ਮਨਪ੍ਰਰੀਤ ਸਿੰਘ ਗਿੱਲ, ਰਾਮਪੁਰਾ ਫੂਲ/ਬਾਲਿਆਂਵਾਲੀ : ਭਰਾਤਰੀ ਕਿਸਾਨ ਜਥੇਬੰਦੀਆਂ ਵੱਲੋਂ ਬਲਾਕ ਰਾਮਪੁਰਾ ਤੇ ਬਲਾਕ ਫੂਲ ਦੇ ਪਿੰਡਾਂ ਦੇ ਲੋਕਾਂ ਵੱਲੋਂ ਵੱਖ ਵੱਖ ਪਿੰਡਾਂ ਵਿਚ ਟਰੈਕਟਰ ਮਾਰਚ ਕੱਿਢਆ ਗਿਆ। ਇਹ ਟਰੈਕਟਰ ਮਾਰਚ ਬਾਲਿਆਂਵਾਲੀ, ਫੂਲ ਅਤੇ ਮੰਡੀ ਕਲਾਂ ਪਿੰਡਾਂ ਤੋਂ ਸ਼ੁਰੂ ਹੋਏ ਅਤੇ ਵੱਖ ਵੱਖ ਪਿੰਡਾਂ ਵਿਚੋਂ ਦੀ ਹੁੰਦੇ ਹੋਏ ਫੂਲ ਤਹਿਸੀਲ, ਬਾਲਿਆਂਵਾਲੀ ਤੇ ਮੰਡੀਕਲਾਂ ਵਿਖੇ ਆ ਕੇ ਸਮਾਪਤ ਕੀਤੇ ਗਏ। ਇਸ ਮੌਕੇ ਸੰਘਰਸ਼ੀ ਲੋਕਾਂ ਵੱਲੋਂ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਸਾੜ ਕੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਲੋਕਾਂ ਨੇ ਕਿਹਾ ਕਿ ਜਿੰਨਾਂ ਚਿਰ ਕੇਂਦਰ ਦੀ ਮੋਦੀ ਸਰਕਾਰ ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ ਨੂੰ ਰੱਦ ਨਹੀਂ ਕਰਦੀ, ਉਨ੍ਹਾਂ ਚਿਰ ਲੋਕਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ 26 ਜਨਵਰੀ ਦੇ ਪ੍ਰਰੋਗਰਾਮ ਵਿਚ ਦਿੱਲੀ ਵਿਖੇ ਲੱਖਾਂ ਲੋਕ ਆਪਣੇ ਟ੍ਰੈਕਟਰਾਂ 'ਤੇ ਪੁੱਜਣਗੇ ਅਤੇ ਆਪਣਾ ਵਿਰੋਧ ਦਰਜ ਕਰਵਾਉਣਗੇ।