ਗੁਰਤੇਜ ਸਿੰਘ ਸਿੱਧੂ, ਬਠਿੰਡਾ : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਉਨ੍ਹਾਂ ਗੁਰੂ ਘਰਾਂ ਤੇ ਪਿੰਡਾਂ ਨੂੰ ਅਨੰਦਪੁਰ ਸਾਹਿਬ ਦੀ ਤਰ੍ਹਾਂ ਚਿੱਟਾ ਰੰਗ ਕਰਨ ਦਾ ਐਲਾਨ ਕੀਤਾ ਸੀ ਜਿੱਥੇ ਪਹਿਲੇ ਪਾਤਸ਼ਾਹ ਨੇ ਆਪਣੇ ਚਰਨ ਪਾਏ ਸਨ। ਇਸਦੀ ਸ਼ੁਰੂਆਤ ਇਤਿਹਾਸਕ ਪਿੰਡ ਲੱਖੀ ਜੰਗਲ ਤੋਂ ਕੀਤੀ ਗਈ ਸੀ ਪਰ ਸੱਤ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਅਜੇ ਤਕ ਪੰਚਾਇਤ ਨੂੰ ਫ਼ੰਡ ਨਸੀਬ ਨਹੀਂ ਹੋਏ।

ਇਸ ਸਬੰਧੀ 23 ਨਵੰਬਰ 2018 ਨੂੰ ਪਿੰਡ ਵਿਚ ਇਕ ਸਮਾਗਮ ਕਰਕੇ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ 10 ਕਰੋੜ ਰੁਪਏ ਦੇਣ ਦੇ ਐਲਾਨ ਕੀਤਾ ਸੀ। ਪਿੰਡ ਲੱਖੀ ਜੰਗਲ ਤੋਂ ਇਲਾਵਾ ਕੋਠੇ ਨਾਥੇਆਣਾ ਤੇ ਮਹਿਮਾ ਸਰਜਾ ਵਿਚ ਵੀ ਵਿਕਾਸ ਕਾਰਜ ਕੀਤੇ ਜਾਣੇ ਸਨ ਪਰ ਅਜੇ ਤਕ ਲੋੜੀਂਦਾ ਫ਼ੰਡ ਹੀ ਨਹੀਂ ਪੁੱਜਾ।

23 ਨਵੰਬਰ ਨੂੰ ਸਮਾਗਮ ਤੋਂ ਪਹਿਲਾਂ ਪੰਚਾਇਤ ਨੇ ਆਪਣੇ ਤੌਰ 'ਤੇ ਗੁਰਦੁਆਰਾ ਲੱਖੀ ਜੰਗਲ ਸਾਹਿਬ ਪਾਤਿਸ਼ਾਹੀ ਪਹਿਲੀ, ਛੇਵੀਂ, ਸੱਤਵੀ ਤੇ ਦਸਵੀਂ ਤੋਂ ਸ਼ੁਰੂਆਤ ਕਰ ਦਿੱਤੀ ਸੀ। ਲੱਖੀ ਜੰਗਲ ਸਾਹਿਬ ਦੀਆਂ ਦੀਵਾਰਾਂ ਨੂੰ ਰੰਗ-ਰੋਗਣ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸ 'ਤੇ ਪੰਚਾਇਤ ਦੇ ਕਰੀਬ 85 ਹਜ਼ਾਰ ਰੁਪਏ ਖਰਚ ਹੋ ਚੁੱਕੇ ਹਨ। ਪਿੰਡ ਦੀ ਮੁੱਖ ਸੜਕ 'ਤੇ ਭਾਵੇਂ ਪਿੰਡ ਦੇ ਨੌਜਵਾਨਾਂ ਨੇ ਰੰਗ ਰੋਗਨ ਦਾ ਕੰਮ ਸਿਰੇ ਚਾੜ੍ਹ ਦਿੱਤਾ ਪਰ ਪੰਜਾਬ ਸਰਕਾਰ ਨੇ ਹੁਣ ਤਕ ਇਕ ਰੁਪਇਆ ਵੀ ਨਹੀਂ ਭੇਜਿਆ। ਹੁਣ ਇਹ ਕੰਮ ਬਿਲਕੁਲ ਠੱਪ ਪਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰੂ ਘਰਾਂ ਤੇ ਪਿੰਡਾਂ ਨੂੰ ਸਫੈਦ ਰੰਗ ਵਿਚ ਰੰਗਣ ਦਾ ਤਹੱਈਆ ਕੀਤਾ ਸੀ।

