ਦੀਪਕ ਸ਼ਰਮਾ, ਬਠਿੰਡਾ : ਹੈਰੋਇਨ ਤਸਕਰੀ ਦੇ ਕਥਿਤ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ ਇਕ ਤਸਕਰ ਦੀ ਨਿਸ਼ਾਨਦੇਹੀ 'ਤੇ ਤਰਨਤਾਰਨ ਦੇ ਇਕ ਹੈਰੋਇਨ ਤਸਕਰਾਂ ਨੂੰ ਫੜਨ ਗਈ ਬਠਿੰਡਾ ਦੀ ਸਪੈਸ਼ਲ ਟਾਸਕ ਫੋਰਸ ਐਸਟੀਐਫ਼ ਟੀਮ 'ਤੇ ਤਸਕਰਾਂ ਦੇ ਸਾਥੀਆਂ ਨੇ ਫ਼ਾਇਰਿੰਗ ਕਰ ਦਿੱਤੀ। ਜਿਸ ਦੇ ਜਵਾਬ ਵਿਚ ਐਸਟੀਐਫ਼ ਟੀਮ ਨੇ ਵੀ ਕ੍ਰਾਸ ਫਾਇਰਿੰਗ ਕਰ ਦਿੱਤੀ।

ਇਸ ਫਾਇਰਿੰਗ ਵਿਚ ਪੁਲਿਸ ਦੀ ਗੋਲੀ ਲੱਗਣ ਨਾਲ ਤਸਕਰ ਬਲਰਾਜ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਉਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਗਿਆ ਹੈ, ਜਦੋਂਕਿ ਐਸਟੀਐਫ਼ ਦਾ ਇਕ ਕਾਂਸਟੇਬਲ ਗੁਰਵਿੰਦਰ ਸਿੰਘ ਨੂੰ ਵੀ ਗੋਲੀ ਲੱਗੀ ਹੈ। ਇਸ ਦਾ ਇਲਾਜ ਅੰਮ੍ਰਿਤਸਰ ਦੇ ਇਕ ਨਿਜੀ ਹਸਪਤਾਲ ਵਿਚ ਚੱਲ ਰਿਹਾ ਹੈ। ਫ਼ਿਲਹਾਲ ਜ਼ਖਮੀ ਕਾਂਸਟੇਬਲ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਉਥੇ ਪੁਲਿਸ ਨੇ ਤਸਕਰ ਤੋਂ ਪਿਸਤੌਲ ਬਰਾਮਦ ਕਰ ਲਿਆ ਹੈ, ਜਦੋਂਕਿ ਉਸ ਦੇ ਹੋਰ ਸਾਥੀ ਫ਼ਰਾਰ ਹੋਣ ਵਿਚ ਸਫ਼ਲ ਰਹੇ। ਇਸ ਦੀ ਤਲਾਸ਼ ਪੁਲਿਸ ਵਲੋਂ ਕੀਤੀ ਜਾ ਰਹੀ ਹੈ।

