ਪੱਤਰ ਪ੫ੇਰਕ, ਬਿਠੰਡਾ : ਸਥਾਨਕ ਸੀਆਈਏ ਵਿੰਗ 1 ਦੀ ਪੁਲਿਸ ਨੇ ਇਕ ਕਾਰਵਾਈ ਦੌਰਾਨ ਕਾਰ ਸਵਾਰ ਪੰਜ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਹਜ਼ਾਰਾਂ ਦੀ ਗਿਣਤੀ ਵਿਚ ਨਸ਼ੀਲੀਆਂ ਗੋਲੀਆਂ ਦੀ ਖੇਪ ਬਰਾਮਦ ਕੀਤੀ ਹੈ। ਇਸ ਉਪਰੰਤ ਪੁਲਿਸ ਨੇ ਫੜ੍ਹੇ ਗਏ ਵਿਅਕਤੀਆਂ 'ਤੇ ਥਾਣਾ ਥਰਮਲ ਵਿਖੇ ਐਨਡੀਪੀਅੇਸ ਐਕਟ ਅਧੀਨ ਪਰਚਾ ਦਰਜ ਕੀਤਾ ਹੈ। ਜਿਕਰਯੋਗ ਹੈ ਕਿ ਫੜ੍ਹੇ ਗਏ ਨੌਜਵਾਨ ਗਰੀਬ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ। ਉਕਤ ਵਿਅਕਤੀ ਦਿੱਲੀ ਤੋਂ ਨਸ਼ੀਲੀਆਂ ਦਵਾਈਆਂ ਖਰੀਦ ਕੇ ਸਥਾਨਕ ਸ਼ਹਿਰ ਵਿਚ ਨੌਜਵਾਨਾਂ ਨੂੰ ਵੇਚਦੇ ਸਨ। ਜਾਣਕਾਰੀ ਦਿੰਦੇ ਹੋਏ ਐਸਆਈ ਹਰਜੀਵਨ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਸਥਾਨਕ ਮਲੋਟ ਰੋਡ 'ਤੇ ਸਥਿਤ ਟੀ ਪੁਆਇੰਟ ਸਿਵੀਆਂ ਕੋਲ ਲਗਾਏ ਨਾਕੇ ਦੌਰਾਨ ਇਕ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਵਿਚੋਂ 375 ਸ਼ੀਸ਼ੀਆਂ ਐਨੋਰੈਕਸ ਅਤੇ 3750 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਇਸ ਉਪਰੰਤ ਪੁਲਿਸ ਨੇ ਕਾਰ ਸਵਾਰ ਮਨਿੰਦਰ ਸਿੰਘ, ਰਣਧੀਰ ਸਿੰਘ ਵਾਸੀ ਖੇਤਾ ਸਿੰਘ ਬਸਤੀ, ਗੁਰਮੀਤ ਸਿੰਘ ਵਾਸੀ ਪਿੰਡ ਬੁਰਜ ਮਹਿਮਾ, ਮੰਗਲ ਸਿੰਘ ਵਾਸੀ ਕੋਠੇ ਅਮਰਪੁਰਾ, ਅਤੁਲ ਕੁਮਾਰ ਵਾਸੀ ਥਰਮਲ ਕਲੋਨੀ ਨੂੰ ਹਿਰਾਸਤ ਵਿਚ ਲੈ ਕੇ ਪਰਚਾ ਦਰਜ ਕੀਤਾ ਹੈ।