ਗੁਰਤੇਜ ਸਿੰਘ ਸਿੱਧੂ, ਬਠਿੰਡਾ : ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਤੇ ਬਿਜਲੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 26 ਅਤੇ 27 ਨਵੰਬਰ ਨੂੰ ਦਿੱਲੀ ਵਿਚ ਲਾਏ ਜਾਣ ਵਾਲੇ ਮੋਰਚੇ ਦੀ ਮਾਲਵੇ ਦੇ ਕਿਸਾਨਾਂ ਨਾਲ ਤਿਆਰੀ ਮੁਕੰਮਲ ਕਰ ਲਈ ਹੈ। ਕਿਸਾਨਾਂ ਨੇ ਟਰੈਕਟਰ ਟਰਾਲੀਆਂ 'ਤੇ ਵਾਟਰ ਪਰੂਫ਼ ਛੱਤਾਂ ਪਾ ਕੇ ਉਨ੍ਹਾਂ ਨੂੰ ਕਮਰੇ ਦਾ ਰੂਪ ਦਿੱਤਾ ਗਿਆ ਹੈ। ਦੂਜੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਵੱਲੋਂ ਡੱਬਵਾਲੀ ਵਿਚ ਹੀ ਰੋਕੇ ਜਾਣ ਦਾ ਖਦਸ਼ਾ ਪੈਦਾ ਹੋ ਗਿਆ ਕਿਉਂਕਿ ਹਰਿਆਣਾ ਵਿਚ ਕਿਸਾਨ ਆਗੂਆਂ ਦੀ ਫੜੋ-ਫੜਾਈ ਜਾਰੀ ਹੋ ਚੁੱਕੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਆਪਣਾ ਕਾਫ਼ਲਾ ਡੱਬਵਾਲੀ ਰਾਸਤੇ ਦਿੱਲੀ ਲਈ ਰਵਾਨਾ ਹੋਵੇਗਾ। ਯੂਨੀਅਨ ਨੇ ਸੂਬੇ ਅੰਦਰ ਖਨੌਰੀ ਬਾਰਡਰ ਤੇ ਡੱਬਵਾਲੀ ਵਿਚ ਕਿਸਾਨਾਂ ਨੂੰ ਦਿਨ ਦੇ 12 ਵਜੇ ਪੁੱਜਣ ਦਾ ਸੱਦਾ ਦਿੱਤਾ ਹੈ ਜਿੱਥੋਂ ਲੱਖਾਂ ਦੀ ਗਿਣਤੀ ਕਿਸਾਨ ਦਿੱਲੀ ਵੱਲ ਕੂਚ ਕਰਨਗੇ।

