ਪੱਤਰ ਪ੍ੇਰਕ, ਬਠਿੰਡਾ : ਨਾਜਾਇਜ਼ ਸ਼ਰਾਬ ਦੀ ਤਸਕਰੀ ਕਰਨ ਵਾਲੇ ਵਿਅਕਤੀਆਂ ਦੀ ਗੱਡੀ ਦੀ ਟੱਕਰ ਨਾਲ ਜ਼ਖਮੀ ਹੋਏ ਵਿਅਕਤੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਚਾਰ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਪਰਚਾ ਦਰਜ ਕੀਤਾ ਹੈ। ਜਿਕਰਯੋਗ ਹੈ ਕਿ ਥਾਣਾ ਕੋਟਫ਼ੱਤਾ ਅਧੀਨ ਪੈਂਦੇ ਪਿੰਡ ਰਾਮਗੜ੍ਹ ਭੂੰਦੜ ਕੋਲ ਇਕ ਟ੍ੈਕਟਰ ਅਤੇ ਇਕ ਗੱਡੀ ਦੀ ਟੱਕਰ ਹੋ ਗਈ ਸੀ। ਜਿਸ ਕਾਰਨ ਗੱਡੀ ਸਵਾਰ ਵਿਅਕਤੀ ਮੌਕੇ ਤੋਂ ਭੱਜ ਗਏ ਸਨ ਅਤੇ ਪੁਲਿਸ ਨੇ ਹਾਦਸੇ ਦਾ ਸ਼ਿਕਾਰ ਹੋਈ ਗੱਡੀ ਵਿਚੋਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਸੀ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਜਰਨੈਲ ਸਿੰਘ ਵਾਸੀ ਰਾਮਗੜ੍ਹ ਭੂੰਦੜ ਨੇ ਦੱਸਿਆ ਕਿ ਲੰਘੀ 7 ਫਰਵਰੀ ਨੂੰ ਉਹ ਆਪਣੇ ਟ੍ੈਕਟਰ 'ਤੇ ਪਿੰਡ ਵੱਲ ਜਾ ਰਿਹਾ ਸੀ। ਇਸ ਦੌਰਾਨ ਇਕ ਤੇਜ਼ ਰਫ਼ਤਾਰ ਗੱਡੀ ਨੇ ਉਸਦੇ ਟ੍ੈਕਟਰ ਨੂੰ ਟੱਕਰ ਮਾਰ ਦਿੱਤੀ ਸੀ ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਉਕਤ ਮਾਮਲੇ ਦੀ ਪੜਤਾਲ ਕਰ ਰਹੇ ਸਹਾਇਕ ਥਾਣੇਦਾਰ ਅਜੈਬ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ 'ਤੇ ਪਹੰੁਚੀ ਤਾਂ ਗੱਡੀ ਸਵਾਰ ਵਿਅਕਤੀ ਗੱਡੀ ਛੱਡ ਕੇ ਫਰਾਰ ਹੋ ਚੁੱਕੇ ਸਨ। ਇਸ ਉਪਰੰਤ ਜਦ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 16 ਡੱਬੇ ਹਰਿਆਣਾ ਦੀ ਬਣੀ ਹੋਈ ਸ਼ਰਾਬ ਦੇ ਬਰਾਮਦ ਕੀਤੇ ਗਏ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਭੱਜ ਗਏ ਵਿਅਕਤੀਆਂ ਦੀ ਸ਼ਿਨਾਖਤ ਕੁਲਦੀਪ ਸਿੰਘ, ਭੁਪਿੰਦਰ ਸਿੰਘ ਵਾਸੀ ਸਰਦੂਲਗੜ੍ਹ ਅਤੇ ਨਰੈਣ ਸਿੰਘ, ਕੁਲਦੀਪ ਸਿੰਘ ਵਾਸੀ ਪਿੰਡ ਰੋੜੀ ਦੇ ਤੌਰ 'ਤੇ ਹੋਈ ਹੈ।