ਐਸਟੀਐਫ਼ ਬਠਿੰਡਾ ਦੇ ਡੀਐਸਪੀ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਐਸਟੀਐਫ਼ ਦੀ ਬਠਿੰਡਾ ਟੀਮ ਨੇ ਇਕ ਤਸਕਰ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਉਸ ਦੇ ਪੁਲਿਸ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿਛ ਵਿਚ ਦੱਸਿਆ ਕਿ ਉਹ ਉਕਤ ਹੈਰੋਇਨ ਤਰਨਤਾਰਨ ਦੇ ਪਿੰਡ ਨੌਸ਼ਹਿਰਾ ਪੰਨੂਆ ਦੇ ਰਹਿਣ ਵਾਲੇ ਤਸਕਰ ਬਲਰਾਜ ਸਿੰਘ ਤੋਂ ਲੈ ਕੇ ਆਇਆ ਸੀ। ਤਸਕਰ ਦੀ ਨਿਸ਼ਾਨਦੇਹੀ 'ਤੇ ਪੁਲਿਸ ਟੀਮ ਨੇ ਕਥਿੱਤ ਦੋਸ਼ੀ ਬਲਰਾਜ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਇਕ ਟੀਮ ਤਰਨ ਤਾਰਨ ਰਵਾਨਾ ਕੀਤੀ ਸੀ। ਪੁਲਿਸ ਨੇ ਇਕ ਯੋਜਨਾ ਤਹਿਤ ਪਹਿਲਾਂ ਤਸਕਰ ਤੋਂ ਹੈਰੋਇਨ ਖ਼ਰੀਦੀ। ਜਦੋਂ ਟੀਮ ਨੇ ਉਸ ਨੂੰ ਹੈਰੋਇਨ ਦਿੰਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਤਾਂ ਉਸ ਦੇ ਗਿਰੋਹ ਦੇ ਕੁੱਝ ਸਾਥੀਆਂ ਨੇ ਉਸ ਨੂੰ ਛੁਡਾਉਣ ਲਈ ਟੀਮ 'ਤੇ ਫਾਇਰਿੰਗ ਕਰ ਦਿੱਤੀ।

ਜਿਸ ਵਿਚ ਉਨ੍ਹਾਂ ਟੀਮ ਦੇ ਕਾਂਸਟੇਬਲ ਗੁਰਵਿੰਦਰ ਸਿੰਘ ਦੇ ਗੋਲੀ ਲੱਗ ਗਈ, ਜਦੋਂਕਿ ਪੁਲਿਸ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ। ਇਸ ਵਿਚ ਤਸਕਰ ਬਲਰਾਜ ਸਿੰਘ ਦੇ ਪੈਰ ਵਿਚ ਗੋਲੀ ਲੱਗ ਗਈ ਅਤੇ ਉਹ ਜ਼ਖਮੀ ਹੋ ਗਿਆ। ਜਿਸ ਦੇ ਬਾਅਦ ਪੁਲਿਸ ਨੇ ਉਸ ਨੂੰ ਜ਼ਖਮੀ ਹਾਲਤ ਵਿਚ ਗ੍ਰਿਫ਼ਤਾਰ ਕਰ 300 ਗ੍ਰਾਮ ਹੈਰੋਇਨ ਅਤੇ ਇਕ ਪਿਸਟਲ ਬਰਾਮਦ ਕੀਤਾ ਗਿਆ। ਜਿਸ ਦੇ ਬਾਅਦ ਉਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਗਿਆ। ਡੀਐਸਪੀ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਤਸਕਰ ਬਲਰਾਜ ਸਿੰਘ ਦਾ ਮੈਡੀਕਲ ਕਾਲਜ ਵਿਚ ਇਲਾਜ ਚੱਲ ਰਿਹਾ ਹੈ, ਜਦੋਂਕਿ ਕਾਂਸਟੇਬਲ ਗੁਰਵਿੰਦਰ ਸਿੰਘ ਦੀ ਹਾਲਤ ਗੰਭੀਰ ਹੋਣ 'ਤੇ ਉਸ ਨੂੰ ਨਿਜੀ ਹਸਪਤਾਲ ਵਿਚ ਰੈਫ਼ਰ ਕੀਤਾ ਗਿਆ ਹੈ, ਪਰ ਪਹਿਲਾਂ ਤੋਂ ਉਸਦੀ ਹਾਲਤ ਠੀਕ ਹੈ। ਕਥਿੱਤ ਦੋਸ਼ੀ ਤਸਕਰ ਦੇ ਠੀਕ ਹੋਣ ਬਾਅਦ ਉਸਦਾ ਪੁਲਿਸ ਰਿਮਾਂਡ ਹਾਸਲ ਕਰ ਪੁੱਛਗਿਛ ਕੀਤੀ ਜਾਵੇਗੀ, ਜਦੋਂਕਿ ਬਾਕੀ ਸਾਥੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।

Posted By: Jagjit Singh