟਾਗਰੀ ਦੇ ਗੈਂਗਸਟਰ ਅਕੁਲ ਖੱਤਰੀ ਨੇ ਵੀਰਵਾਰ ਦੇਰ ਸ਼ਾਮ ਜੇਲ੍ਹ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਹਾਦਸੇ ’ਚ ਗੈਂਗਸਟਰ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ, ਜਿਸ ਨੂੰ ਇਲਾਜ ਲਈ ਦੇਰ ਰਾਤ ਸਿਵਲ ਹਸਪਤਾਲ ਬਠਿੰਡਾ ’ਚ ਦਾਖਲ ਕਰਵਾਇਆ ਗਿਆ, ਪਰ ਬਾਅਦ ’ਚ ਫ਼ਰੀਦਕੋਟ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ। ਜੇਲ੍ਹ ਪ੍ਰਸ਼ਾਸਨ ਇਸ ਪੂਰੇ ਮਾਮਲੇ ਨੂੰ ਹਾਦਸਾ ਦੱਸ ਰਿਹਾ ਹੈ ਅਤੇ ਕਹਿਣਾ ੲੈ ਕਿ ਜੇਲ੍ਹ ਕੰਪਲੈਕਸ ’ਚ ਖੇਡਦੇ ਸਮੇਂ ਡਿੱਗ ਗਿਆ ਅਤੇ ਉਹ ਜ਼ਖ਼ਮੀ ਹੋ ਗਿਆ।

ਸਿਵਲ ਹਸਪਤਾਲ ’ਚ ਗੈਂਗਸਟਰ ਦਾ ਇਲਾਜ ਕਰਨ ਵਾਲੇ ਡਾਕਟਰਾਂ ਦਾ ਕਹਿਣਾ ਹੈ ਦੋਵੇਂ ਲੱਤਾਂ ਉਸ ਦੀ ਦੂਜੀ ਮੰਜ਼ਿਲ ਤੋਂ ਹੇਠਾਂ ਡਿੱਗਣ ਕਾਰਨ ਟੁੱਟੀਆਂ ਹਨ, ਪਰ ਗੈਂਗਸਟਰ ਖ਼ੁਦ ਕੁੱਦਿਆ ਹੈ ਜਾਂ ਉਸ ਨਾਲ ਕੋਈ ਹਾਦਸਾ ਵਾਪਰਿਆ ਹੈ, ਇਸ ਬਾਰੇਕੁਝ ਸਪੱਸ਼ਟ ਨਹੀਂ ਕਿਹਾ ਜਾ ਸਕਦਾ, ਕਿਉਂਕਿ ਗੈਂਗਸਟਰ ਨੇ ਵੀ ਇਸ ਬਾਰੇ ਕੁਝ ਨਹੀਂ ਬੋਲਿਆ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਨੇ ਉਕਤ ਕਦਮ ਜੇਲ੍ਹ ਪ੍ਰਸ਼ਾਸਨ ਵੱਲੋਂ ਉਸ ਨੂੰ ਪਰਿਵਾਰ ਨੂੰ ਫੋਨ ’ਤੇ ਗੱਲ ਨਾ ਕਰਨ ਦੇਣ ’ਤੇ ਚੁੱਕਿਆ ਹੈ। ਜਦੋਂਕਿ ਥਾਣਾ ਕੈਂਟ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਜੇਲ੍ਹ ਪ੍ਰਸ਼ਾਸਨ ਤੋਂ ਇਨੀ ਹੀ ਜਾਣਕਾਰੀ ਆਈ ਸੀ ਕਿ ਗੈਂਗਸਟਰ ਅਕੁਲ ਖੱਤਰੀ ਦੀਆਂ ਲੱਤਾਂ ਟੁੱਟ ਗਈਆਂ ਅਤੇ ਇਲਾਜ ਲਈ ਸਿਵਲ ਹਸਪਤਾਲ ਲੈਕੇ ਜਾਣਾ ਹੈ। ਇਸ ਤੋਂ ਬਾਅਦ ਸਖ਼ਤ ਸੁਰੱਖਿਆ ’ਚ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਜੇਲ੍ਹ ਬਠਿੰਡਾ ’ਚ ਵੀਰਾਰ ਸ਼ਾਮ ਦੇ ਸਮੇਂ ਸਾਰੇ ਕੈਦੀ ਜੇਲ੍ਹ ’ਚ ਲੱਗੇ ਪੀਸੀਓ ਤੋਂ ਆਪਣੇ-ਆਪਣੇ ਪਰਿਵਾਰਾਂ ਨਾਲ ਗੱਲਬਾਤ ਕਰਨ ਲਈ ਲਾਈਨ ’ਚ ਲੱਗੇ ਹੋਏ ਸਨ। ਹਰ ਕੈਦੀ ਨੂੰ ਫੋਨ ’ਤੇਗੱਲ ਕਰਨ ਲਈ 15 ਮਿੰਟ ਮਿਲਦੇ ਹਨ, ਪਰ ਜਦੋਂ ਅਕੁਲ ਖੱਤਰੀ ਦਾ ਨੰਬਰ ਆਇਆ ਤਾਂ ਜੇਲ੍ਹ ਅਧਿਕਾਰੀਆਂ ਨੇ ਉਸ ਨੂੰ ਆਪਣੇ ਪਰਿਵਾਰ ਨਾਲ ਫੋਨ ’ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਗੁੱਸੇ ’ਚ ਆ ਕੇ ਗੈਂਗਸਟਰ ਅਕੁਲ ਖੱਤਰੀ ਜੇਲ੍ਹ ਦੀ ਦੂਜੀ ਮੰਜ਼ਿਲ ’ਤੇ ਪਹੁੰਚ ਗਿਆ ਅਤੇ ਉੱਥੋਂ ਉਸ ਨੇ ਛਾ ਮਾਰ ਦਿੱਤੀ। ਹਾਦਸੇ ’ਚ ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। ਇਸ ਤੋਂ ਬਾਅਦ ਉਸ ਨੂੰ ਜੇਲ੍ਹ ’ਚ ਬਣੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਪਰ ਦੋਵੇਂ ਲੱਤਾਂ ਬੁਰੀ ਤਰ੍ਹਾਂ ਟੁੱਟਣ ਕਾਰਨ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਦੇ ਐਮਰਜੈਂਸੀ ਵਾਰਡ ’ਚ ਰੈਫ਼ਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸਖ਼ਤ ਸੁਰੱਖਿਆ ’ਚ ਜੇਲ੍ਹ ਪ੍ਰਸ਼ਾਸਨ ਤੇ ਬਠਿੰਡਾ ਪੁਲਿਸ ਗੈਂਗਸਟਰ ਅਕੁਲ ਖੱਤਰੀ ਨੂੰ ਦੇਰ ਰਾਤ ਗੰਭੀਰ ਹਾਲਤ ’ਚ ਸਿਵਲ ਹਸਪਤਾਲ ਲੈ ਕੇ ਪਹੁੰਚੀ। ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਦੀਪ ਰਤਨ ਨੇ ਉਸ ਦੀ ਜਾਂਚ ਕਰਨ ਤੋਂ ਬਾਅਦ ਹੱਡੀਆਂ ਦੇ ਮਾਹਿਰ ਡਾ. ਵਿਜੈ ਮਿੱਤਲ ਤੇ ਸਰਜਨ ਡਾ. ਬੀ ਚਾਵਲਾ ਨੂੰ ਉਸ ਦਾ ਇਲਾਜ ਲਈ ਬੁਲਾਇਆ।