ਪਿੰਡ ਦੇ ਨੌਜਵਾਨਾਂ ਨੇ ਬਣਾਈ 11 ਮੈਂਬਰੀ ਕਮੇਟੀ

ਰੰਗ ਰੋਗਣ ਤੋਂ ਲੈ ਕੇ ਹੋਰ ਵਿਕਾਸ ਕੰਮ ਕਰਵਾਉਣ ਲਈ ਭਾਈ ਘਨੱਈਆ ਜੀ ਯੂਥ ਵੈਲਫੇਅਰ ਕਲੱਬ ਨੇ ਕਮਾਂਡ ਸੰਭਾਲੀ ਸੀ। ਕਲੱਬ ਨੇ ਪ੍ਰਧਾਨ ਹਰਵਿੰਦਰ ਸਿੰਘ ਤੇ ਮੀਤ ਪ੍ਰਧਾਨ ਵਰਿੰਦਰ ਸਿੰਘ ਦੁਆਰਾ ਪੰਚਾਇਤ ਤੇ ਨੌਜਵਾਨਾਂ ਨੂੰ ਨਾਲ ਲੈ ਕੇ ਇਤਿਹਾਸਕ ਗੁਰੂ ਘਰ ਲੱਖੀ ਜੰਗਲ ਸਾਹਿਬ ਸਮੇਤ ਪਿੰਡ ਦੀ ਮੁੱਖ ਸੜਕ 'ਤੇ ਪੈਂਦੇ ਘਰਾਂ ਨੂੰ ਚਿੱਟਾ ਰੰਗ ਕੀਤਾ। 1400 ਅਬਾਦੀ ਵਾਲੇ 200 ਘਰਾਂ ਨੂੰ ਚਿੱਟੇ ਰੰਗ ਵਿਚ ਰੰਗਿਆ ਜਾਣਾ ਸੀ। ਇਸ ਤੋਂ ਪਹਿਲਾਂ ਪਿੰਡ ਦੀਆਂ ਗਲੀਆਂ ਵਿਚ ਇੰਟਰਲਾਕਿੰਗ ਟਾਈਲਾਂ ਤੇ ਗੁਰਦੁਆਰਾ ਸਾਹਿਬ ਦੇ ਆਸੇ ਪਾਸੇ 18 ਫੁੱਟ ਚੌੜੀ ਸੜਕ ਵੀ ਬਣਾਏ ਜਾਣ ਦੀ ਯੋਜਨਾ ਸੀ ਪਰ ਐਲਾਨੀ ਗ੍ਰਾਂਟ ਨਾ ਆਉਣ ਕਾਰਨ ਇਹ ਕੰਮ ਅਜੇ ਤਕ ਚਾਲੂ ਨਹੀਂ ਹੋ ਸਕੇ।

ਲੱਖੀ ਜੰਗਲ ਤੋਂ ਇਸ ਲਈ ਕੀਤੀ ਸੀ ਸ਼ੁਰੂਆਤ

ਪਿੰਡ ਲੱਖੀ ਜੰਗਲ ਨੂੰ ਚਾਰ ਗੁਰੂ ਸਹਿਬਾਨ ਜੀ ਦੀ ਚਰਨ ਛੋਹ ਪ੍ਰਰਾਪਤ ਹੈ। ਗੁਰੂ ਨਾਨਕ ਦੇਵ ਜੀ ਨੇ ਲੱਖੀ ਜੰਗਲ ਵਿਚ ਇਕ ਲੱਖ ਜਪੁਜੀ ਸਾਹਿਬ ਦੇ ਪਾਠ ਕੀਤੇ ਤੇ ਵਰ ਦਿੱਤਾ ਸੀ ਕਿ ਪੂਰਨਮਾਸ਼ੀ ਵਾਲੇ ਦਿਨ ਜਿਹੜਾ ਪ੍ਰਾਣੀ ਜਪੁਜੀ ਸਾਹਿਬ ਜੀ ਦਾ ਪਾਠ ਕਰੇਗਾ ਜਾ ਸੁਣੇਗਾ ਉਸਦੀਆਂ ਭਾਵਨਾਵਾਂ ਪੂਰੀਆਂ ਹੋਣਗੀਆਂ। ਇਸੇ ਕਾਰਨ ਹੀ ਇਸ ਅਸਥਾਨ ਤੋਂ ਚਿੱਟੇ ਰੰਗ ਦੀ ਸ਼ੁਰੂਆਤ ਕੀਤੀ ਸੀ।

