ਹਰਕ੍ਰਿਸ਼ਨ ਸ਼ਰਮਾ, ਬਠਿੰਡਾ : 18-19 ਜੂਨ ਦੀ ਰਾਤ ਨੂੰ ਚਾਰ ਨਾਬਾਲਗ ਨੌਜਵਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜੀਤ ਰੋਡ ਨੇੜੇ ਸਾਹਿਬਜ਼ਾਦਾ ਅਜੀਤ ਸਿੰਘ ਚੌਕ ਵਿਖੇ ਬੁੱਤ 'ਤੇ ਚੜ੍ਹ ਕੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਜਦਕਿ ਬੁੱਤ ਉੱਪਰ ਚੜ੍ਹ ਕੇ ਹੁੱਲ੍ਹੜਬਾਜ਼ੀ ਵੀ ਕੀਤੀ।

ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਉਪਰੋਕਤ ਚਾਰ ਨੌਜਵਾਨਾਂ ਨੂੰ ਗਿ੍ਫਤਾਰ ਕਰ ਉਨਾਂ੍ਹ ਖ਼ਿਲਾਫ਼ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਚਾਰਾਂ ਨੌਜਵਾਨਾਂ ਨੂੰ ਨਾਬਾਲਗ ਹੋਣ ਕਾਰਨ ਜ਼ਮਾਨਤ ''ਤੇ ਰਿਹਾਅ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਉਕਤ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਹੰਗਾਮੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਇਸ ਬਾਅਦ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੁਲਿਸ ਨੇ ਉਕਤ ਨੌਜਵਾਨਾਂ ਦੀ ਪਛਾਣ ਕਰ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ।

ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਪਰਮਿੰਦਰ ਸਿੰਘ ਨੇ ਦੱਸਿਆ ਕਿ 18-19 ਜੂਨ ਦੀ ਦੇਰ ਰਾਤ ਨੂੰ ਪੁਲਿਸ ਟੀਮ ਗਸ਼ਤ ਕਰ ਰਹੀ ਸੀ। ਇਸ ਦੌਰਾਨ ਪੁਲਿਸ ਟੀਮ ਨੂੰ ਸੂਚਨਾ ਮਿਲੀ ਕਿ ਕੁਝ ਨੌਜਵਾਨ ਘੋੜੇ ਵਾਲਾ ਚੌਕ 'ਚ ਬਣੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਬੁੱਤ 'ਤੇ ਚੜ੍ਹ ਰਹੇ ਸਨ ਅਤੇ ਬੁੱਤ ਨਾਲ ਛੇੜਛਾੜ ਕਰ ਕੇ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਜਦੋਂ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਤਾਂ ਕਥਿਤ ਦੋਸ਼ੀ ਅੰਸਨੂਰ ਨਿਵਾਸੀ ਮਾਡਲ ਟਾਊਨ ਬਠਿੰਡਾ, ਗੁਰਸਾਂਤ ਸਿੰਘ ਵਾਸੀ ਆਦਰਸ਼ ਨਗਰ ਬਠਿੰਡਾ, ਰਨਵੀਰ ਸਿੰਘ ਨਿਵਾਸੀ ਗੁਰੂ ਤੇਗ ਬਹਾਦਰ ਬਠਿੰਡਾ ਅਤੇ ਟੇਕਵੀਰ ਸਿੰਘ ਨਿਵਾਸੀ ਮਾਡਲ ਟਾਊਨ ਬਠਿੰਡਾ ਬੁੱਤ 'ਤੇ ਚੜ੍ਹ ਕੇ ਹੰਗਾਮਾ ਕਰ ਰਹੇ ਸਨ। ਪੁਲਿਸ ਨੇ ਚਾਰੇ ਨੌਜਵਾਨਾਂ ਨੂੰ ਗਿ੍ਫ਼ਤਾਰ ਕਰ ਕੇ ਉਨਾਂ੍ਹ ਕੋਲੋਂ ਐੱਚਆਰ -08 ਜ਼ੈਡ -6000 ਗੱਡੀ ਬਰਾਮਦ ਕੀਤੀ ਹੈ।

ਏਐੱਸਆਈ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਪਰੋਕਤ ਚਾਰੇ ਨੌਜਵਾਨ ਨਾਬਾਲਗ ਹੋਣ ਕਾਰਨ ਜ਼ਮਾਨਤ 'ਤੇ ਰਿਹਾਅ ਹੋ ਗਏ ਹਨ।