ਸੱਤਪਾਲ ਸਿਵੀਆਂ, ਗੋਨਿਆਣਾ ਮੰਡੀ : ਬਠਿੰਡਾ-ਬਾਜਾਖ਼ਾਨਾ ਮਾਰਗ 'ਤੇ ਪਿੰਡ ਗੋਨਿਆਣਾ ਖ਼ੁਰਦ ਕੋਲ ਬੱਸ ਅਤੇ ਕਾਰ ਦੀ ਟੱਕਰ ਵਿਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਮਰਨ ਵਾਲੇ ਚਾਰੇ ਜਣੇ ਬੱਸ ਵਿਚ ਸਵਾਰ ਸਨ। ਇਕ ਨਿੱਜੀ ਕੰਪਨੀ ਦੀ ਬੱਸ (ਪੀਬੀ04ਐਮ-9885) ਬਠਿੰਡੇ ਤੋਂ ਬਾਜਾਖ਼ਾਨਾ ਵੱਲ ਜਾ ਰਹੀ ਸੀ ਕਿ ਸਾਹਮਣਿਓਂ ਆ ਰਹੀ ਇਕ ਬਲੈਰੋ (ਪੀਬੀ60ਸੀ-4789) ਦੇ ਅੱਗੇ ਅਚਾਨਕ ਮੋਟਰਸਾਈਕਲ ਸਵਾਰ ਆ ਗਿਆ। ਉਸ ਨੂੰ ਬਚਾਉਂਦੇ ਹੋਏ ਤੇਜ਼ ਰਫ਼ਤਾਰ ਬੇਕਾਬੂ ਹੋਈ ਬਲੈਰੋ ਡਿਵਾਈਡਰ ਪਾਰ ਕਰ ਕੇ ਬੱਸ ਨਾਲ ਜਾ ਟਕਰਾਈ। ਬੱਸ ਕੁਝ ਦੂਰੀ 'ਤੇ ਸੜਕ ਕਿਨਾਰੇ ਪਲਟ ਗਈ। ਇਸ ਦੌਰਾਨ ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਤੇ ਚਾਰ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮਰਨ ਵਾਲਿਆਂ ਵਿਚ ਇਕ ਔਰਤ ਸ਼ਾਮਲ ਹੈ। ਤਿੰਨ ਲਾਸ਼ਾਂ ਨੂੰ ਸਿਵਲ ਹਸਪਤਾਲ ਬਠਿੰਡਾ ਦੇ ਮੁਰਦਾਘਰ ਵਿਖੇ ਪਹੁੰਚਾਇਆ ਗਿਆ ਅਤੇ ਇਕ ਲਾਸ਼ ਗੋਨਿਆਣਾ ਦੇ ਸਿਵਲ ਹਸਪਤਾਲ 'ਚ ਰੱਖੀ ਗਈ, ਜਿਸ ਦੀ ਪਛਾਣ ਗੁਰਦਿੱਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਬਾਜਾਖ਼ਾਨਾ ਵਜੋਂ ਹੋਈ ਹੈ। ਇਕ ਹੋਰ ਮਿ੍ਤਕ ਦੀ ਪਛਾਣ ਮਨਿੰਦਰ ਸਿੰਘ ਪੁੱਤਰ ਗੁਰਲਾਲ ਸਿੰਘ ਵਾਸੀ ਫੁੱਲੋ ਮਿੱਠੀ ਵਜੋਂ ਹੋਈ ਹੈ। ਜ਼ਖ਼ਮੀ ਸਵਾਰੀਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ। ਬੱਸ ਦੇ ਸ਼ੀਸ਼ੇ ਤੋੜ ਕੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਗਿਆ ਤੇ ਬਾਅਦ ਵਿਚ ਜੇਸੀਬੀ ਦੀ ਮਦਦ ਨਾਲ ਬੱਸ ਅਤੇ ਕਾਰ ਨੂੰ ਸਿੱਧਾ ਕੀਤਾ ਗਿਆ।

ਜ਼ਖ਼ਮੀ ਸਵਾਰੀਆਂ 'ਚ ਪਰਮਜੀਤ ਕੌਰ, ਗੁਰਪ੍ਰੀਤ ਕੌਰ ਗੰਗਾਨਗਰ, ਕੁਲਦੀਪ ਸਿੰਘ ਫ਼ਰੀਦਕੋਟ, ਹਿਮਾਂਸ਼ੂ ਮੱਲ ਕੇ, ਨਛੱਤਰ ਸਿੰਘ, ਰਾਜਵਿੰਦਰ ਕੌਰ, ਬਲਕਾਰ ਸਿੰਘ, ਅਮਰਜੀਤ ਕੌਰ, ਮਨਜੀਤ ਕੌਰ, ਪ੍ਰਰੀਤਮ ਕੋਰ, ਜਸਵਿੰਦਰ ਸਿੰਘ, ਗੁਰਲਾਲ ਸਿੰਘ, ਸਰਬਜੀਤ ਕੌਰ, ਜਸ਼ਨਪ੍ਰੀਤ ਕੌਰ, ਤਰਲੋਕ ਸਿੰਘ ਅਤੇ ਵੀਰਪਾਲ ਕੌਰ ਸ਼ਾਮਲ ਹਨ। ਹਾਦਸੇ ਦਾ ਪਤਾ ਲੱਗਣ 'ਤੇ ਏਡੀਸੀ ਬਠਿੰਡਾ ਸੁਖਪ੍ਰਰੀਤ ਸਿੰਘ ਸਿੱਧੂ, ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ, ਨਾਇਬ-ਤਹਿਸੀਲਦਾਰ ਗੋਨਿਆਣਾ ਸੁਖਜੀਤ ਸਿੰਘ ਬਰਾੜ ਅਤੇ ਹਲਕਾ ਭੁੱਚੋ ਦੇ ਡੀਐੱਸਪੀ ਗੋਪਾਲ ਚੰਦ ਭੰਡਾਰੀ ਮੌਕੇ 'ਤੇ ਪੁੱਜੇ।

--------------------------------------------