ਦਲਜੀਤ ਸਿੰਘ ਭੱਟੀ, ਰਾਮਪੁਰਾ ਫੂਲ : ਝੋਨੇ ਦੀ ਲਵਾਈ ਦਾ ਸੀਜਨ 10 ਜੂਨ ਤੋਂ ਸ਼ੁਰੂ ਹੋ ਚੁੱਕਿਆ ਹੈ ਅਤੇ ਪੰਜਾਬ ਸਰਕਾਰ ਵੱਲੋਂ ਹਰ ਰੋਜ਼ 8 ਘੰਟੇ ਖੇਤਾਂ ਨੂੰ ਬਿਜਲੀ ਸਪਲਾਈ ਦੇਣ ਦੀ ਗੱਲ ਕਹੀ ਗਈ ਸੀ ਪਰ ਨਹੀਂ ਦਿੱਤੀ ਜਾ ਰਹੀ, ਜਿਸ ਦੇ ਵਿਰੋਧ ਵਿਚ ਫੂਲ ਗਰਿੱਡ ਵਿਚ ਕਿਸਾਨਾਂ ਨੇ ਧਰਨਾ ਲਾ ਕੇ ਨੈਸ਼ਨਲ ਹਾਈਵੇ ਨੂੰ ਜਾਮ ਕਰਨ ਦੀ ਚਿਤਾਵਨੀ ਦਿੱਤੀ ਹੈ। ਭਾਕਿਯੂ ਕ੍ਰਾਂਤੀਕਾਰੀ ਪਿੰਡ ਫੂਲ ਦੇ ਪ੍ਰਧਾਨ ਜਗਸੀਰ ਸਿੰਘ ਨੇ ਕਿਹਾ ਕਿ ਜਦੋਂ ਤੋਂ ਝੋਨੇ ਦਾ ਸੀਜ਼ਨ ਸ਼ੁਰੂ ਹੋਇਆ ਹੈ, ਉਦੋਂ ਤੋਂ ਫੂਲ ਗਰਿੱਡ ਵਿਚੋਂ ਸਿਰਫ਼ 6-7 ਘੰਟੇ, ਕਦੇ 5 ਘੰਟੇ ਖੇਤਾਂ ਨੂੰ ਬਿਜਲੀ ਸਪਲਾਈ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਗਰਿੱਡ ਵਿਚ ਜਾਣਕਾਰੀ ਲੈਣ 'ਤੇ ਜਵਾਬ ਮਿਲਦਾ ਹੈ ਕਿ ਪਾਵਰਕੱਟ (ਪੀਸੀ) ਲਾਇਆ ਹੈ, ਜਦੋਂਕਿ ਗਰਿੱਡ ਵਿਚ ਪਾਵਰਕੱਟ ਦਾ ਵੇਰਵਾ ਸਪਲਾਈ ਕੱਟੇ ਜਾਣ ਤੋਂ ਅਲੱਗ ਹੈ। ਉਨਾਂ੍ਹ ਦੱਸਿਆ ਕਿ 14 ਜੂਨ ਨੂੰ ਗਰਿੱਡ ਵਿਚ ਪਾਵਰਕੱਟ ਦਾ ਸਮਾਂ 25 ਮਿੰਟ ਹੈ ਪਰ ਲਾਈਟ ਨੂੰ 60 ਮਿੰਟ (ਘੰਟੇ) ਦਾ ਕੱਟ ਲਾਇਆ ਗਿਆ ਹੈ, ਜਿਸ ਨੂੰ ਲੈ ਕੇ ਭਾਕਿਯੂ ਕ੍ਰਾਂਤੀਕਾਰੀ ਵੱਲੋਂ ਫੂਲ ਗਰਿੱਡ 'ਚ ਧਰਨਾ ਲਾਇਆ ਗਿਆ ਪਰ ਪ੍ਰਸ਼ਾਸਨ ਤੇ ਬਿਜਲੀ ਮੁਲਾਜ਼ਮਾਂ ਨੇ ਕੋਈ ਗੱਲ ਨਹੀਂ ਸੁਣੀ। ਕਿਸਾਨਾਂ ਨੇ ਮੰਗ ਕੀਤੀ ਕਿ ਖੇਤਾਂ ਵਾਲੀਆਂ ਮੋਟਰਾਂ ਦੀ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ। ਆਗੂਆਂ ਨੇ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਇਕ ਦੋ ਦਿਨਾਂ ਵਿਚ ਬਿਜਲੀ ਸਪਲਾਈ ਪੂਰੀ ਨਾ ਦਿੱਤੀ ਤਾਂ ਕਿਸਾਨਾਂ ਵੱਲੋਂ ਬਠਿੰਡਾ ਚੰਡੀਗੜ੍ਹ ਹਾਈਵੇ ਨੂੰ ਰਾਮਪੁਰਾ ਮੌੜ ਚੌਂਕ 'ਚ ਧਰਨਾ ਲਗਾ ਕੇ ਅਣਮਿੱਥੇ ਸਮੇਂ ਲਈ ਜਾਮ ਕੀਤਾ ਜਾਵੇਗਾ। ਇਸ ਸਬੰਧੀ ਜਦ ਪਾਵਰਕਾਮ ਰਾਮਪੁਰਾ ਦੇ ਐਕਸੀਅਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਦੀ ਸਪਲਾਈ ਦੇ ਜੋ ਕੱਟ ਲੱਗ ਰਹੇ ਹਨ, ਉਹ ਪਾਵਰ ਕੰਟਰੋਲ ਪਟਿਆਲਾ ਤੋਂ ਪੂਰੇ ਪੰਜਾਬ ਦੀ ਸਪਲਾਈ ਨੂੰ ਵੇਖਦਿਆਂ ਹੀ ਸ਼ਡਿਊਲ ਜਾਰੀ ਕੀਤਾ ਜਾਂਦਾ ਹੈ, ਇਸ ਸਬੰਧੀ ਕੱਟ ਕੀਤੀ ਗਈ ਸਪਲਾਈ ਜਾ ਕਿਸਾਨਾਂ ਨੂੰ ਪੂਰੀ ਸਪਲਾਈ ਦੇਣ ਬਾਰੇ ਪਾਵਰ ਕੰਟਰੋਲ ਹੀ ਜਾਣਕਾਰੀ ਦੇ ਸਕਦਾ ਹੈ।