ਤਿੰਨੇ ਡਾਕਟਰਾਂ ਨੇ ਉਸ ਨੂੰ ਮੁੱਢਲੇ ਇਲਾਜ ਤੋਂ ਬਾਅਦ ਫ਼ਰੀਦਕੋਟ ਮੈਡੀਕਲ ਕਾਲਜ ਲਈ ਰੈਫ਼ਰ ਕਰ ਦਿੱਤਾ। ਥਾਣਾ ਕੈਂਟ ਦੇ ਇੰਚਾਰਜ ਵਰੁਣ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਜੇਲ੍ਹ ਤੋਂ ਪੱਤਰ ਆਇਆ ਸੀ, ਜਿਸ ’ਚ ਲਿਖਿਆ ਗਿਆ ਹੈ ਕਿ ਵਾਲੀਬਾਲ ਖੇਡਦੇ ਸਮੇਂ ਗੈਂਗਸਟਰ ਅਕੁਲ ਖੱਤਰੀ ਡਿੱਗ ਗਿਆ, ਜਿਸ ਨਾਲ ਉਸ ਦੇ ਪੈਰਾਂ ’ਚ ਫਰੈਕਚਰ ਆਇਆ ਹੈ। ਇਸ ਲਈ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਆਉਣਾ ਹੈ, ਜਦੋਂਕਿ ਸਿਵਲ ਹਸਪਤਾਲ ’ਚ ਗੈਂਗਸਟਰ ਦੇ ਨਾਂ ਤੋਂ ਐਂਟਰੀ ਹੋਈ ਹੈ, ਉੱਥੇ ਸੁਸਾਈਡ ਅਟੈਂਪਟ ਲਿਖਿਆ ਗਿਆ ਹੈ।

Posted By: Jagjit Singh