ਦੀਪਕ ਸ਼ਰਮਾ, ਬਠਿੰਡਾ : ਇਰਾਦਾ ਕਤਲ ਦੇ ਦੋਸ਼ ਹੇਠ ਕੇਂਦਰੀ ਜੇਲ੍ਹ ਵਿਚ ਬੰਦ ਹਵਾਲਾਤੀ ਦੀ ਪਤਨੀ ਨਾਲ ਉਸ ਦੇ ਹੀ ਸਾਥੀਆਂ ਵੱਲੋਂ ਸਮੂਹਿਕ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤ ਔਰਤ ਦੀ ਸ਼ਿਕਾਇਤ 'ਤੇ ਪਤੀ-ਪਤਨੀ ਸਮੇਤ ਚਾਰ ਵਿਅਕਤੀਆਂ 'ਤੇ ਪਰਚਾ ਦਰਜ ਕਰ ਕਰ ਕੇ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਦੋਂਕਿ ਇਕ ਵਿਅਕਤੀ ਦੀ ਗਿ੍ਫ਼ਤਾਰੀ ਹੋਣੀ ਅਜੇ ਬਾਕੀ ਹੈ। ਇਸ ਸਬੰਧੀ ਥਾਣਾ ਕੈਨਾਲ ਕਾਲੋਨੀ ਦੇ ਐੱਸਆਈ ਹਰਪਿੰਦਰ ਕੌਰ ਨੇ ਦੱਸਿਆ ਕਿ ਸ਼ਹਿਰ ਦੀ ਵਸਨੀਕ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਪਤੀ ਕੇਂਦਰੀ ਜੇਲ੍ਹ ਵਿਚ ਇਰਾਦਾ ਕਤਲ ਦੇ ਦੋਸ਼ ਹੇਠ ਬੰਦ ਹੈ। ਇਸ ਕੇਸ ਵਿਚ ਹੀ ਉਸ ਦੇ ਨਾਲ ਮਨਪ੍ਰੀਤ ਸਿੰਘ ਤੇ ਈਸ਼ਵਰ ਦਾਸ ਨਾਂ ਦੇ ਵਿਅਕਤੀ ਵੀ ਸ਼ਾਮਲ ਸਨ। ਪੀੜਤਾ ਨੇ ਦੱਸਿਆ ਕਿ ਜਦੋਂ ਉਹ ਜੇਲ੍ਹ ਵਿਚ ਬੰਦ ਪਤੀ ਨੂੰ ਮਿਲਣ ਜਾਂਦੀ ਸੀ ਤਾਂ ਉਸਦੀ ਜਾਣ ਪਛਾਣ ਮਨਪ੍ਰੀਤ ਤੇ ਈਸ਼ਵਰ ਦਾਸ ਨਾਲ ਹੋ ਗਈ। ਪੀੜਤ ਔਰਤ ਨੇ ਦੱਸਿਆ ਕਿ ਕੁਝ ਸਮਾਂ ਬਾਅਦ ਮਨਪ੍ਰੀਤ ਤੇ ਈਸ਼ਵਰ ਜ਼ਮਾਨਤ 'ਤੇ ਜੇਲ੍ਹ 'ਚੋਂ ਬਾਹਰ ਆ ਗਏ। ਜੇਲ੍ਹ ਵਿਚੋਂ ਬਾਹਰ ਆਉਣ ਤੋਂ ਬਾਅਦ ਉਕਤ ਵਿਅਕਤੀਆਂ ਨੇ ਉਸ ਨੂੰ ਕਿਹਾ ਕਿ ਤੇਰੇ ਪਤੀ ਦੀ ਜ਼ਮਾਨਤ ਵੀ ਕਰਵਾ ਦੇਵਾਂਗੇ ਪਰ ਤੈਨੂੰ ਇਸ ਲਈ ਸਾਡੇ ਨਾ ਵਕੀਲ ਕੋਲ ਜਾਣਾ ਪਵੇਗਾ। ਪੀੜਤਾ ਨੇ ਦੱਸਿਆ ਕਿ ਪਤੀ ਦੀ ਜ਼ਮਾਨਤ ਕਰਵਾਉਣ ਲਈ ਉਹ ਉਕਤ ਵਿਅਕਤੀਆਂ ਨਾਲ ਚਲੀ ਗਈ। ਉਕਤ ਵਿਅਕਤੀ ਉਸ ਨੂੰ ਆਪਣੇ ਦੋਸਤ ਹਰਪ੍ਰੀਤ ਸਿੰਘ ਦੇ ਘਰ ਲੈ ਕੇ ਜਿੱਥੇ ਜੂਸ 'ਚ ਨਸ਼ੀਲੀ ਦਵਾਈ ਪਿਆ ਕੇ ਉਸ ਨੂੰ ਬੇਹੋਸ਼ ਕਰ ਦਿੱਤਾ ਅਤੇ ਤਿੰਨਾਂ ਵਿਅਕਤੀਆਂ ਨੇ ਉਸ ਨਾਲ ਜਬਰ-ਜਨਾਹ ਕੀਤਾ। ਪੀੜਤ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਲਈ ਉਸ ਨੇ ਆਪਣੇ ਨਾਲ ਵਾਪਰੀ ਘਟਨਾ ਬਾਰੇ ਕਿਸੇ ਨੂੰ ਨਹੀ ਦੱਸਿਆ ਪਰ ਇਸ ਦਾ ਫਾਇਦਾ ਉਠਾਉਂਦੇ ਹੋਏ ਮਨਪ੍ਰੀਤ ਤੇ ਉਸ ਦੇ ਸਾਥੀ ਉਸ ਨੂੰ ਬਲੈਕਮੇਲ ਕਰਨ ਲੱਗ ਪਏ ਤੇ ਉਸ ਕੋਲੋਂ ਰੁਪਇਆਂ ਦੀ ਮੰਗ ਕਰਨ ਲੱਗ ਪਏ। ਪੀੜਤ ਔਰਤ ਨੇ ਦੱਸਿਆ ਕਿ ਇਸ ਕੰਮ ਵਿਚ ਮਨਪ੍ਰੀਤ ਸਿੰਘ ਦੀ ਪਤਨੀ ਖੁਸ਼ੀ ਵੀ ਉਨ੍ਹਾਂ ਦਾ ਸਾਥ ਦਿੰਦੀ ਸੀ। ਪੀੜਤ ਔਰਤ ਨੇ ਦੱਸਿਆ ਕਿ ਉਕਤ ਵਿਅਕਤੀਆਂ ਦੀਆਂ ਧਮਕੀਆਂ ਤੇ ਪੈਸੇ ਦੀ ਮੰਗ ਤੋਂ ਪਰੇਸ਼ਾਨ ਹੋ ਕੇ ਉਸ ਨੇ ਉਨ੍ਹਾਂ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ। ਐੱਸਆਈ ਹਰਪਿੰਦਰ ਕੌਰ ਨੇ ਦੱਸਿਆ ਕਿ ਪੀੜਤ ਔਰਤ ਦੀ ਸ਼ਿਕਾਇਤ 'ਤੇ ਕਥਿਤ ਦੋਸ਼ੀ ਮਨਪ੍ਰੀਤ ਸਿੰਘ ਉਸਦੀ ਪਤਨੀ ਖੁਸ਼ੀ ਤੇ ਈਸ਼ਵਰ ਦਾਸ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਦੋਂਕਿ ਹਰਪ੍ਰੀਤ ਸਿੰਘ ਦੀ ਗਿ੍ਫ਼ਤਾਰੀ ਹੋਣੀ ਅਜੇ ਬਾਕੀ ਹੈ।