ਗੁਰਤੇਜ ਸਿੰਘ ਸਿੱਧੂ, ਬਠਿੰਡਾ : ਸ਼ਹਿਰ ਦੀ ਗ੍ਰੀਨ ਸਿਟੀ ਕਾਲੋਨੀ ਵਾਸੀ ਦਵਿੰਦਰ ਗਰਗ ਵੱਲੋਂ ਆਪਣੇ ਦੋ ਮਾਸੂਮ ਬੱਚਿਆਂ ਤੇ ਪਤਨੀ ਦੀ ਗੋਲ਼ੀ ਮਾਰ ਕੇ ਹੱਤਿਆ ਤੋਂ ਬਾਅਦ ਕੀਤੀ ਗਈ ਖ਼ੁਦਕੁਸ਼ੀ ਦੇ ਮਾਮਲੇ 'ਚ ਪੁਲਿਸ ਨੇ ਦੋ ਕਾਂਗਰਸੀ ਆਗੂਆਂ ਸਮੇਤ ਨੌਂ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਬਠਿੰਡਾ ਦੇ ਥਾਣਾ ਕੈਂਟ ਦੀ ਪੁਲਿਸ ਵੱਲੋਂ ਦਰਜ ਪਰਚੇ ਵਿਚ ਇਹ ਸਾਫ਼ ਹੋ ਗਿਆ ਹੈ ਕਿ ਉਕਤ ਮਾਮਲਾ ਸਿੱਧੇ ਤੌਰ ’ਤੇ ਚਿੱਟਫ਼ੰਡ ਕੰਪਨੀ ਨਾਲ ਜੁੜਿਆ ਹੋਇਆ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ 'ਚ ਮਿ੍ਰਤਕ ਦੇ ਭਰਾ ਅਸ਼ਨਵੀ ਗਰਗ ਨੇ ਦੱਸਿਆ ਕਿ ਦਵਿੰਦਰ ਗਰਗ ਪਿਛਲੇ ਦੋ-ਢਾਈ ਸਾਲ ਤੋਂ ਕਰੰਸੀ ਬਿੱਟ ਕੁਆਇਨ ਕੰਪਨੀ 'ਚ ਰਾਜੂ ਕੋਹਨੂਰ ਉਰਫ਼ ਜਾਦੂਗਰ ਨਾਲ ਹਿੱਸਦੇਾਰ ਵਜੋਂ ਕੰਮ ਕਰਦਾ ਸੀ। ਇਸ ਕੰਪਨੀ ਵਿਚ ਹੋਰ ਵੀ ਕਈ ਹਿੱਸੇਦਾਰ ਸਨ। ਉਸ ਦਾ ਭਰਾ ਪਿਛਲੇ ਛੇ ਮਹੀਨਿਆਂ ਤੋਂ ਕਾਫੀ ਪੇ੍ਰਸ਼ਾਨ ਚੱਲ ਰਿਹਾ ਸੀ ਕਿਉਂਕਿ ਲਾਕਡਾਊਨ ਕਾਰਨ ਬਿੱਟ ਕੁਆਇਨ ਕੰਪਨੀ ਦਾ ਰੇਟ ਘਟਣ ਕਾਰਨ ਰਾਜੂ ਕੋਹਨੂਰ, ਉਸ ਦੇ ਭਰਾ ਬੱਬੂ ਕਾਲੜਾ ਤੇ ਪਤਨੀ ਅਮਨ ਕੋਹਨੂਰ ਨੇ ਕੰਪਨੀ 'ਚ ਨਿਵੇਸ਼ ਕੀਤੇ ਪੈਸਿਆਂ 'ਚੋਂ ਆਪਣੇ ਹਿੱਸੇ ਦੇ ਪੈਸੇ ਰੱਖ ਲਏ ਸਨ ਜਦੋਂਕਿ ਲੋਕਾਂ ਵੱਲੋਂ ਨਿਵੇਸ਼ ਕੀਤੇ ਪੈਸਿਆਂ ਦੀਆਂ ਦੇਣਦਾਰੀਆਂ ਦਵਿੰਦਰ ਗਰਗ ਸਿਰ ਪਾ ਦਿੱਤੀਆਂ ਸਨ। ਦਵਿੰਦਰ ਗਰਗ ਨੇ ਆਪਣਾ ਸਭ ਕੁੱਝ ਵੇਚ ਵੱਟ ਕੇ ਕੁੱਝ ਲੋਕਾਂ ਦੀਆਂ ਦੇਣਦਾਰੀਆਂ ਨਿਬੇੜ ਵੀ ਦਿੱਤੀਆਂ ਸਨ। ਪੀੜਤ ਦੇ ਭਰਾ ਨੇ ਦੱਸਿਆ ਕਿ ਉਕਤ ਤਿੰਨਾਂ ਵਿਅਕਤੀਆਂ ਤੋਂ ਇਲਾਵਾ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਿਤ ਕਾਂਗਰਸੀ ਆਗੂ ਮਨਜਿੰਦਰ ਸਿੰਘ ਧਾਲੀਵਾਲ ਉਰਫ ਹੈਪੀ, ਬਠਿੰਡਾ ਦਾ ਕਾਂਗਰਸੀ ਆਗੂ ਸੰਜੇ ਜਿੰਦਲ ਬੌਬੀ, ਮਨੀ ਬਾਂਸਲ ਵਾਸੀ ਬਠਿੰਡਾ, ਅਸ਼ੋਕ ਕੁਮਾਰ ਵਾਸੀ ਰਾਮਾਂ ਮੰਡੀ, ਅਭਿਸ਼ੇਕ ਜੌਹਰੀ ਵਾਸੀ ਦਿੱਲੀ ਕੰਪਨੀ ਵਿਚ ਨਿਵੇਸ਼ ਕੀਤੇ ਹੋਏ ਪੈਸੇ ਵਾਪਿਸ ਲੈਣ ਲਈ ਦਵਿੰਦਰ ਗਰਗ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸਨ।

ਉਸ ਨੇ ਦੱਸਿਆ ਕਿ ਦਵਿੰਦਰ ਗਰਗ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਛੇ ਪੇਜ ਦਾ ਖ਼ੁਦਕੁਸ਼ੀ ਨੋਟ ਵੀ ਲਿਖਿਆ ਹੈ ਜਿਸ ਵਿਚ ਉਕਤ ਵਿਅਕਤੀਆਂ ਨੂੰ ਆਪਣੇ ਤੇ ਪਰਿਵਾਰ ਲਈ ਦੋਸ਼ੀ ਠਹਿਰਾਇਆ ਹੈ। ਪੁਲਿਸ ਨੇ ਉਕਤ ਵਿਅਕਤੀਆਂ ਖਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਸੂਤਰਾਂ ਅਨੁਸਾਰ ਪੁਲਿਸ ਨੇ ਇਨ੍ਹਾਂ ਵਿੱਚੋਂ ਚਾਰ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਲਿਆ ਹੈ ਪਰ ਇਸ ਦੀ ਪੁਸ਼ਟੀ ਕੋਈ ਨਹੀਂ ਕਰ ਰਿਹਾ। ਪੁਲਿਸ ਦਾ ਕਹਿਣਾ ਸੀ ਕਿ ਅਜੇ ਤਫ਼ਤੀਸ ਚੱਲ ਰਹੀ ਹੈ। ਥਾਣਾ ਕੈਂਟ ਦੇ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਅੱਜ ਚਾਰੇ ਮਿ੍ਰਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਗਿ੍ਰਫ਼ਤਾਰੀ ਛਾਪੇਮਾਰੀ ਕੀਤੀ ਜਾ ਰਹੀ ਹੈ।

ਕਰਾਊਨ ਕੰਪਨੀ 'ਚ ਕਰ ਚੁੱਕਾ ਸੀ ਕੰਮ

ਦਵਿੰਦਰ ਗਰਗ ਇਸ ਤੋਂ ਪਹਿਲਾਂ ਕਰਾਊਨ ਚਿੱਟਫ਼ੰਡ ਕੰਪਨੀ 'ਚ ਕੰਮ ਕਰਦਾ ਸੀ ਜਿਹੜੀ ਲੋਕਾਂ ਦੇ ਕਰੋੜਾਂ ਰੁਪਏ ਲੈ ਕੇ ਫ਼ਰਾਰ ਹੋ ਗਈ ਸੀ। ਇਸ ਕੰਪਨੀ 'ਚ ਦਵਿੰਦਰ ਗਰਗ ਨੇ ਕਾਫ਼ੀ ਕਮਾਈ ਵੀ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਦਿੱਲੀ ਦੇ ਇਕ ਵਿਅਕਤੀ ਸਮੇਤ ਬਠਿੰਡਾ ਦੇ ਕੁਝ ਲੋਕਾਂ ਨਾਲ ਮਿਲ ਕੇ ਇਕ ਹੋਰ ਕੰਪਨੀ ਸ਼ੁਰੂ ਕਰ ਲਈ। ਲਾਕਡਾਊਨ ਕਾਰਨ ਉਕਤ ਕੰਪਨੀ ਵੀ ਡੁੱਬ ਗਈ ਜਿਸ ਕਾਰਨ ਹੁਣ ਲੋਕ ਉਸ ਕੋਲੋਂ ਆਪਣੇ ਨਿਵੇਸ਼ ਕੀਤੇ ਪੈਸੇ ਵਾਪਸ ਮੰਗਣ ਆ ਰਹੇ ਸਨ। ਕਰਾਊਨ ਕੰਪਨੀ ਮਾਲਵਾ ਖੇਤਰ 'ਚ ਵੱਡੀ ਪੱਧਰ ’ਤੇ ਸਰਗਰਮ ਰਹੀ ਹੈ। ਇਸ ਦਾ ਬੀਬੀਵਾਲਾ ਰੋਡ ’ਤੇ ਇਕ ਵੱਡਾ ਦਫ਼ਤਰ ਹੁੰਦਾ ਸੀ ਪਰ ਬਾਅਦ 'ਚ ਸੰਚਾਲਕਾਂ ਖਿਲਾਫ਼ ਕੇਸ ਦਰਜ ਹੋਣ ਤੋਂ ਬਾਅਦ ਉਹ ਬੰਦ ਹੋ ਗਿਆ ਸੀ। ਜਿੰਨਾ ਸਮਾਂ ਪੁਲਿਸ ਵੱਲੋਂ ਕੇਸ ਦਰਜ ਨਹੀਂ ਕੀਤਾ ਗਿਆ ਉਨ੍ਹਾਂ ਸਮਾਂ ਚਿੱਟਫ਼ੰਡ ਕੰਪਨੀਆਂ 'ਚ ਕੰਮ ਕਰਨ ਵਾਲੇ ਲੋਕਾਂ 'ਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਰਿਹਾ ਕਿ ਕਿਧਰੇ ਖ਼ੁਦਕੁਸ਼ੀ ਨੋਟ ਵਿਚ ਉਨ੍ਹਾਂ ਦਾ ਨਾਂ ਨਾ ਆ ਜਾਵੇ।

Posted By: Seema Anand