ਪੱਤਰ ਪੇ੍ਰਰਕ, ਬਠਿੰਡਾ : ਵਿਦੇਸ਼ ਭੇਜਣ ਦੇ ਨਾਂ 'ਤੇ ਪਤੀ-ਪਤਨੀ ਨਾਲ 13 ਲੱਖ ਰੁਪਏ ਦੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤ ਜੋੜੇ ਦੀ ਸ਼ਿਕਾਇਤ 'ਤੇ ਇਕ ਅੌਰਤ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਠੱਗੀ ਮਾਰਨ ਦੀਆਂ ਧਰਾਵਾਂ ਹੇਠ ਕੇਸ ਦਰਜ ਕੀਤਾ ਹੈ। ਥਾਣਾ ਸਿਵਲ ਲਾਈਨ ਪੁਲਿਸ ਕੋਲ ਦਰਜ ਕਰਾਈ ਸ਼ਿਕਾਇਤ ਵਿਚ ਸਥਾਨਕ ਧੋਬੀਆਣਾ ਰੋਡ ਦੇ ਵਸਨੀਕ ਬਲਜੀਤ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ 'ਚ ਟਰੈਵਲ ਏਜੰਟ ਦਾ ਕੰਮ ਕਰਦੇ ਰਾਜਵਿੰਦਰ ਸਿੰਘ ਵਾਸੀ ਖਾਨਪੁਰ ਅੰਮਿ੍ਤਸਰ, ਰਮਨਦੀਪ ਕੌਰ ਵਾਸੀ ਬਹਿਰਾਮਪੁਰ ਗੁਰਦਾਸਪੁਰ, ਸੁਮਿਤਪਾਲ ਸਿੰਘ ਵਾਸੀ ਪਿੰਡ ਸਠਿਆਲਾ ਅੰਮਿ੍ਤਸਰ ਨੇ ਅਖ਼ਬਾਰ ਵਿਚ ਵਿਗਿਆਪਨ ਦਿੱਤਾ ਸੀ ਕਿ ਉਹ ਲੋਕਾਂ ਨੂੰ ਪੱਕੇ ਤੌਰ 'ਤੇ ਕੈਨੇਡਾ ਭੇਜਦੇ ਹਨ। ਬਲਜੀਤ ਸਿੰਘ ਨੇ ਦੱਸਿਆ ਕਿ ਵਿਗਿਆਪਨ ਪੜ੍ਹ ਕੇ ਉਸ ਨੇ ਉਕਤ ਟ੍ਰੈਵਲ ਏਜੰਟਾਂ ਨਾਲ ਸੰਪਰਕ ਕੀਤਾ ਤਾਂ ਉਨਾਂ੍ਹ ਨੇ ਦਾਅਵਾ ਕੀਤਾ ਕਿ ਉਹ 13 ਲੱਖ ਰੁਪਏ 'ਚ ਉਸਨੂੰ ਤੇ ਉਸਦੀ ਪਤਨੀ ਨੂੰ ਕੈਨੇਡਾ ਭੇਜ ਦੇਣਗੇ। ਪੀੜਤ ਲੜਕੀ ਨੇ ਦੱਸਿਆ ਕਿ ਉਕਤ ਵਿਅਕਤੀਆਂ ਦੀਆਂ ਗੱਲਾਂ ਵਿਚ ਆ ਕੇ ਉਸ ਨੇ 13 ਲੱਖ ਰੁਪਏ ਵਿਚ ਕੈਨੇਡਾ ਜਾਣ ਲਈ ਹਾਮੀ ਭਰ ਦਿੱਤੀ ਤੇ ਇਸ ਤੋਂ ਬਾਅਦ ਰਾਜਵਿੰਦਰ ਸਿੰਘ ਤੇ ਉਸਦੇ ਸਾਥੀ ਵੱਖ ਵੱਖ ਤਰੀਕਾਂ 'ਤੇ ਉਸ ਕੋਲੋਂ 13 ਲੱਖ ਰੁਪਏ ਲੈ ਗਏ ਪਰ ਕਾਫੀ ਸਮਾਂ ਬੀਤ ਜਾਣ ਬਾਅਦ ਵੀ ਉਸ ਨੂੰ ਤੇ ਉਸਦੀ ਪਤਨੀ ਨੂੰ ਕੈਨੇਡਾ ਨਹੀਂ ਭੇਜਿਆ। ਪੀੜਤ ਵਿਅਕਤੀ ਨੇ ਦੱਸਿਆ ਕਿ ਜਦ ਉਹ ਉਕਤ ਵਿਅਕਤੀਆਂ ਨਾਲ ਗੱਲ ਕਰਨ ਲਈ ਚੰਡੀਗੜ੍ਹ ਗਿਆ ਤਾਂ ਉਨਾਂ੍ਹ ਦਾ ਦਫਤਰ ਬੰਦ ਸੀ। ਇਸ ਤਰਾਂ੍ਹ ਉਸ ਨਾਲ 13 ਲੱਖ ਰੁਪਏ ਦੀ ਠੱਗੀ ਵੱਜੀ ਹੈ। ਜਾਂਚ ਅਧਿਕਾਰੀ ਐੱਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਪੀੜਤ ਵਿਅਕਤੀ ਦੀ ਸ਼ਿਕਾਇਤ 'ਤੇ ਕਥਿਤ ਦੋਸ਼ੀਆਂ ਖ਼ਿਲਾਫ਼ ਧਾਰਾ ਚਾਰ ਸੌ ਵੀਹ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।