ਪੱਤਰ ਪੇ੍ਰਕ, ਤਲਵੰਡੀ ਸਾਬੋ :

ਪਿਛਲੇ ਦਿਨਾਂ ਵਿਚ ਇਲਾਕੇ ਅੰਦਰ ਹੋਈ ਭਾਰੀ ਬਾਰਿਸ਼ ਉਪਰੰਤ ਹੋਏ ਫਸਲਾਂ ਦੇ ਖਰਾਬੇ ਅਤੇ ਨੁਕਸਾਨੇ ਘਰਾਂ ਦਾ ਜਾਇਜ਼ਾ ਲੈਣ ਲਈ ਅਕਾਲੀ ਦਲ ਦੇ ਹਲਕਾ ਇੰਚਾਰਜ਼ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਵੱਲੋਂ ਦੂਜੇ ਦਿਨ ਨੁਕਸਾਨੇ ਘਰਾਂ ਦਾ ਜਾਇਜ਼ਾ ਲੈ ਕੇ ਸਰਕਾਰ ਤੋਂ ਉਚਿਤ ਆਰਥਿਕ ਸਹਾਇਤਾ ਦੀ ਮੰਗ ਕੀਤੀ। ਸਾਬਕਾ ਵਿਧਾਇਕ ਨੇ ਇਸ ਮੌਕੇ ਖਰਾਬ ਹੋਈਆਂ ਫਸਲਾਂ ਦੀ ਵਿਸ਼ੇਸ ਗਿਰਦਾਵਰੀ ਦੀ ਮੰਗ ਵੀ ਐੱਸਡੀਐੱਮ ਤਲਵੰਡੀ ਸਾਬੋ ਕੋਲ ਉਠਾਈ। ਸਿੱਧੂ ਨੇ ਤਲਵੰਡੀ ਸਾਬੋ ਦੇ ਜ਼ਿਆਦਾਤਰ ਦਲਿਤ ਵਿਹੜਿਆਂ ਵਿਚ ਮੀਂਹ ਨਾਲ ਹੋਏ ਘਰਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ। ਇਸ ਮੌਕੇ ਵਿਸ਼ੇਸ ਤੌਰ 'ਤੇ ਮੌਜੂਦ ਬਸਪਾ ਦੇ ਸੂਬਾਈ ਆਗੂ ਮਾ.ਜਗਦੀਪ ਸਿੰਘ ਗੋਗੀ ਨੇ ਸਾਬਕਾ ਵਿਧਾਇਕ ਨੂੰ ਦੱਸਿਆ ਕਿ ਆਰਥਿਕ ਮਦਦ ਤਾਂ ਦੂਰ ਅਜੇ ਤਕ ਨੁਕਸਾਨੇ ਘਰਾਂ ਦੇ ਮਾਲਕਾਂ ਦੀ ਕੋਈ ਸਾਰ ਤਕ ਲੈਣ ਨਹੀ ਪੁੱਜਾ, ਜਦੋਂਕਿ ਕਈ ਪਰਿਵਾਰ ਖਰਾਬ ਮੌਸਮ ਵਿਚ ਖੁੱਲੇ ਆਸਮਾਨ ਹੇਠ ਰਹਿਣ ਲਈ ਮਜ਼ਬੂਰ ਹਨ ਅਤੇ ਕਈਆਂ ਦਾ ਕੀਮਤੀ ਸਮਾਨ ਤਬਾਹ ਹੋ ਗਿਆ। ਇਸ ਮੌਕੇ ਕਈ ਗਰੀਬ ਪਰਿਵਾਰਾਂ ਨੇ ਸਾਬਕਾ ਵਿਧਾਇਕ ਨੂੰ ਦੱਸਿਆ ਕਿ ਉਨਾਂ੍ਹ ਦੇ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਹਨ ਅਤੇ ਹੁਣ ਉਨਾਂ੍ਹ ਕੋਲ ਸਿਰ ਲੁਕਾਉਣ ਲਈ ਵੀ ਜਗ੍ਹਾ ਨਹੀ। ਇਸ ਮੌਕੇ ਉਨਾਂ੍ਹ ਪ੍ਰਸ਼ਾਸਨ ਜਾਂ ਸਰਕਾਰ ਦੇ ਕਿਸੇ ਨੁਮਾਇੰਦੇ ਵੱਲੋਂ ਪੀੜਿਤਾਂ ਦੀ ਸਾਰ ਨਾ ਲੈਣ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਆਰਥਿਕ ਮਦਦ ਬਾਅਦ ਦੀ ਗੱਲ ਹੈ ਪਰ ਦੁੱਖ ਵੰਡਾਉਣ ਨਾਲ ਵੀ ਲੋਕਾਂ ਨੂੰ ਤਸੱਲੀ ਮਿਲ ਜਾਂਦੀ ਹੈ। ਉਨਾਂ੍ਹ ਇਸ ਮੌਕੇ ਫੋਨ 'ਤੇ ਐੱਸਡੀਐੱਮ ਤਲਵੰਡੀ ਸਾਬੋ ਬਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਜਿੱਥੇ, ਨੁਕਸਾਨੇ ਘਰਾਂ ਦਾ ਸਰਵੇਖਣ ਕਰਵਾਉਣ, ਉੱਥੇ ਮੀਂਹ ਕਾਰਣ ਨੁਕਸਾਨੀਆਂ ਫਸਲਾਂ ਦੀ ਵੀ ਵਿਸ਼ੇਸ ਗਿਰਦਾਵਰੀ ਕਰਵਾਉਣ ਤਾਂ ਕਿ ਪ੍ਰਭਾਵਿਤ ਕਿਸਾਨਾਂ ਨੂੰ ਉਚਿਤ ਮੁਆਵਜਾ ਮਿਲ ਸਕੇ।