ਹਰਕ੍ਰਿਸ਼ਨ ਸ਼ਰਮਾ,ਬਠਿੰਡਾ :

ਛੇਵੇਂ ਪੇ ਕਮਿਸ਼ਨਰ ਦੇ ਵਿਰੋਧ 'ਚ ਸਰਕਾਰੀ ਡਾਕਟਰਾਂ ਦੀ ਕੀਤੀ ਹੜਤਾਲ ਦੇ ਕਾਰਨ ਵਰ੍ਹਦੀ ਗਰਮੀ 'ਚ ਦੂਰੋਂ ਦੂਰੋਂ ਆਉਣ ਵਾਲੇ ਲੋਕੀਂ ਮੁੜਕੋਂ ਮੁੜਕੀਂ ਹੋ ਕੇ ਖੱਜਲ ਖੁਆਰ ਹੋਣ ਬਾਅਦ ਚਿਹਰੇ 'ਤੇ ਮਾਯੂਸੀ ਲੈ ਵਾਪਸ ਪਰਤ ਗਏ। ਡਾਕਟਰਾਂ ਵੱਲੋਂ ਸਿਵਲ ਸਰਜਨ ਦੇ ਦਫ਼ਤਰ ਅੱਗੇ ਟੈਂਟ ਲਗਾ ਕੇ ਪੰਜਾਬ ਸਰਕਾਰ ਖ਼ਲਿਾਫ਼ ਰੋਸ ਜਤਾਉਂਦੇ ਹੋਏ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਓਪੀਡੀ ਅਤੇ ਕੋਵਿਡ ਸੇਵਾ ਨੂੰ ਠੱਪ ਰੱਖਿਆ ਹੋਇਆ ਹੈ ਅਤੇ ਕਿਸੇ ਵੀ ਤਰਾਂ੍ਹ ਮਰੀਜ਼ ਨੂੰ ਅਟੈਂਡ ਨਹੀਂ ਕੀਤਾ ਗਿਆ। ਆਸ ਪਾਸ ਦੇ ਪਿੰਡਾਂ 'ਚੋਂ ਆਉਣ ਵਾਲੇ ਲੋਕ ਸਵੇਰ ਤੋਂ ਓਪੀਡੀ ਕਾਊਂਟਰਾਂ ਦੇ ਬਾਹਰ ਇੰਤਜਾਰ ਕਰਦੇ ਰਹੇ ਅਤੇ ਵਰ੍ਹਦੀ ਗਰਮੀ ਵਿਚ ਬੇਬਸ ਹੋ ਵਾਪਸ ਪਰਤ ਗਏ। ਜ਼ਿਕਰਯੋਗ ਹੈ ਕਿ ਡਾਕਟਰਾਂ ਵਲੋਂ ਪੰਜਾਬ ਸਿਵਲ ਮੈਡੀਕਲ ਸਰਵਿਸਜ਼ ਐਸੋਸੀਏਸ਼ਨ ਦੇ ਸੱਦੇ 'ਤੇ ਸੋਮਵਾਰ ਤੋਂ ਹੜਤਾਲ ਸ਼ੁਰੂ ਕੀਤੀ ਗਈ ਸੀ ਅਤੇ ਸ਼ੁੱਕਰਵਾਰ ਨੂੰ ਹੜਤਾਲ ਦਾ ਪੰਜਵਾਂ ਦਿਨ ਹੈ। ਸ਼ੁੱਕਰਵਾਰ ਨੂੰ ਪੂਰਨ ਤੌਰ 'ਤੇ ਹੜਤਾਲ ਦੌਰਾਨ ਜ਼ਿਲ੍ਹਾ ਪ੍ਰਧਾਨ ਡਾ. ਗੁਰਮੇਲ ਸਿੰਘ ਅਤੇ ਜਨਰਲ ਸਕੱਤਰ ਡਾ. ਖੁਸ਼ਦੀਪ ਸਿੰਘ ਸਿੱਧੂ ਦੀ ਅਗਵਾਈ ਵਿਚ ਸਿਵਲ ਸਰਜਨ ਦਫ਼ਤਰ ਦੇ ਡਾਕਟਰਾਂ ਨੇ ਚੇਤਾਵਨੀ ਦਿੱਤੀ ਹੋਈ ਸੀ ਕਿ ਜੇਕਰ ਸਰਕਾਰ ਨੇ ਉਨਾਂ੍ਹ ਦੇ ਮਸਲਿਆਂ ਦੇ ਸਬੰਧ 'ਚ ਕੋਈ ਸਾਰ ਨਾ ਲਈ ਅਤੇ ਘੱਟ ਕੀਤੇ ਗਏ ਨਾਨ ਪ੍ਰਰੈਕਟਿਸ ਅਲਾਊਂਸਜ਼ (ਐਨਪੀਏ) ਵਾਪਸ ਨਾ ਲਏ ਗਏ ਤਾਂ 