ਸੀਨੀਅਰ ਸਟਾਫ਼ ਰਿਪੋਰਟਰ, ਬਠਿੰਡਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਲੋਕ ਭਲਾਈ ਸਕੀਮਾਂ ਦਾ ਲਾਹਾ ਜ਼ਮੀਨੀ ਪੱਧਰ 'ਤੇ ਆਮ ਲੋਕਾਂ ਤਕ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਲੋਕ ਭਲਾਈ ਸਕੀਮਾਂ ਅਤੇ ਵਿਕਾਸ ਕਾਰਜਾਂ ਸਬੰਧੀ ਕੀਤੀ ਗਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ। ਇਸ ਮੌਕੇ ਉਨਾਂ੍ਹ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਲੋਕ ਭਲਾਈ ਸਕੀਮਾਂ ਦਾ ਯੋਗ ਲਾਭਪਾਤਰੀਆਂ ਨੂੰ ਲਾਹਾ ਦੇਣਾ ਤੇ ਅਧੂਰੇ ਵਿਕਾਸ ਕਾਰਜਾਂ ਨੂੰ ਤਹਿ ਸਮੇਂ ਅਨੁਸਾਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਉਨਾਂ੍ਹ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਪੈਂਡਿੰਗ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇ। ਬੈਠਕ ਦੌਰਾਨ ਡਿਪਟੀ ਕਮਿਸ਼ਨਰ ਸੰਧੂ ਨੇ ਕੋਰੋਨਾ ਵੈਕਸੀਨੇਸ਼ਨ, ਲਾਲ ਲਕੀਰ ਅਧੀਨ ਆਉਂਦੇ ਘਰਾਂ ਦੇ ਸਰਵੇ, ਡੀਏਪੀ ਦੀ ਖ਼ਾਦ, ਪਰਾਲੀ ਨਾ ਜਲਾਉਣ, ਗੁਲਾਬੀ ਸੁੰਡੀ ਨਾਲ ਖ਼ਰਾਬ ਹੋਏ ਨਰਮੇ ਦੀ ਫ਼ਸਲ ਦੇ ਮੁਆਵਜ਼ੇ, ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਸਬੰਧੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਸ ਸਬੰਧੀ ਕੀਤੇ ਜਾਣ ਵਾਲੇ ਕਾਰਜਾਂ ਵਿਚ ਕਿਸੇ ਵੀ ਤਰਾਂ੍ਹ ਦੀ ਿਢੱਲ ਨਾ ਵਰਤੀ ਜਾਵੇ। ਸਿਹਤ ਵਿਭਾਗ ਨਾਲ ਸਬੰਧਤ ਵੱਖ-ਵੱਖ ਲੋਕ ਭਲਾਈ ਸਕੀਮਾਂ ਤੋਂ ਇਲਾਵਾ ਕਰੋਨਾ ਵੈਕਸੀਨ ਅਤੇ ਡੇਂਗੂ ਸਬੰਧੀ ਸਮੀਖਿਆ ਕਰਦਿਆਂ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਕੋਰੋਨਾ ਵੈਕਸੀਨੇਸ਼ਨ ਕੈਂਪ ਸਥਾਨਾਂ ਦੀ ਗਿਣਤੀ, ਸਮਾਂ ਤੇ ਕਿੰਨੀ ਵੈਕਸੀਨੇਸ਼ਨ ਲੱਗ ਚੁੱਕੀ ਹੈ ਅਤੇ ਕਿੰਨੀ ਰਹਿੰਦੀ ਹੈ, ਦੀ ਰੋਜ਼ਾਨਾ ਮੁਕੰਮਲ ਰਿਪੋਰਟ ਭੇਜਣੀ ਯਕੀਨੀ ਬਣਾਈ ਜਾਵੇ। ਉਨਾਂ੍ਹ ਇਹ ਵੀ ਕਿਹਾ ਕਿ ਉਪ ਮੰਡਲ ਪੱਧਰ 'ਤੇ ਵੀ ਕੈਂਪਾਂ ਸਬੰਧੀ ਮੁਕੰਮਲ ਜਾਣਕਾਰੀ ਸਬੰਧਤ ਉਪ ਮੰਡਲ ਮੈਜਿਸਟੇ੍ਟ ਨੂੰ ਵੀ ਮੁਹੱਈਆ ਕਰਵਾਈ ਜਾਵੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਕੋਲੋਂ ਲਾਲ ਲਕੀਰ ਅਧੀਨ ਆਉਂਦੇ ਘਰਾਂ ਦੇ ਚੱਲ ਰਹੇ ਸਰਵੇ ਸਬੰਧੀ ਜਾਣਕਾਰੀ ਹਾਸਲ ਕਰਦਿਆਂ ਇਸ ਵਿਚ ਹੋਰ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ। ਉਨਾਂ੍ਹ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਹ ਵੀ ਖ਼ਾਸ ਹਦਾਇਤ ਕੀਤੀ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰ ਅਧਿਕਾਰੀ ਤੇ ਕਰਮਚਾਰੀ ਦੀ ਵੈਕਸੀਨੇਸ਼ਨ ਹੋਣੀ ਲਾਜ਼ਮੀ ਹੈ, ਇਸ ਲਈ ਜਿਹੜੇ ਅਧਿਕਾਰੀਆਂ ਜਾਂ ਕਰਮਚਾਰੀਆਂ ਨੇ ਹਾਲੇ ਤੱਕ ਵੈਕਸੀਨੇਸ਼ਨ ਦੀਆਂ ਦੋਵੇਂ ਡੋਜ਼ਾਂ ਨਹੀਂ ਲਗਵਾਈਆਂ, ਉਹ ਹਰ ਹਾਲਤ ਵਿਚ ਜਲਦ ਤੋਂ ਜਲਦ ਵੈਕਸੀਨੇਸ਼ਨ ਕਰਵਾਉਣੀ ਯਕੀਨੀ ਬਣਾਉਣ। ਇਸ ਮੌਕੇ ਉਨਾਂ੍ਹ ਮੁੱਖ ਖੇਤੀਬਾੜੀ ਅਫ਼ਸਰ ਨਾਲ ਗੱਲਬਾਤ ਕਰਦਿਆਂ ਕਿਸਾਨ ਭਲਾਈ ਸਕੀਮਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਸਮੇਂ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਡੀਏਪੀ ਖ਼ਾਦ ਲੋੜੀਂਦੀ ਮਾਤਰਾ ਵਿਚ ਮੌਜੂਦ ਹੈ ਅਤੇ ਕਿਸਾਨਾਂ ਨੂੰ ਕਿਸੇ ਵੀ ਤਰਾਂ੍ਹ ਦੀ ਸਮੱਸਿਆ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਰਿੰਦਰ ਪਾਲ ਸਿੰਘ ਬਾਜਵਾ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਿਢੱਲੋਂ, ਐਸਡੀਐਮ ਤਲਵੰਡੀ ਸਾਬੋ ਅਕਾਸ਼ ਬਾਂਸਲ, ਐਸਡੀਐਮ ਬਠਿੰਡਾ ਕੰਵਰਜੀਤ ਸਿੰਘ, ਐਸਡੀਐਮ ਰਾਮਪੁਰਾ ਨਵਦੀਪ ਕੁਮਾਰ, ਐਸਡੀਐਮ ਮੌੜ ਮੈਡਮ ਵੀਰਪਾਲ ਕੌਰ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਨੀਰੂ ਗਰਗ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਨਵੀਨ ਗਡਵਾਲ, ਸਮੂਹ ਈਓਜ਼ ਅਤੇ ਬੀਡੀਪੀਓਜ਼ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਨੁਮਾਇੰਦੇ ਹਾਜ਼ਰ ਸਨ।