ਗੁਰਤੇਜ ਸਿੰਘ ਸਿੱਧੂ, ਬਠਿੰਡਾ : ਕਾਲੇ ਖੇਤੀ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ 2020 ਖਿਲਾਫ਼ ਚੱਲ ਰਹੇ ਸੰਘਰਸ਼ ਨੂੰ ਤੇਜ਼ ਤੇ ਵਿਸ਼ਾਲ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ 25 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ 14 ਜ਼ਿਲ੍ਹਿਆਂ ਦੇ 41 ਸ਼ਹਿਰਾਂ ਤੇ ਕਸਬਿਆਂ ’ਚ ਪੇਂਡੂ ਤੇ ਸ਼ਹਿਰੀ ਜਨਤਾਂ ਵੱਲੋਂ ਮਿਲ ਕੇ ਬਦੀ ਦੀ ਮੂਰਤ ਬਣੇ ਵਿਦੇਸ਼ੀ ਕੰਪਨੀਆਂ, ਕਾਰਪੋਰੇਟਾਂ ਤੇ ਬੀਜੇਪੀ ਦੀ ਤਿੱਕੜੀ ਦੇ ਦਿਓ ਕੱਦ ਬੁੱਤਾਂ ਨੂੰ ਸਾੜ ਕੇ ਰੋਹ ਭਰਪੂਰ ਪ੍ਰਦਰਸ਼ਨ ਕੀਤੇ ਜਾਣਗੇ।

ਕਿਸਾਨ ਆਗੂਆਂ ਨੇ ਇਨ੍ਹਾਂ ਪ੍ਰਦਰਸ਼ਨਾਂ 'ਚ ਲੱਖਾਂ ਮਰਦ ਔਰਤਾਂ ਵੱਲੋਂ ਸ਼ਮੂਲੀਅਤ ਕਰਨ ਦਾ ਦਾਅਵਾ ਕੀਤਾ ਗਿਆ।

ਅੱਜ ਟੀਚਰਜ਼ ਹੋਮ ਬਠਿੰਡਾ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਲੀ ਕਲਾਂ ਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਵੱਲੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਬਠਿੰਡਾ ਦੇ 8, ਸੰਗਰੂਰ 9, ਮਾਨਸਾ 3, ਮੋਗਾ 4, ਬਰਨਾਲਾ 2, ਪਟਿਆਲਾ 3, ਅੰਮਿ੍ਰਤਸਰ 3, ਮੁਕਤਸਰ ਸਾਹਿਬ 2, ਫਰੀਦਕੋਟ, ਫਾਜ਼ਿਲਕਾ, ਜਲੰਧਰ, ਲੁਧਿਆਣਾ, ਫਿਰੋਜ਼ਪੁਰ ਅਤੇ ਗੁਰਦਾਪੁਰ ਜ਼ਿਲ੍ਹਿਆਂ ਦੇ 1-1 ਸ਼ਹਿਰੀ ਕੇਂਦਰਾਂ ਵਿੱਚ ਦੁਸਹਿਰੇ ਦੇ ਮੌਕੇ ਇਹ ਪ੍ਰਦਰਸ਼ਨ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਸੂਬਾ ਹੈੱਡਕੁਆਟਰ ’ਤੇ ਪੁੱਜੀਆਂ ਰਿਪੋਰਟਾਂ ਮੁਤਾਬਕ ਇਨ੍ਹਾਂ ਪ੍ਰਦਰਸ਼ਨਾਂ ਲਈ ਪੇਂਡੂ ਜਨਤਾਂ ਤੋਂ ਇਲਾਵਾ ਸ਼ਹਿਰੀ ਜਨਤਾ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਪੇਂਡੂਆਂ ਤੇ ਸ਼ਹਿਰੀਆਂ ਦੀ ਵਿਸ਼ਾਲ ਗਿਣਤੀ ਵਾਲੇ ਇਹ ਪ੍ਰਦਰਸ਼ਨ ਹੰਕਾਰੀ ਮੋਦੀ ਸਰਕਾਰ ਦੀਆਂ ਕਿਸਾਨ ਤੇ ਲੋਕ ਮਾਰੂ ਨੀਤੀਆਂ ’ਤੇ ਕਰਾਰੀ ਚੋਟ ਸਾਬਤ ਹੋਣਗੇ। ਕਿਸਾਨ ਆਗੂਆਂ ਨੇ ਪ੍ਰਾਈਵੇਟ ਥਰਮਲਾਂ ਨਾਲ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਲੋਕ ਵਿਰੋਧੀ ਸਮਝੌਤੇ ਰੱਦ ਕਰ ਕੇ ਸਰਕਾਰੀ ਥਰਮਲ ਚਲਾਉਣ ਦੀ ਮੰਗ ਉੱਪਰ ਜ਼ੋਰ ਦੇਣ ਲਈ ਬਣਾਵਾਲੀ ਥਰਮਲ ਨੂੰ ਜਾਂਦੀ ਕੋਇਲੇ ਦੀ ਸਪਲਾਈ ਠੱਪ ਕਰਨ ਲਈ ਇਸ ਪਲਾਂਟ ਨੂੰ ਜਾਂਦੀ ਰੇਲਵੇ ਲਾਈਨ ’ਤੇ ਅੱਜ ਤੋਂ ਜਾਮ ਸ਼ੁਰੂ ਕਰਨ ਦੀ ਜਾਣਕਾਰੀ ਦਿੱਤੀ। ਕੱਲ੍ਹ ਤੋਂ ਰਾਜਪੁਰਾ ਥਰਮਲ ਨੂੰ ਜਾਂਦੀ ਲਾਈਨ ਉੱਪਰ ਵੀ ਧਰਨਾ ਦੇਣ ਦਾ ਐਲਾਨ ਕੀਤਾ।

Posted By: Seema Anand