ਗੁਰਜੀਵਨ ਸਿੰਘ ਸਿੱਧੂ, ਨਥਾਣਾ : ਨਥਾਣਾ ਬਲਾਕ ਦੇ ਪਿੰਡ ਗਿੱਦੜ ਵਿਖੇ ਸੋਮਵਾਰ ਦੀ ਦੇਰ ਰਾਤ ਕੁਝ ਲੋਕਾਂ ਨੇ ਸਾਬਕਾ ਫੌਜੀ ਦੀ ਕਾਪੇ ਨਾਲ ਗਲ਼ ਵੱਢ ਕੇ ਹੱਤਿਆ ਕਰ ਦਿੱਤੀ। ਮਿ੍ਤਕ ਦੀ ਪਛਾਣ ਬਲਜਿੰਦਰ ਸਿੰਘ (40) ਪੁੱਤਰ ਟੇਕ ਸਿੰਘ ਵਜੋਂ ਹੋਈ ਹੈ। ਮਿ੍ਤਕ ਦੀ ਪਤਨੀ ਰਾਜਮੀਤ ਕੌਰ ਨੇ ਨਥਾਣਾ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦਾ ਪਤੀ ਬਲਜਿੰਦਰ ਸਿੰਘ ਰਾਤ ਨੂੰ ਰੋਟੀ ਖਾ ਕੇ ਗਲੀ 'ਚ ਸੈਰ ਕਰ ਰਿਹਾ ਸੀ। ਇਸ ਦੌਰਾਨ ਬਲਵਿੰਦਰ ਸਿੰਘ ਪੱਪੂ ਤੇ ਗੁਆਂਢ 'ਚ ਰਹਿਣ ਵਾਲੀ ਗੁਰਮੀਤ ਕੌਰ ਪਤਨੀ ਕੁਲਵੰਤ ਸਿੰਘ ਸਾਜ਼ਿਸ਼ ਤਹਿਤ ਗਲੀ 'ਚ ਪਹੁੰਚੇ। ਬਲਵਿੰਦਰ ਸਿੰਘ ਨੇ ਕਾਪੇ ਨਾਲ ਬਲਜਿੰਦਰ ਦੇ ਗਲ 'ਤੇ ਵਾਰ ਕੀਤੇ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰਾਜਮੀਤ ਕੌਰ ਨੇ ਦੋਸ਼ ਲਾਇਆ ਕਿ ਬਲਵਿੰਦਰ ਸਿੰਘ ਪੱਪੂ ਤੇ ਗੁਰਮੀਤ ਕੌਰ ਵਿਚਾਲੇ ਕਥਿਤ ਪ੍ਰੇਮ ਸਬੰਧ ਹਨ ਤੇ ਪ੍ਰੇਮ ਸਬੰਧਾਂ 'ਚ ਅੜਿੱਕਾ ਬਣ ਰਹੇ ਬਲਜਿੰਦਰ ਸਿੰਘ ਨੂੰ ਉਨ੍ਹਾਂ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਕਤਲ ਕੀਤਾ ਹੈ।

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਿਆ। ਰਾਜਮੀਤ ਕੌਰ ਦੇ ਬਿਆਨਾਂ 'ਤੇ ਬਲਜਿੰਦਰ ਸਿੰਘ ਅਤੇ ਗੁਰਮੀਤ ਕੌਰ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ। ਇਸ ਸਬੰਧੀ ਥਾਣਾ ਮੁਖੀ ਨਰਿੰਦਰ ਕੁਮਾਰ ਨੇ ਦੱਸਿਆ ਕਿ ਬਲਵਿੰਦਰ ਸਿੰਘ ਅਤੇ ਗੁਰਮੀਤ ਕੌਰ ਵਿਚਾਲੇ ਕਥਿਤ ਨਾਜਾਇਜ਼ ਸਬੰਧ ਸਨ। ਬਲਜਿੰਦਰ ਸਿੰਘ ਫੌਜੀ ਦੋਵਾਂ ਨੂੰ ਗਲੀ 'ਚ ਆਉਣ ਤੋਂ ਰੋਕਦਾ ਸੀ। ਇਸ ਰੰਜਿਸ਼ ਤਹਿਤ ਉਸ ਦਾ ਕਤਲ ਕੀਤਾ ਗਿਆ ਹੈ।