ਸੱਤਪਾਲ ਸਿਵੀਆਂ, ਗੋਨਿਆਣਾ ਮੰਡੀ : ਪਿੰਡ ਜੀਦਾ ਵਿਖੇ ਝੋਨੇ ਦੀ ਪਰਾਲੀ ਵਾਲੇ ਡੰਪ ਵਿੱਚ ਬੀਤੀ ਰਾਤ ਗੱਠਾਂ ਨਾਲ ਭਰੇ ਟਰੈਕਟਰ-ਟਰਾਲਿਆਂ ਨੂੰ ਅਚਾਨਕ ਅੱਗ ਲੱਗ ਗਈ। ਅੱਗ ਦੀ ਲਪੇਟ ਵਿੱਚ ਆਏ ਚਾਰ ਟਰੈਕਟਰ ਅਤੇ 5 ਟਰਾਲੇ ਸੜ ਕੇ ਸੁਆਹ ਹੋ ਗਏ ਹਨ। ਡਰਾਈਵਰਾਂ ਅਤੇ ਸਹਾਇਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਅੱਧੀ ਰਾਤ ਨੂੰ ਬਠਿੰਡਾ ਅਤੇ ਫਰੀਦਕੋਟ ਤੋਂ ਪੁੱਜੇ ਅੱਗ ਬੁਝਾਊ ਦਸਤਿਆਂ ਵੱਲੋਂ ਅੱਗ 'ਤੇ ਕਾਬੂ ਪਾਏ ਜਾਣ ਕਾਰਨ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ। ਸਾਧਨਾਂ ਸਮੇਤ ਅੱਗ ਦੀ ਭੇਟ ਚੜ੍ਹੀ ਪਰਾਲੀ ਦਾ 15-20 ਲੱਖ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਸੇਢਾ ਸਿੰਘ ਵਾਲਾ ਵਿੱਖੇ 'ਸੁਖਬੀਰ ਐਗਰੋ ਐਨਰਜੀ ਲਿਮਟਿਡ' ਵੱਲੋਂ ਆਪਣੇ ਪਲਾਂਟ 'ਚ ਖਪਤ ਹੋਣ ਵਾਲੀ ਝੋਨੇ ਦੀ ਪਰਾਲੀ ਇਕੱਠੀ ਕਰਨ ਲਈ ਪਿੰਡ ਜੀਦਾ ਵਿਖੇ ਜ਼ਮੀਨ ਠੇਕੇ 'ਤੇ ਲਈ ਗਈ ਹੈ, ਜਿੱਥੇ ਹਜ਼ਾਰਾਂ ਟਨ ਪਰਾਲੀ ਦੀਆਂ ਗੱਠਾਂ ਡੰਪ ਕੀਤੀਆਂ ਗਈਆਂ ਹਨ। ਰੋਜ਼ਮਰਾ ਦੀ ਤਰ੍ਹਾਂ ਪਰਾਲੀ ਦੀਆਂ ਗੱਠਾਂ ਨਾਲ ਭਰੇ-ਟਰੈਕਟਰ-ਟਰਾਲੀਆਂ ਇੱਥੇ ਪੁੱਜੇ ਸਨ, ਪਰ ਅਚਾਨਕ ਰਾਤੀ ਕਰੀਬ 12 ਕੁ ਵਜੇ ਅੱਗ ਲੱਗ ਗਈ, ਜਦੋਂ ਅੱਗ ਦੀ ਭਿਣਕ ਡਰਾਈਵਰਾਂ ਅਤੇ ਉਨ੍ਹਾਂ ਦੇ ਸਹਾਇਕਾਂ ਨੂੰ ਲੱਗੀ ਤਾਂ ਉਨ੍ਹਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਉਨ੍ਹਾਂ ਆਪਣੀ ਜਾਨ ਬਚਾਉਣ ਦੇ ਨਾਲ-ਨਾਲ ਆਪਣੇ ਸਾਧਨਾਂ ਨੂੰ ਬਚਾਉਣ ਦੇ ਯਤਨ ਕੀਤੇ ਗਏ, ਪਰ ਕਾਮਯਾਬ ਨਹੀਂ ਹੋ ਸਕੇ।

ਅੱਗ ਦੀ ਲਪੇਟ ਵਿੱਚ ਚਾਰ ਟਰੈਕਟਰ ਅਤੇ 5 ਟਰਾਲੇ (ਵੱਡੀਆਂ ਟਰਾਲੀਆਂ) ਆਈਆਂ ਹਨ। ਨੁਕਸਾਨੇ ਗਏ ਸਾਧਨਾਂ ਦੇ ਮਾਲਕਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਅਗਜ਼ਨੀ ਵਾਲਾ ਇਹ ਪਰਾਲੀ ਵਾਲਾ ਡੰਪ ਪਿੰਡ ਜੀਦਾ ਵਿਖੇ 'ਸਪੋਰਟਕਿੰਗ ਧਾਗਾ ਮਿੱਲ' ਤੋਂ ਸਿਰਫ 500 ਮੀਟਰ ਦੀ ਦੂਰੀ 'ਤੇ ਹੈ। ਅੱਗ ਇੱਥੇ ਤਕ ਪੁੱਜ ਜਾਂਦੀ ਤਾਂ ਵੱਡੇ ਨੁਕਸਾਨ ਦਾ ਖ਼ਦਸ਼ਾ ਸੀ। ਸੁਖਬੀਰ ਐਗਰੋ ਏਜੰਸੀ ਦੇ ਡਿਪਟੀ ਮੈਨੇਜਰ ਜਸਵੀਰ ਸਿੰਘ ਦਾ ਕਹਿਣਾ ਹੈ ਪਿੰਡ ਸੇਢਾ ਸਿੰਘ ਵਾਲਾ 'ਚ ਉਨ੍ਹਾਂ ਦਾ 18 ਮੈਗਾਵਾਟ ਦਾ ਪਾਵਰ ਪਲਾਂਟ ਹੈ,ਜਿੱਥੇ ਪਰਾਲੀ ਤੋਂ ਬਿਜਲੀ ਤਿਆਰ ਕਰਕੇ ਝੱਖੜਵਾਲਾ ਪਾਵਰ ਗਰਿੱਡ ਨੂੰ ਸਪਲਾਈ ਕੀਤੀ ਜਾਣੀ ਹੈ।

ਉਨ੍ਹਾਂ ਦੱਸਿਆ ਪਲਾਂਟ ਵਿੱਚ ਹਰ ਸਾਲ 2 ਲੱਖ ਟਨ ਪਰਾਲੀ ਦੀ ਖਪਤ ਹੁੰਦੀ ਹੈ ਤੇ ਉਨ੍ਹਾਂ ਕੋਲ ਡੰਪ ਵਿੱਚ ਹੁਣ ਤਕ 8700 ਟਨ ਪਰਾਲੀ ਜਮ੍ਹਾਂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅੱਗ ਨਾਲ ਸੜੇ ਸਾਧਨਾਂ ਦਾ ਉਨ੍ਹਾਂ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ। ਫਿਰ ਵੀ ਉਹ ਮੁਆਵਜ਼ੇ ਸਬੰਧੀ ਗੱਲ ਕਰਨਗੇ। ਥਾਣਾ ਨੇਹੀਆਂਵਾਲਾ ਦੇ ਮੁੱਖ ਅਫਸਰ ਇੰਸਪੈਕਟਰ ਰਾਜੇਸ਼ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ।