ਦੀਪਕ ਸ਼ਰਮਾ, ਬਠਿੰਡਾ : ਸੋਮਵਾਰ ਬਾਅਦ ਦੁਪਹਿਰ ਨਰੂਆਣਾ ਰੋਡ ਕੋਲ ਬਣੇ ਜ਼ਮੀਨਦੋਜ਼ ਪੁਲ ਲਾਗੇ ਤੇਜ਼ ਰਫ਼ਤਾਰ ਟਿੱਪਰ ਦੀ ਲਪੇਟ ਵਿਚ ਆ ਕੇ ਪਿਉ-ਪੁੱਤ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮ੍ਰਿਤਕਾਂ ਦੀ ਪਛਾਣ ਸ਼ੰਭੂ ਸਿੰਘ (35), ਉਸ ਦੇ ਪੁੱਤਰ ਗੋਲੂ 6 ਵਾਸੀ ਨਰੂਆਣਾ ਰੋਡ ਸ਼ਿਵ ਨਗਰ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਚਾਲਕ ਟਿੱਪਰ ਛੱਡ ਕੇ ਮੌਕੇ ਤੋਂ ਭੱਜ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਵਰਧਮਾਨ ਪੁਲਿਸ ਚੌਕੀ ਦੇ ਇੰਚਾਰਜ ਗਣੇਸ਼ਵਰ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ।

ਜਾਣਕਾਰੀ ਅਨੁਸਾਰ ਸ਼ੰਭੂ ਸਿੰਘ ਆਪਣੇ ਪੁੱਤਰ ਗੋਲੂ ਨਾਲ ਸਕੂਟਰ 'ਤੇ ਸਵਾਰ ਹੋ ਕੇ ਜਾ ਰਿਹਾ ਸੀ, ਜਦ ਉਹ ਜ਼ਮੀਨਦੋਜ਼ ਪੁਲ ਕੋਲ ਪਹੁੰਚਿਆ ਤਾਂ ਤੇਜ਼ ਰਫ਼ਤਾਰ ਟਿੱਪਰ ਨੇ ਸਕੂਟਰ ਨੂੰ ਲਪੇਟ ਵਿਚ ਲੈ ਲਿਆ, ਇਸ ਕਾਰਨ ਉਕਤ ਪਿਉ-ਪੁੱਤ ਗੰਭੀਰ ਜ਼ਖ਼ਮੀ ਹੋ ਗਏ। ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਬਠਿੰਡਾ ਦੇ ਐਮਰਜੈਂਸੀ ਵਿਭਾਗ ਵਿਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾ ਨੂੰ ਮ੍ਰਿਤਕ ਕਰਾਰ ਦਿੱਤਾ। ਇਸ ਸਬੰਧੀ ਚੌਂਕੀ ਇੰਚਾਰਜ ਗਣੇਸ਼ਵਰ ਕੁਮਾਰ ਨੇ ਦੱਸਿਆ ਕਿ ਟਿੱਪਰ ਦੇ ਨੰਬਰ ਦੀ ਬਿਨਾਅ 'ਤੇ ਕਸੂਰਵਾਰ ਡਰਾਈਵਰ ਦੀ ਪਛਾਣ ਕਰ ਕੇ ਪਰਚਾ ਦਰਜ ਕੀਤਾ ਜਾਵੇਗਾ।

Posted By: Jagjit Singh