ਗੁਰਪ੍ਰੇਮ ਲਹਿਰੀ, ਬਠਿੰਡਾ : ਫਾਇਰ ਸੇਫਟੀ ਦਾ ਐੱਨਓਸੀ ਲੈਣਾ ਹੁਣ ਪਹਿਲਾਂ ਵਾਂਗ ਆਸਾਨ ਤੇ ਸਸਤਾ ਨਹੀਂ ਰਿਹਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ ਹੁਣ ਐੱਨਓਸੀ ਲੈਣ ਲਈ ਮੋਟੀ ਰਕਮ ਚੁਕਾਉਣੀ ਪਵੇਗੀ। ਸੋਮਵਾਰ ਨੂੰ ਸੂਬਾ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਮੁਤਾਬਕ ਵੱਖ-ਵੱਖ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ 'ਚ ਫਾਇਰ ਐੱਨਓਸੀ, ਫਾਇਰ ਰਿਪੋਰਟ ਦੀ ਫੀਸ ਨਿਰਧਾਰਤ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਕਮੇਟੀ ਦੀ ਸਿਫਾਰਸ਼ 'ਤੇ ਵਿਚਾਰ-ਵਟਾਂਦਰਾ ਕਰਨ ਪਿੱਛੋਂ ਸਰਕਾਰ ਵੱਲੋਂ ਫੀਸ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇੱਥੇ ਹੀ ਬਸ ਨਹੀਂ, ਜੇਕਰ ਕਿਤੇ ਅਗਜ਼ਨੀ ਵਰਗੀ ਕੋਈ ਘਟਨਾ ਹੋ ਗਈ ਤੇ ਤੁਸੀਂ ਫਾਇਰ ਬਿ੍ਗੇਡ ਨੂੰ ਅੱਗ ਬੁਝਾਉਣ ਲਈ ਬੁਲਾਇਆ ਤਾਂ ਤੁਹਾਨੂੰ ਪੈਸੇ ਦੇਣੇ ਪੈਣਗੇ। ਜੇਕਰ ਅੱਗ'ਚ ਨੁਕਸਾਨ 10 ਲੱਖ ਤੋਂ ਉੱਪਰ ਦਾ ਹੋਇਆ ਤਾਂ ਇਸ ਲਈ ਫੀਸ ਪੰਜ ਹਜ਼ਾਰ ਰੁਪਏ ਤੈਅ ਕੀਤੀ ਗਈ ਹੈ ਤੇ ਜੇਕਰ ਨੁਕਸਾਨ ਦਸ ਲੱਖ ਰੁਪਏ ਦਾ ਹੈ ਤਾਂ ਫਾਇਰ ਬਿ੍ਗੇਡ ਨੂੰ ਬੁਲਾਉਣ ਲਈ ਤੁਹਾਨੂੰ ਦੋ ਹਜ਼ਾਰ ਰੁਪਏ ਅਦਾ ਕਰਨੇ ਪੈਣਗੇ। ਜਦਕਿ ਝੁੱਗੀ-ਝੌਂਪੜੀਆਂ ਤੇ ਖੇਤਾਂ 'ਚ ਅੱਗ ਲੱਗਣ 'ਤੇ ਕਾਲ ਕਰਨ ਲਈ ਕੋਈ ਪੈਸਾ ਨਹੀਂ ਦੇਣਾ ਪਵੇਗਾ। ਅਗਜ਼ਨੀ ਦੀ ਘਟਨਾ ਹੋਣ 'ਤੇ ਪੁੱਜਣ ਲਈ ਪਹਿਲਾਂ ਸਿਰਫ਼ 500 ਰੁਪਏ ਫੀਸ ਹੁੰਦੀ ਸੀ ਪਰ ਹੁਣ ਦਸ ਗੁਣਾ ਵਧਾ ਕੇ ਪੰਜ ਹਜ਼ਾਰ ਕਰ ਦਿੱਤੀ ਗਈ ਹੈ।

ਸਥਾਨਕ ਸਰਕਾਰਾਂ ਵਿਭਾਗ ਦੇ ਐਡੀਸ਼ਨਲ ਮੁੱਖ ਸਕੱਤਰ ਸੰਜੇ ਕੁਮਾਰ ਵੱਲੋਂ ਨਗਰ ਨਿਗਮਾਂ ਨੂੰ ਭੇਜੇ ਗਏ ਪੱਤਰ 'ਚ ਦੱਸਿਆ ਗਿਆ ਹੈ ਕਿ ਫਾਇਰ ਐੱਨਓਸੀ ਰੀਨੀਊ ਕਰਵਾਉਣ ਦੀ ਫੀਸ ਮੁੱਖ ਫੀਸ ਤੋਂ ਅੱਧੀ ਰਹੇਗੀ। ਇਸ ਦੇ ਨਾਲ ਹੀ ਹਰ ਸਾਲ ਪਹਿਲੀ ਅਪ੍ਰਰੈਲ ਤੋਂ ਇਸ ਫੀਸ 'ਚ 10 ਫ਼ੀਸਦੀ ਦਾ ਵਾਧਾ ਹੋਇਆ ਕਰੇਗਾ। ਅਜਿਹੇ 'ਚ ਪੰਜਾਬ ਦੇ ਲੋਕਾਂ ਨੂੰ ਹੁਣ ਫਾਇਰ ਐੱਨਓਸੀ ਲਈ ਕਰੋੜਾਂ ਰੁਪਏ ਦੀ ਜ਼ਿਆਦਾ ਫੀਸ ਅਦਾ ਕਰਨੀ ਪਵੇਗੀ।

