ਜਗਤਾਰ ਸਿੰਘ ਧੰਜਲ, ਮਾਨਸਾ : ਸ਼ੁੱਕਰਵਾਰ ਨੂੰ ਮਾਨਸਾ 'ਚ ਕੋਰੋਨਾ ਦਾ ਪ੍ਰਭਾਵ ਵਧਿਆ। ਇੱਕ ਦਿਨ ਵਿੱਚ ਕੋਰੋਨਾ ਦੇ 9 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ 22 ਹੋ ਗਈ ਹੈ। ਇੰਨਾਂ ਕੋਰੋਨਾ ਮਰੀਜ਼ਾਂ ਵਿੱਚ ਇੱਕ ਸਾਬਕਾ ਵਿਧਾਇਕ ਸਮੇਤ ਸਰਕਾਰੀ ਸਕੂਲ ਦੇ 2 ਅਧਿਆਪਕ ਤੇ ਹਸਪਤਾਲ ਜਣੇਪਾ ਕਰਵਾਉਣ ਆਈ ਇੱਕ ਅੌਰਤ ਵੀ ਸ਼ਾਮਿਲ ਹੈ। ਇਸ ਦੇ ਇਲਾਵਾ ਮਾਨਸਾ 'ਚ ਇਸ ਵੇਲੇ 10, ਬੁਢਲਾਡਾ ਚ 7, ਖਿਆਲਾ ਕਲਾਂ 'ਚ 1 ਅਤੇ ਸਰਦੂਲਗੜ੍ਹ ਚ 4 ਮਾਮਲੇ ਪਾਏ ਗਏ ਹਨ। ਜਿਸ ਦੌਰਾਨ ਹੁਣ ਤੱਕ ਮਾਨਸਾ ਵਿੱਚ 1043, ਬੁਢਲਾਡਾ ਚ 665, ਖਿਆਲਾ ਕਲਾਂ ਵਿੱਚ 361 ਅਤੇ ਸਰਦੂਲਗੜ੍ਹ ਚ 449 ਵਿਅਕਤੀਆਂ ਨੂੰ ਕੋਰੋਨਾ ਹੋ ਚੁੱਕਿਆ ਹੈ। ਜਿੰਨਾਂ ਦੀ ਕੁੱਲ ਗਿਣਤੀ 2518 ਬਣਦੀ ਹੈ।

ਹੁਣ ਤੱਕ ਮਾਨਸਾ ਵਿੱਚ 107723 ਨਮੂਨੇ ਲਏ ਜਾ ਚੁੱਕੇ ਹਨ ਅਤੇ 54 ਦੇ ਕਰੀਬ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਨਵੇਂ ਸਾਹਮਣੇ ਆਏ 9 ਮਾਮਲਿਆਂ ਵਿੱਚ ਇੱਕ ਸਾਬਕਾ ਵਿਧਾਇਕ ਸਮੇਤ ਬੁਢਲਾਡਾ ਦੇ ਸਰਕਾਰੀ ਸਕੂਲ ਦਾ ਇੱਕ ਅਧਿਆਪਕ ਅਤੇ ਬਰੇਟਾ ਦੇ ਸਰਕਾਰੀ ਸਕੂਲ ਦਾ ਅਧਿਆਪਕ ਅਤੇ ਸਰਕਾਰੀ ਹਸਪਤਾਲ 'ਚ ਜਣੇਪਾ ਕਰਵਾਉਣ ਆਈ ਇੱਕ ਅੌਰਤ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਜਿੰਨਾਂ ਦਾ ਚੈਕਅੱਪ ਕਰ ਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇੰਨਾਂ ਵਿਅਕਤੀਆਂ ਨੁੰ ਏਕਾਂਤਵਾਸ ਕੀਤਾ ਗਿਆ ਹੈ। ਉਧਰ ਸਰਕਾਰੀ ਅਤੇ ਨਿੱਜੀ ਹਸਪਤਾਲਾਂ 'ਚ ਕੋਰੋਨਾ ਵੈਕਸੀਨ ਦੀ ਤੀਜੀ ਡੋਜ਼ ਲਾਈ ਜਾ ਰਹੀ ਹੈ। ਜਿਸ ਤੋਂ ਲੋਕਾਂ ਨੂੰ ਸਾਵਧਾਨ ਕੀਤਾ ਜਾ ਰਿਹਾ ਹੈ। ਮਾਨਸਾ 'ਚ ਕੋਰੋਨਾ ਮਰੀਜ਼ ਲਗਾਤਾਰ ਵੱਧ ਰਹੇ ਹਨ ਤੇ ਸਿਹਤ ਵਿਭਾਗ ਦੀ ਟੀਮ ਪ੍ਰਤੀ ਦਿਨ ਸੈਂਕੜਿਆਂ ਦੀ ਗਿਣਤੀ 'ਚ ਸ਼ੱਕੀ ਮਰੀਜ਼ਾਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜ ਰਹੀ ਹੈ। ਹਾਲੇ ਵਿਭਾਗ ਵੱਲੋਂ ਕਈ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪਛਾਣ ਗੁਪਤ ਰੱਖੀ ਜਾ ਰਹੀ ਹੈ ਅਤੇ ਉਨ੍ਹਾਂ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ ਦੇ ਤੇਜ਼ੀ ਨਾਲ ਨਮੂਨੇ ਲਏ ਜਾ ਰਹੇ ਹਨ।

ਸਿਵਲ ਸਰਜਨ ਮਾਨਸਾ ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਮਾਨਸਾ ਤੇ ਜੱਚਾ ਬੱਚਾ ਹਸਪਤਾਲ ਮਾਨਸਾ ਵਿਖੇ ਕੋਰੋਨਾ ਵੈਕਸੀਨ ਬਿਲਕੁਲ ਮੁਫ਼ਤ ਲੱਗ ਰਹੀ ਹੈ, ਜੋ ਸਵੇਰੇ ਸਾਢੇ 9 ਤੋਂ 3 ਵਜੇ ਤੱਕ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 60 ਸਾਲ ਦੀ ਉਮਰ ਵਾਲੇ ਸਾਰੇ ਸੀਨੀਅਰ ਸਿਟੀਜ਼ਨਾਂ ਨੂੰ ਅਤੇ 45 ਤੋਂ 60 ਸਾਲ ਤੱਕ ਦੀ ਉਮਰ ਦੇ ਦਿਲ ਦੇ ਮਰੀਜ਼, ਸ਼ੂਗਰ ਮਰੀਜ਼ ਜਾਂ ਗੰਭੀਰ ਬਿਮਾਰੀ ਤੋਂ ਪੀੜਤ ਵਿਅਕਤੀਆਂ ਨੂੰ ਵੀ ਇਹ ਦਵਾਈ ਲਗਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਅਕਤੀ ਇਸ ਲਈ ਕੋਈ ਵੀ ਆਈ.ਡੀ ਪਰੂਫ ਲੈ ਕੇ ਆਉਣ ਅਤੇ ਇਹ ਦਵਾਈ ਸਰਕਾਰ ਪਾਸੋਂ ਬਿਲਕੁੱਲ ਮੁਫ਼ਤ ਹੈ।