ਵੀਰਪਾਲ ਭਗਤਾ, ਭਗਤਾ ਭਾਈਕਾ : ਨੇੜਲੇ ਪਿੰਡ ਗੁਰੂਸਰ ਵਿਚ 2 ਵਿਅਕਤੀਆਂ ਨੇ ਭੇਡਾਂ ਬੱਕਰੀਆਂ ਲੁੱਟਣ ਲਈ ਇਨ੍ਹਾਂ ਦੇ ਮਾਲਕ ਦਾ ਕਤਲ ਕਰ ਦਿੱਤਾ। ਘਟਨਾ ਅੰਜਾਮ ਦੇਣ ਤੋਂ ਬਾਅਦ ਲੁਟੇਰੇ 45 ਭੇਡਾਂ ਤੇ ਬੱਕਰੀਆਂ ਲੈ ਕੇ ਫ਼ਰਾਰ ਹੋ ਗਏ। ਲੁੱਟੀਆਂ ਗਈਆਂ ਭੇਡਾਂ-ਬੱਕਰੀਆਂ ਨੂੰ ਬਰਾਮਦ ਹੋ ਗਈਆਂ ਹਨ।

ਥਾਣਾ ਭਗਤਾ ਦੇ ਇੰਚਾਰਜ ਰਜਿੰਦਰ ਕੁਮਾਰ ਨੇ ਦੱਸਿਆ ਕਿ ਮਿ੍ਤਕ ਦੇ ਪੁੱਤਰ ਗੁਰਬਿੰਦਰ ਸਿੰਘ ਨੇ ਦੱਸਿਆ ਹੈ ਕਿ ਉਹ ਤੇ ਉਸ ਦਾ ਪਿਤਾ ਕਰੀਬ 150 ਭੇਡਾਂ ਤੇ ਬੱਕਰੀਆਂ ਪਿੰਡ ਦੇ ਨਾਲ ਲੱਗਦੀ ਡਰੇਨ ਉੱਪਰ ਚਾਰ ਕੇ ਵਾਪਸ ਆ ਰਹੇ ਸਨ। ਵਾਪਸੀ ਸਮੇਂ ਸੋਨੀ ਥਰਾਜ ਤੇ ਰੇਸ਼ਮ ਸਿੰਘ ਵਾਸੀ ਚੌਧਰੀ ਸਿੰਘ ਵਾਲਾ ਭੇਡਾਂ ਬੱਕਰੀਆਂ ਉਧਾਰ ਖਰੀਦਣ ਦੀ ਜ਼ਿਦ ਕਰਨ ਲੱਗੇ ਤੇ ਜਦੋਂ ਉਨ੍ਹਾਂ ਨਾਂਹ ਕਰ ਦਿੱਤੀ ਤਾਂ ਹਮਲਾਵਰਾਂ ਨੇ ਹੱਥੋਪਾਈ ਕੀਤੀ।

ਸੋਨੀ ਨੇ ਮੋਟਰ ਸਾਈਕਲ ਵਿੱਚੋਂ ਕਿਰਚ ਕੱਢ ਲਈ ਤੇ ਰੇਸ਼ਮ ਨੇ ਕਹੀ ਦੇ ਦਸਤੇ ਨਾਲ ਗੁਰਚਰਨ ਸਿੰਘ ਉੱਪਰ ਵਾਰ ਕਰਨੇ ਸ਼ੁਰੂ ਕਰ ਦਿੱਤੇ ਤੇ ਲੁਟੇਰਿਆਂ ਨੇ ਜਦ ਲਲਕਾਰਾ ਮਾਰਿਆ ਤਾਂ ਉਸ ਨੇ ਭੱਜ ਕੇ ਜਾਨ ਬਚਾਈ। ਗੁਰਬਿੰਦਰ ਆਪਣੇ ਚਾਚਾ ਜੁਗਰਾਜ ਸਿੰਘ ਤੇ ਪਿੰਡ ਵਾਸੀਆਂ ਨੂੰ ਨਾਲ ਲੈ ਘਟਨਾ ਸਥਾਨ 'ਤੇ ਪੁੱਜਾ ਪਰ ਉਨ੍ਹਾਂ ਨੂੰ ਕੁਝ ਪਤਾ ਨਾ ਲੱਗਿਆ। ਸਵੇਰ ਵੇਲੇ ਭਾਲ ਕਰਨ 'ਤੇ ਗੁਰਚਰਨ ਸਿੰਘ ਦੀ ਲਾਸ਼ ਪਿੰਡ ਦੀ ਡਰੇਨ ਵਿਚ ਪਈ ਮਿਲੀ ਜਦਕਿ ਕੁਝ ਪਸ਼ੂਧਨ (ਭੇਡਾਂ ਬੱਕਰੀਆਂ) ਗ਼ਾਇਬ ਸਨ । ਮਿ੍ਤਕ ਦੇ ਪੁੱਤਰ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਕਤਲ ਕਰ ਕੇ ਸੋਨੀ ਥਰਾਜ ਤੇ ਰੇਸ਼ਮ ਸਿੰਘ ਉਨ੍ਹਾਂ ਦੀਆਂ ਭੇਡਾਂ ਬੱਕਰੀਆਂ ਨੂੰ ਬਾਗਦੀਨ ਸਿੰਘ ਵਾਸੀ ਜੀਤਾ ਵਾਲਾ ਦੇ ਵਹੀਕਲ ਵਿਚ ਲੱਦ ਕੇ ਨਰੇਸ਼ ਕੁਮਾਰ ਵਾਸੀ ਭਦੌੜ ਪਾਸ ਲੈ ਗਏ।

ਪੁਲਿਸ ਨੇ ਰੇਸ਼ਮ ਸਿੰਘ, ਸੋਨੀ ਥਰਾਜ, ਬਾਗਦੀਨ ਸਿੰਘ ਤੇ ਨਰੇਸ਼ ਵਾਸੀ ਭਦੌੜ ਨੂੰ ਗਿ੍ਫਤਾਰ ਕਰ ਕੇ ਮੁਕੱਦਮਾ ਦਰਜ ਕਰਨ ਮਗਰੋਂ ਚੋਰੀ ਕੀਤੀਆਂ ਭੇਡਾਂ ਬੱਕਰੀਆਂ ਨੂੰ ਬਰਾਮਦ ਕਰ ਲਿਆ ਹੈ। ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ।