ਦੀਪਕ ਸ਼ਰਮਾ, ਬਠਿੰਡਾ : ਮੌੜ ਮੰਡੀ ਵਿਖੇ ਨੌਜਵਾਨ ਨੂੰ ਕਤਲ ਕਰਕੇ ਨਹਿਰ 'ਚ ਸੁੱਟਣ ਦੇ ਮਾਮਲੇ ਵਿਚ ਪੁਲਿਸ ਨੇ ਦੋ ਸਕੇ ਭਰਾਵਾਂ ਸਮੇਤ ਚਾਰ ਵਿਅਕਤੀਆਂ ਖਿਲਾਫ਼ ਧਾਰਾ 302 ਤਹਿਤ ਪਰਚਾ ਦਰਜ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਮਿ੍ਤਕ ਅਮਨਿੰਦਰ ਸਿੰਘ ਉਰਫ਼ ਮੰਜਾ ਦੀ ਮਾਂ ਬਲਵੀਰ ਕੌਰ ਵਾਸੀ ਮੌੜ ਮੰਡੀ ਦੇ ਬਿਆਨਾਂ 'ਤੇ ਅਮਲ 'ਚ ਲਿਆਂਦੀ ਹੈ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਬਲਵੀਰ ਕੌਰ ਨੇ ਦੱਸਿਆ ਕਿ 9 ਜੁਲਾਈ ਨੂੰ ਉਸ ਦੇ ਲੜਕੇ ਅਮਨਿੰਦਰ ਸਿੰਘ ਨੂੰ ਖਰਾਜੀ ਸਿੰਘ, ਸੁਖਵੀਰ ਸਿੰਘ, ਲਖਵੀਰ ਸਿੰਘ, ਮੰਗਾ ਸਿੰਘ ਵਾਸੀ ਮੌੜ ਕਲਾਂ ਅਤੇ 4-5 ਅਣਪਛਾਤੇ ਵਿਅਕਤੀ ਅਗਵਾ ਕਰਕੇ ਲੈ ਗਏ ਸਨ ਤੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਕੇ ਲਾਸ਼ ਨੂੰ ਨਹਿਰ ਵਿਚ ਸੁੱਟ ਦਿੱਤਾ ਸੀ। ਪੀੜਤਾ ਨੇ ਦੱਸਿਆ ਕਿ ਉਕਤ ਵਿਅਕਤੀਆਂ ਨਾਲ ਉਸ ਦੇ ਲੜਕੇ ਦਾ ਪੁਰਾਣਾ ਝਗੜਾ ਸੀ, ਜਿਸ ਦੀ ਰੰਜਿਸ਼ ਤਹਿਤ ਕਤਲ ਦੀ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਲਵੀਰ ਕੌਰ ਦੀ ਸ਼ਿਕਾਇਤ 'ਤੇ ਕਥਿਤ ਦੋਸ਼ੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀਆਂ ਦੀ ਭਾਲ ਜਾਰੀ ਹੈ। ਜਾਣਕਾਰੀ ਅਨੁਸਾਰ ਵੀਰਵਾਰ ਦੀ ਰਾਤ ਨੂੰ ਅਮਨਿੰਦਰ ਸਿੰਘ ਮੰਜਾ ਉਮਰ ਲੱਗਭੱਗ ਕਰੀਬ 35 ਸਾਲ ਪੁੱਤਰ ਸੁਖਚੰਦ ਸਿੰਘ ਵਾਸੀ ਮੌੜ ਕਲਾਂ ਹਾਲ ਅਬਾਦ ਮੌੜ ਮੰਡੀ ਵਾਰਡ ਨੰਬਰ 15 ਬੀਤੀ ਰਾਤ ਆਪਣੇ ਸਾਥੀਆਂ ਨਾਲ ਕਰੀਬ 9 ਕੁ ਵਜੇ ਰੁੱਘੂ ਪੱਤੀ ਮੌੜ ਕਲਾਂ ਦੇ ਪਾਰਕ 'ਚ ਬੈਠਾ ਸੀ, ਤਾਂ ਕੁਝ ਵਿਅਕਤੀ ਕਿਰਪਾਨਾਂ ਨਾਲ ਲੈਸ ਹੋ ਕੇ ਕਾਰ 'ਤੇ ਸਵਾਰ ਹੋ ਪਾਰਕ 'ਚ ਪਹੰੁਚੇ ਅਤੇ ਉਹ ਅਮਨਿੰਦਰ ਸਿੰਘ ਮੰਜਾ ਨੂੰ ਅਗਵਾ ਕਰਕੇ ਲੈ ਗਏ ਸਨ।