ਬਠਿੰਡਾ ਜ਼ਿਲ੍ਹੇ ਵਿੱਚੋਂ ਕਰੀਬ 300 ਟਰੈਕਟਰ ਟਰਾਲੀਆਂ ਰਾਹੀ ਕਿਸਾਨ ਦਿੱਲੀ ਲਈ ਰਵਾਨਾ ਹੋਣਗੇ। ਕਿਸਾਨਾਂ ਨੇ ਵੱਡੀ ਮਾਤਰਾ ਵਿਚ ਰਾਸ਼ਨ ਇਕੱਠਾ ਕਰਕੇ ਟਰਾਲੀਆਂ ਵਿਚ ਰੱਖ ਲਿਆ ਹੈ। ਇਸ ਤੋਂ ਇਲਾਵਾ ਖਾਣਾ ਬਣਾਉਣ ਦਾ ਸਮਾਨ ਵੀ ਕਿਸਾਨਾਂ ਨੇ ਨਾਲ ਹੀ ਲੈ ਲਿਆ ਹੈ। ਕਿਸਾਨਾਂ ਵੱਲੋਂ ਬਿਸਤਰੇ ਤੇ ਕੱਪੜੇ ਆਦਿ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਬੀਕੇਯੂ ਉਗਰਾਹਾਂ ਨੇ 21 ਤੋਂ 23 ਨਵੰਬਰ ਤਕ ਕਿਸਾਨਾਂ ਨੂੰ ਦਿੱਲੀ ਜਾਣ ਲਈ ਪ੍ਰਰੇਰਿਤ ਕਰਨ ਖਾਤਰ ਪਿੰਡ ਹਲਾਓ, ਪਿੰਡ ਜਗਾਓ ਮੁਹਿੰਮ ਸ਼ੁਰੂ ਕੀਤੀ ਸੀ ਜਿਸ ਤਹਿਤ ਸੂਬੇ ਦੇ ਕਰੀਬ 800 ਪਿੰਡਾਂ ਅੰਦਰ ਅੌਰਤਾਂ ਤੇ ਮਰਦਾਂ ਦੁਆਰਾ ਮੁਜ਼ਾਹਰੇ ਕੀਤਾ ਗਏ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਦਿੱਲੀ ਮੋਰਚੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਰੀਬ 300 ਤੋਂ ਜਿਆਦਾ ਟਰੈਕਟਰ ਟਰਾਲੀਆਂ ਬਠਿੰਡਾ ਜ਼ਿਲ੍ਹੇ 'ਚੋਂ ਦਿੱਲੀ ਲਈ ਰਵਾਨਾ ਹੋਣਗੀਆਂ। ਉਨ੍ਹਾਂ ਦੱਸਿਆ ਕਿ 9 ਜ਼ਿਲਿ੍ਹਆਂ ਦੇ ਕਿਸਾਨ ਡੱਬਵਾਲੀ ਵਿਚ ਇਕੱਠੇ ਹੋਣਗੇ ਜਦੋਂ ਕਿ ਪੰਜ ਜ਼ਿਲਿ੍ਹਆਂ ਦੇ ਕਿਸਾਨ ਖਨੌਰੀ ਬਾਰਡਰ 'ਤੇ ਇਕੱਠੇ ਹੋਣ ਬਾਅਦ ਦਿੱਲੀ ਵੱਲ ਕੂਚ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਰਾਹ ਵਿਚ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਥੇ ਹੀ ਮੋਰਚਾ ਲਗਾ ਦਿੱਤਾ ਜਾਵੇਗਾ।

----------

ਕਿਸਾਨ-ਮਜ਼ਦੂਰ ਆਗੂਆਂ ਨੇ ਡੱਬਵਾਲੀ ਦਾ ਕੀਤਾ ਦੌਰਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੇ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਡੱਬਵਾਲੀ ਖੇਤਰ ਦਾ ਦੌਰਾ ਕੀਤਾ। ਕਿਸਾਨਾਂ ਨੂੰ ਖਦਸ਼ਾ ਹੈ ਕਿ ਹਰਿਆਣਾ ਸਰਕਾਰ ਕਿਸਾਨਾਂ ਨੂੰ ਡੱਬਵਾਲੀ ਵਿਚ ਰੋਕ ਸਕਦੀ ਹੈ ਜਿਸ ਕਾਰਨ ਕਿਸਾਨ ਇੱਥੇ ਹੀ ਮੋਰਚਾ ਲਾਉਣ ਦੀ ਸੋਚ ਰਹੇ ਹਨ। ਕਿਸਾਨ ਤੇ ਮਜ਼ਦੂਰ ਆਗੂਆਂ ਨੇ ਹਰਿਆਣਾ ਦੇ ਕਿਸਾਨ ਆਗੂਆਂ ਨਾਲ ਵੀ ਮੀਟਿੰਗ ਕੀਤੀ ਅਤੇ ਜੇਕਰ ਸਰਕਾਰ ਵੱਲੋਂ ਕਿਸਾਨਾਂ ਨੂੰ ਡੱਬਵਾਲੀ ਰੋਕਿਆ ਜਾਂਦਾ ਹੈ ਤਾਂ ਅਗਲੀ ਰਣਨੀਤੀ 'ਤੇ ਵਿਚਾਰ ਚਰਚਾ ਵੀ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਇਕ ਲੱਖ ਕਿਸਾਨ ਸਵੇਰੇ ਕਰੀਬ 11 ਵਜੇ ਡੱਬਵਾਲੀ ਵਿਚ ਵਿਚ ਦਾਖਲ ਹੋਣਗੇ। ਇੱਥੇ ਇਕੱਤਰ ਹੋਣ ਬਾਅਦ ਉਹ ਦਿੱਲੀ ਵੱਲ ਕੂਚ ਕਰਨਗੇ।