Bathinda Crime News : ਜੇਐੱਨਐੱਨ, ਬਠਿੰਡਾ : ਇੱਥੋਂ ਦੇ ਹਨੂਮਾਨ ਚੌਕ ਸਥਿਤ ਇਕ ਹੋਟਲ ਦੇ ਕਮਰੇ 'ਚੋਂ ਔਰਤ ਦੇ ਨਾਲ ਇਤਰਾਜ਼ਯੋਗ ਹਾਲਤ 'ਚ ਫਡ਼ੇ ਗਏ ਸਪੈਸ਼ਲ ਟਾਸਕ ਫੋਰਸ (STF) ਬਠਿੰਡਾ ਜ਼ੋਨ ਦੇ ਡੀਐੱਸਪੀ ਗੁਰਸ਼ਰਨ ਸਿੰਘ ਖ਼ਿਲਾਫ਼ ਥਾਣਾ ਸਿਵਲ ਲਾਈਨ ਪੁਲਿਸ ਨੇ ਜਬਰ ਜਨਾਹ ਤੇ ਬਲੈਕਮੇਲ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। DSP Gursharan Singh ਨੂੰ ਸੋਮਵਾਰ ਰਾਤ ਔਰਤ ਦੇ ਨਾਲ ਹੋਟਲ 'ਚ ਫੜਿਆ ਗਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਕਰੀਬ 3 ਮਹੀਨੇ ਪਹਿਲਾਂ ਐੱਸਟੀਐੱਫ ਦੀ ਟੀਮ ਨੇ ਪੰਜਾਬ ਪੁਲਿਸ ਦੇ ਏਐੱਸਆਈ ਨੂੰ ਹੈਰੋਇਨ ਸਮੱਗਲਿੰਗ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਉਸ ਦੀ ਪਤਨੀ ਡੀਐੱਸਪੀ ਦੇ ਸੰਪਰਕ 'ਚ ਆਈ ਜਿਸ ਨੂੰ ਉਹ ਫੋਨ ਕਰ ਕੇ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਨ ਲੱਗਾ ਸੀ। ਉੱਥੇ ਹੀ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਝੂਠੇ ਸਮੱਗਲਿੰਗ ਕੇਸ 'ਚ ਫਸਾਉਣ ਦੀ ਧਮਕੀ ਦੇ ਕੇ ਉਸ ਨੂੰ ਹੋਟਲ ਬੁਲਾਉਣ ਲੱਗਾ।

ਔਰਤ ਨੇ ਪਹਿਲਾਂ ਹੋਟਲ 'ਚ ਜਾਣ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ਵਿਚ ਡੀਐੱਸਪੀ ਨੇ ਉਸ 'ਤੇ ਅਤੇ ਉਸ ਦੇ ਪਤੀ-ਪੁੱਤਰ 'ਤੇ ਹੈਰੋਇਨ ਸਮੱਗਲਿੰਗ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੀੜਤ ਔਰਤ ਮੁਤਾਬਿਕ ਉਸ 'ਤੇ ਅਤੇ ਉਸ ਦੇ ਪਤੀ-ਪੁੱਤਰ 'ਤੇ ਸਮੱਗਲਿੰਗ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਉਹ ਡੀਐੱਸਪੀ ਦੀ ਗੱਲ ਮੰਨਣ ਲਈ ਮਜਬੂਰ ਹੋ ਗਈ।

ਔਰਤ ਮੁਤਾਬਿਕ ਇਸ ਤੋਂ ਬਾਅਦ 13 ਸਤੰਬਰ ਨੂੰ ਡੀਐੱਸਪੀ ਨੇ ਉਸ ਨੂੰ ਹਨੂਮਾਨ ਚੌਕ ਸਥਿਤ ਹੋਟਲ ਆਸ਼ਿਆਨਾ 'ਚ ਬੁਲਾਇਆ, ਜਿੱਥੇ ਉਸ ਨੇ ਡਰਾ ਧਮਕਾ ਕੇ ਉਸ ਨਾਲ ਜਬਰ ਜਨਾਹ ਕੀਤਾ। ਬੀਤੀ 26 ਅਕਤੂਬਰ ਦੀ ਰਾਤ ਵੀ ਉਸ ਨੇ ਮੁਡ਼ ਉਸ ਨੂੰ ਹੋਟਲ ਬੁਲਾਇਆ, ਜਿੱਥੇ ਡੀਐੱਸਪੀ ਨੇ ਦੁਬਾਰਾ ਉਸ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕੀਤੀ, ਪਰ ਔਰਤ ਨੇ ਰੌਲਾ ਪਾ ਦਿੱਤਾ। ਉਸ ਨੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਪੀਡ਼ਤ ਔਰਤ ਦੀ ਸ਼ਿਕਾਇਤ 'ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Posted By: Seema Anand