25 ਜੂਨ ਤੋਂ ਹਰ ਇਕ ਸਿਹਤ ਸਹੂਲਤ ਨੂੰ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਹੁਣ ਇਸ ਵਿਚ ਕੋਵਿਡ ਸੈਂਟਰ ਦੀਆਂ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਐਸੋਸੀਏਸ਼ਨ ਦੇ ਡਾ. ਅਰੁਣ ਬਾਂਸਲ, ਡਾ. ਰਵੀਕਾਂਤ ਗੁਪਤਾ, ਡਾ. ਧੀਰਜ ਗੋਇਲ, ਡਾ. ਸਤੀਸ਼ ਜਿੰਦਲ, ਡਾ. ਜਗਰੂਪ ਸਿੰਘ, ਡਾ. ਅੰਜਲੀ ਦਾ ਆਖਣਾ ਹੈ ਕਿ ਜਦ ਤਕ ਮੰਗਾਂ ਦਾ ਹੱਲ ਨਹੀਂ ਹੋ ਜਾਂਦਾ ਤਾਂ ਉਨਾਂ੍ਹ ਦਾ ਸੰਘਰਸ਼ ਇਸੇ ਤਰਾਂ੍ਹ ਚੱਲਦਾ ਰਹੇਗਾ। ਲੋਕਾਂ ਦਾ ਆਖਣਾ ਸੀ ਕਿ ਡਾਕਟਰਾਂ ਵਲੋਂ ਆਪਣੀਆਂ ਮੰਗਾਂ ਨੂੰ ਮੰਨਵਾਉਣ ਲਈ ਇਹ ਧਰਨਾ ਦਿੱਤਾ ਗਿਆ ਹੈ, ਜਦੋਂਕਿ ਸਰਕਾਰ ਉਨਾਂ੍ਹ ਦੇ ਮਸਲੇ ਨੂੰ ਹੱਲ ਨਹੀਂ ਕਰ ਰਹੀ ਅਤੇ ਦੋਨਾਂ ਦੀ ਆਪਸੀ ਲੜਾਈ 'ਚ ਆਮ ਲੋਕਾਂ ਦੀਆਂ ਦਿੱਕਤਾਂ ਹੋਰ ਵੀ ਵੱਧ ਗਈਆਂ ਹਨ। ਇਸ ਦੌਰਾਨ ਪਹੁੰਚੇ ਹੋਏ ਕੁੱਝ ਲੋਕਾਂ ਨੇ ਦੱਸਿਆ ਕਿ ਉਹ ਕਿਰਾਇਆ ਲਗਾ ਕੇ ਪਿੰਡਾਂ 'ਚੋਂ ਆਉਂਦੇ ਹਨ ਪਰ ਹੜਤਾਲ ਦੇ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਉਨਾਂ੍ਹ ਨੂੰ ਵਾਪਸ ਮੁੜਨਾ ਪੈ ਰਿਹਾ ਹੈ। ਉਨ੍ਹਾ ਦਾ ਕਹਿਣਾ ਸੀ ਕਿ ਹਸਪਤਾਲ 'ਚ ਹੜਤਾਲ ਹੋ ਗਈ ਹੈ ਪਰ ਗਰੀਬ ਲੋਕ ਹੁਣ ਕਿਧਰ ਜਾਣ। ਉਨਾਂ੍ਹ ਕੋਲ ਤਾਂ ਸਰਕਾਰੀ ਹਸਪਤਾਲਾਂ 'ਚੋਂ ਆਪਣਾ ਇਲਾਜ ਕਰਵਾਉਣ ਲਈ ਪੈਸੇ ਮਸਾਂ ਜੁੜਦੇ ਹਨ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਡਾਕਟਰਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਿਆ ਜਾਵੇ।