ਜੇਐੱਨਐੱਨ, ਬਠਿੰਡਾ : ਮੌੜ ਮੰਡੀ ਦੇ ਕਰੀਬ 45 ਨੌਜਵਾਨਾਂ ਨੂੰ ਫ਼ੌਜ 'ਚ ਭਰਤੀ ਕਰਵਾਉਣ ਦੇ ਨਾਂ 'ਤੇ 1.40 ਕਰੋੜ ਦੀ ਠੱਗੀ ਦੇ ਮਾਮਲੇ 'ਚ ਕਈ ਖ਼ੁਲਾਸੇ ਹੋ ਰਹੇ ਹਨ। ਇਹ ਠੱਗੀ ਦੀ ਖੇਡ ਪਿਛਲੇ ਦੋ ਸਾਲਾਂ ਤੋਂ ਚੱਲ ਰਹੀ ਸੀ, ਜਿਸ ਦਾ ਮਾਸਟਰ ਮਾਈਂਡ ਮਾਨਸਾ ਜ਼ਿਲ੍ਹੇ ਦਾ ਕਿਸਾਨ ਰਾਜਪਾਲ ਹੈ। ਲੋਕਾਂ ਨੂੰ ਠੱਗਣ ਲਈ ਉਸ ਨੇ ਅੱਗੇ ਦੋ ਨੌਜਵਾਨਾਂ ਮੰਡੀ ਖੁਰਦ ਦੇ ਜਸਪਾਲ ਸਿੰਘ ਤੇ ਪਿੰਡ ਥਮਨਗੜ੍ਹ ਦੇ ਪਿੱਲੂ ਸਿੰਘ ਨੂੰ ਆਪਣੇ ਨਾਲ ਰੱਖ ਲਿਆ ਸੀ। ਮੁਲਜ਼ਮਾਂ ਨਾਲ ਇਸ ਘਪਲੇ 'ਚ ਫ਼ੌਜ ਦਾ ਕਲਰਕ ਵਰਿੰਦਰ ਸਿੰਘ ਵੀ ਸ਼ਾਮਲ ਹੈ।

ਰਾਜਪਾਲ ਅਨੁਸਾਰ ਉਸ ਦੇ ਦੋਨੋਂ ਏਜੰਟ ਪਿੰਡਾਂ 'ਚ ਜਾ ਕੇ ਗਰੀਬ ਤੇ ਮੱਧ ਵਰਗ ਨਾਲ ਸਬੰਧਤ ਨੌਜਵਾਨਾਂ ਨੂੰ ਫ਼ੌਜ 'ਚ ਨੌਕਰੀ ਦਿਵਾਉਣ ਦਾ ਝਾਂਸਾ ਦਿੰਦੇ ਸਨ ਤੇ ਉਨ੍ਹਾਂ ਕੋਲੋਂ ਪੈਸੇ ਵਸੂਲਦੇ ਸਨ। ਪੈਸੇ ਲੈਣ ਤੋਂ ਬਾਅਦ ਰਾਜਪਾਲ ਦਿੱਲੀ 'ਚ ਫ਼ੌਜ ਦੇ ਕਲਰਕ ਵਰਿੰਦਰ ਸਿੰਘ ਨੂੰ ਦਿੰਦਾ ਸੀ। ਵਰਿੰਦਰ ਸਿੰਘ ਬਿਹਾਰ ਦੇ ਦਾਨਾਪੁਰ ਦਾ ਰਹਿਣ ਵਾਲ ਹੈ। ਵਰਿੰਦਰ ਸਿੰਘ ਨੌਜਵਾਨਾਂ ਨੂੰ ਫਰਜ਼ੀ ਨਿਯੁਕਤੀ ਪੱਤਰ ਦਿੰਦਾ ਸੀ, ਜਿਸ 'ਤੇ ਦਾਨਾਪੁਰ ਕੈਂਟ ਦੇ ਸੀਈਓ ਦੇ ਦਸਤਖਤ ਹੁੰਦੇ ਸਨ।

ਐੱਸਐੱਸਪੀ ਡਾ. ਨਾਨਕ ਸਿੰਘ ਨੂੰ ਸ਼ਿਕਾਇਤ ਦੇਣ ਵਾਲੇ ਪੀੜਤ ਨੌਜਵਾਨ ਮੰਡੀ ਕਲਾਂ ਦੇ ਗੁਰਵਿੰਦਰ ਸਿੰਘ, ਬੱਲੋ ਦੇ ਜਗਮੀਤ ਸਿੰਘ, ਚਾਊਕੇ ਦੇ ਸੁਖਪ੍ਰਰੀਤ ਸਿੰਘ, ਰਮਨਦੀਪ ਸਿੰਘ ਚਾਊਕੇ ਆਦਿ ਨੇ ਕਿਹਾ ਕਿ ਵਰਿੰਦਰ ਸਿੰਘ ਖੁਦ ਨੂੰ ਫ਼ੌਜ 'ਚ ਕਲਰਕ ਦੱਸ ਕੇ ਉਨ੍ਹਾਂ ਦੀ ਨਿਯੁਕਤੀ ਦਾਨਾਪੁਰ ਕੈਂਟ, ਬਿਹਾਰ 'ਚ ਦੱਸੀ ਤੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ। ਨਿਯੁਕਤੀ ਪੱਤਰ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਵਰਿੰਦਰ ਸਿੰਘ ਨੇ ਬਿਹਾਰ ਦੇ ਦਾਨਾਪੁਰ 'ਚ ਬੁਲਾਇਆ, ਜਿੱਥੇ ਟ੍ਰੇਨਿੰਗ ਕਰਵਾਉਣ ਦੀ ਗੱਲ ਕਹੀ ਗਈ। ਬਿਹਾਰ ਪਹੁੰਚਣ 'ਤੇ ਵਰਿੰਦਰ ਨਹੀਂ ਮਿਲਿਆ ਤੇ ਨਾ ਹੀ ਉਸ ਨੇ ਫੋਨ ਚੁੱਕਿਆ।