ਦਿੱਲੀ ਤੋਂ ਲਾਹੌਰ ਜਾਣ ਸਮੇਂ ਮੀਰੀ ਪੀਰੀ ਦੇ ਮਾਲਕ ਛੇਵੇ ਪਾਤਿਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਅਸਥਾਨ ਲੱਖੀ ਜੰਗਲ ਵਿਚ ਆਪਣੇ ਚਰਨ ਪਾਏ ਸਨ। ਸੱਤਵੇਂ ਪਾਤਿਸ਼ਾਹ ਸ਼੍ਰੀ ਗੁਰੂ ਹਰਿਰਾਇ ਸਾਹਿਬ ਵੀ ਇਸ ਅਸਥਾਨ 'ਤੇ ਆਏ ਸਨ। ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ 1762 ਬਿਕ੍ਰਮੀ ਵਿਚ ਲੱਖੀ ਜੰਗਲ ਪੁੱਜ ਕੇ ਇਸ ਧਰਤੀ ਨੂੰ ਮੁਕਤੀ ਧਰਤੀ ਕਹਿ ਕਿ ਨਿਵਾਜਿਆ ਸੀ। 23 ਨਵੰਬਰ ਨੂੰ ਗੁਰਦੁਆਰਾ ਸਾਹਿਬ ਵਿਚ ਭਾਰੀ ਜੋੜ ਮੇਲਾ ਲੱਗਦਾ ਹੈ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰੂ ਘਰ ਨਤਮਸਤਕ ਹੁੰਦੀਆਂ ਹਨ।

26 ਪਿੰਡਾਂ 'ਚ ਖਰਚ ਕੀਤੇ ਜਾਣੇ ਸਨ 100 ਕਰੋੜ

ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ 26 ਪਿੰਡਾਂ ਦੇ ਵਿਕਾਸ ਲਈ 100 ਕਰੋੜ ਰੁਪਏ ਖਰਚ ਕਰਨ ਦਾ ਐਲਾਨ ਕੀਤਾ ਸੀ। ਇਸੇ ਤਹਿਤ ਬਠਿੰਡਾ ਜ਼ਿਲ੍ਹੇ ਦੇ ਤਿੰਨ ਪਿੰਡਾਂ ਨੂੰ ਮਾਡਲ ਪਿੰਡ ਬਣਾਉਣ ਦਾ ਐਲਾਨ ਵੀ ਕੀਤਾ ਗਿਆ ਸੀ। ਇਸ ਲਈ ਸਰਕਾਰ ਵੱਲੋਂ ਦਸ ਕਰੋੜ ਰੁਪਏ ਗ੍ਰਾਂਟ ਦੇਣ ਦਾ ਭਰੋਸਾ ਦਿੱਤਾ ਗਿਆ ਸੀ। ਪੂਰੇ ਪੰਜਾਬ ਅੰਦਰ ਵਿਕਸਤ ਕੀਤੇ ਜਾਣ ਵਾਲੇ 26 ਪਿੰਡਾਂ ਲਈ 100 ਕਰੋੜ ਰੁਪਏ ਖਰਚ ਕੀਤੇ ਜਾਣੇ ਹਨ। ਇਸ ਤੋਂ ਇਲਾਵਾ 11 ਨਗਰ ਪੰਚਾਇਤਾਂ ਲਈ ਅਲੱਗ 150 ਕਰੋੜ ਰੁਪਏ ਖਰਚ ਹੋਣੇ ਹਨ। 250 ਕਰੋੜ ਰੁਪਏ ਉਨ੍ਹਾਂ ਪਿੰਡਾਂ ਵਿਚ ਸਫੈਦ ਰੰਗ ਤੇ ਹੋਰ ਵਿਕਾਸ ਕਾਰਜਾਂ ਲਈ ਖਰਚ ਕੀਤੇ ਜਾਣੇ ਹਨ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਚਰਨ ਪਾਏ ਸਨ, ਪਰ ਅਜੇ ਤਕ ਸਰਕਾਰ ਨੇ ਕੋਈ ਫ਼ੰਡ ਜਾਰੀ ਨਹੀਂ ਕੀਤਾ।