ਸਿਨੇਮਾ, ਪੈਟਰੋਲ ਪੰਪਾਂ ਲਈ 20 ਹਜ਼ਾਰ ਫੀਸ

ਸਿਨੇਮਾ, ਪੈਟਰੋਲ ਪੰਪ, ਗੁਦਾਮ, 15 ਮੀਟਰ ਜਾਂ ਉਸ ਤੋਂ ਜ਼ਿਆਦਾ ਉੱਚੀਆਂ ਇਮਾਰਤਾਂ, ਰਿਹਾਇਸ਼ੀ ਕਾਲੋਨੀਆਂ, ਤਿੰਨ ਸਟਾਰ ਹੋਟਲ, ਮਾਲ, ਮੈਰਿਜ ਪੈਲੇਸ, ਹਸਪਤਾਲ, ਸਨਅਤੀ ਯੂਨਿਟ ਤੇ ਆਰਿਆਂ ਲਈ ਐੱਨਓਸੀ ਦੀ ਫੀਸ 20 ਹਜ਼ਾਰ ਰੁਪਏ ਤੈਅ ਕੀਤੀ ਗਈ ਹੈ।

ਵਪਾਰਕ ਅਦਾਰਿਆਂ ਨੂੰ 10 ਹਜ਼ਾਰ 'ਚ ਐੱਨਓਸੀ

ਤਿੰਨ ਸਟਾਰ ਹੋਟਲ, ਹੋਰ ਵਪਾਰਕ ਅਦਾਰੇ, 15 ਮੀਟਰ ਤੋਂ ਉੱਚੀਆਂ ਇਮਾਰਤਾਂ ਤੇ ਗਰੁੱਪ ਹਾਊਸਿੰਗ, ਪੰਜ ਮਰਲੇ ਤੋਂ ਵੱਡੇ ਪਲਾਟ 'ਚ ਬਣੀ ਇੰਸਟੀਚਿਊਸ਼ਨਲ ਇਮਾਰਤਾਂ ਲਈ ਫਾਇਰ ਐੱਨਓਸੀ ਦੀ ਫੀਸ 10 ਹਜ਼ਾਰ ਰੁਪਏ ਤੈਅ ਕੀਤੀ ਗਈ ਹੈ। ਪੰਜ ਮਰਲੇ ਤੋਂ ਘੱਟ ਵਾਲੇ ਪਲਾਟ 'ਚ ਬਣੀ ਹੋਈ ਇੰਸਟੀਚਿਊਸ਼ਨਲ ਇਮਾਰਤਾਂ ਲਈ ਐੱਨਓਸੀ ਫੀਸ ਪੰਜ ਹਜ਼ਾਰ ਰੁਪਏ ਹੋਵੇਗੀ।

ਸਕੂਲਾਂ/ ਕਾਲਜਾਂ ਲਈ ਫੀਸ 10 ਹਜ਼ਾਰ

150 ਵਿਦਿਆਰਥੀਆਂ ਤੋਂ ਉੱਪਰ ਦੀ ਸਮਰੱਥਾ ਵਾਲੇ ਸਕੂਲਾਂ/ ਕਾਲਜਾਂ ਨੂੰ ਫਾਇਰ ਐੱਨਓਸੀ ਲੈਣ ਲਈ 10 ਹਜ਼ਾਰ ਰੁਪਏ ਫੀਸ ਅਦਾ ਕਰਨੀ ਪਵੇਗੀ ਜਦਕਿ 150 ਵਿਦਿਆਰਥੀਆਂ ਤੋ ਘੱਟ ਵਾਲੀ ਸਮਰੱਥਾ ਵਾਲੇ ਸਕੂਲਾਂ/ ਕਾਲਜਾਂ ਲਈ ਇਹ ਫੀਸ ਪੰਜ ਹਜ਼ਾਰ ਰੁਪਏ ਰਹੇਗੀ।

ਪੰਡਾਲ ਲਈ ਦੇਣੇ ਪੈਣਗੇ 10 ਹਜ਼ਾਰ ਰੁਪਏ

ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਮਿਊਂਸਪਲ ਲਿਮਟ 'ਚ ਆਉਂਦੇ ਖੇਤਰ 'ਚ ਸਰਕਸ, ਮੇਲੇ, ਤਿਉਹਾਰ ਮੌਕੇ ਸਟਾਲ, ਪ੍ਰਦਰਸ਼ਨੀ, ਟੈਂਟ, ਪੰਡਾਲ ਲਈ ਫਾਇਰ ਐੱਨਓਸੀ ਦੀ ਫੀਸ ਦਸ ਹਜ਼ਾਰ ਰੁਪਏ ਰੱਖੀ ਗਈ ਹੈ। ਸਰਕਾਰੀ ਤੇ ਧਾਰਮਿਕ ਪ੍ਰੋਗਰਾਮ ਦੀ ਮਨਜ਼ੂਰੀ ਬਿਲਕੁਲ ਮੁਫ਼ਤ ਰਹੇਗੀ।