ਠੱਗੀ ਦੇ ਪੈਸਿਆਂ ਜ਼ਰੀਏ ਖ਼ਰੀਦੀ ਜ਼ਮੀਨ

ਠੱਗੀ ਦੇ ਸ਼ਿਕਾਰ ਨੌਜਵਾਨ ਦੱਸਦੇ ਹਨ ਕਿ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਢਲਾਡਾ ਦੇ ਪਿੰਡ ਰੰਗਡਾਇਲ ਦੇ ਰਹਿਣ ਵਾਲੇ ਰਾਜਪਾਲ ਸਿੰਘ ਕੋਲ ਪਹਿਲਾਂ ਸਿਰਫ਼ ਛੇ ਕਨਾਲਾਂ ਜ਼ਮੀਨ ਸੀ, ਜਦਕਿ ਉਸ ਕੋਲ ਹੁਣ ਕਰੀਬ 26 ਕਿੱਲੇ ਜ਼ਮੀਨ ਹੈ। ਇਹ ਪੂਰੀ ਜ਼ਮੀਨ ਉਸ ਨੇ ਇਨ੍ਹਾਂ ਦੋ ਸਾਲਾਂ 'ਚ ਠੱਗੀ ਦੇ ਪੈਸਿਆਂ ਨਾਲ ਖ਼ਰੀਦੀ।

ਮੈਨੂੰ 62.4 ਲੱਖ ਮਿਲੇ, ਜੋ ਵਾਪਸ ਦੇ ਦੇਵਾਂਗਾ : ਰਾਜਪਾਲ

ਰਾਜਪਾਲ ਸਿੰਘ ਨੇ ਕਿਹਾ ਕਿ ਕਿਸੇ ਵੀ ਨੌਜਵਾਨ ਕੋਲੋਂ ਉਸ ਨੇ ਸਿੱਧੇ ਪੈਸੇ ਨਹੀਂ ਲਏ। ਉਸ ਦੇ ਦੋਨੋਂ ਏਜੰਟ ਹੀ ਪੈਸੇ ਲੈਂਦੇ ਸਨ। ਉਸ ਕੋਲ ਸਿਰਫ਼ 62.4 ਲੱਖ ਰੁਪਏ ਆਏ ਹਨ, ਜੋ ਕਿ ਉਹ ਵਾਪਸ ਕਰਨ ਲਈ ਤਿਆਰ ਹੈ। ਉਹ ਜਸਪਾਲ ਸਿੰਘ ਤੇ ਪਿੱਲੂ ਸਿੰਘ ਤੋਂ ਇਲਾਵਾ ਹੋਰ ਕਿਸੇ ਨੌਜਵਾਨ ਨੂੰ ਨਹੀਂ ਜਾਣਦਾ ਹੈ।

ਰਾਜਪਾਲ ਨੇ ਦਾਅਵਾ ਕੀਤਾ ਕਿ ਉਸ਼ ਦਾ ਪੀੜਤ ਨੌਜਵਾਨਾਂ ਨਾਲ ਸਮਝੌਤਾ ਵੀ ਹੋ ਚੁੱਕਾ ਹੈ ਤੇ ਉਸ ਨੇ ਪੰਜ-ਪੰਜ ਲੱਖ ਰੁਪਏ ਮਹੀਨਾ ਕਿਸ਼ਤ ਦੇ ਰੂਪ 'ਚ ਵਾਪਸ ਕਰਨ ਦੀ ਗੱਲ ਕਹੀ ਹੈ। ਉਸ ਨੇ ਕਿਹਾ ਕਿ ਦੋਵੇਂ ਏਜੰਟਾਂ ਤੇ ਕਲਰਕ ਵਰਿੰਦਰ ਸਿੰਘ ਨੇ ਕਿੰਨੀ ਰਕਮ ਰੱਖੀ ਹੈ, ਉਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ। ਵਰਿੰਦਰ ਸਿੰਘ ਹੀ ਫਰਜ਼ੀ ਨਿਯੁਕਤੀ ਪੱਤਰ ਜਾਰੀ ਕਰਦਾ ਸੀ।

ਜਾਂਚ ਤੋਂ ਬਾਅਦ ਕੀਤੀ ਜਾਵੇਗੀ ਕਾਰਵਾਈ : ਐੱਸਐੱਸਪੀ

ਐੱਸਐੱਸਪੀ ਬਠਿੰਡਾ ਡਾ. ਨਾਨਕ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਜਾਂਚ 'ਚ ਜੋ ਲੋਕ ਵੀ ਮੁਲਜ਼ਮ ਪਾਏ ਜਾਣਗੇ, ਉਨ੍ਹਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।