ਗੁਰਤੇਜ ਸਿੰਘ ਸਿੱਧੂ, ਬਠਿੰਡਾ : ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਮਾਮਲੇ 'ਚ ਡੇਰਾ ਸਿਰਸਾ ਦੇ ਮੁਖੀ ਖ਼ਿਲਾਫ਼ ਕਾਨੂੰਨੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ, ਉਦੋਂ ਹੀ ਡੇਰਾ ਸੱਚਾ ਸੌਦਾ ਸਿਰਸਾ ਨੇ ਪੰਜਾਬ ਵਿਚਲੇ ਆਪਣੇ ਹੈੱਡਕੁਆਰਟਰ ਤੇ ਮੁੱਖ ਡੇਰਾ ਸਲਾਬਤਪੁਰਾ 'ਚ ਆਪਣੀ ਤਾਕਤ ਦਾ ਮੁਜ਼ਾਹਰਾ ਕੀਤਾ। ਡੇਰਾ ਸੱਚਾ ਸੌਦਾ ਦੇ ਪਹਿਲੇ ਮੁਖੀ ਦੇ ਸਬੰਧ 'ਚ ਡੇਰਾ ਸਲਾਬਤਪੁਰਾ 'ਚ 9 ਜ਼ਿਲਿ੍ਹਆ ਦੇ ਡੇਰਾ ਪੇ੍ਮੀਆਂ ਦਾ ਇਕੱਠ ਹੋਇਆ। ਵਿਧਾਨ ਸਭਾ ਚੋਣਾਂ ਲਈ ਦਿਨੋ ਦਿਨ ਭਖ ਰਹੇ ਮੈਦਾਨ ਦੌਰਾਨ ਡੇਰਾ ਪੇ੍ਮੀਆਂ ਦੇ ਇਕੱਠ ਕਾਫ਼ੀ ਅਹਿਮ ਸਮਿਝਆ ਜਾ ਰਿਹਾ ਹੈ। ਇਸ ਵੱਡੇ ਇਕੱਠ ਕਾਰਨ ਅੱਜ ਸਿਰਫ਼ ਪੰਜਾਬ ਹੀ ਨਹੀਂ ਬਲਕਿ ਕੇਂਦਰੀ ਖ਼ੁਫ਼ੀਆ ਏਜੰਸੀਆਂ ਵੀ ਸਲਾਬਤਪੁਰਾ 'ਚ ਮੁਸਤੈਦ ਦਿਖਾਈ ਦਿੱਤੀਆਂ ਤੇ ਹਰ ਘੰਟੇ ਦੀ ਰਿਪੋਰਟ ਆਪੋ-ਆਪਣੇ ਹੈੱਡਕੁਆਰਟਰਾਂ ਨੂੰ ਭੇਜਦੀਆਂ ਰਹੀਆਂ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਨੂੰ ਤੀਸਰੀ ਵਾਰ ਸਜ਼ਾ ਸੁਣਾਏ ਜਾਣ ਤੇ ਬੇਅਬਦੀ ਦੇ ਮਾਮਲਿਆਂ 'ਚ ਡੇਰਾ ਮੁਖੀ ਤੋਂ ਪੁੱਛਗਿੱਛ ਕੀਤੇ ਜਾਣ ਤੋਂ ਬਾਅਦ ਡੇਰਾ ਪੇ੍ਮੀਆਂ ਦਾ ਮਨੋਬਲ ਵਧਾਉਣ ਅਤੇ ਸਿਆਸੀ ਪਾਰਟੀਆਂ ਨੂੰ ਆਪਣਾ ਵੋਟ ਬੈਂਕ ਵਿਖਾਉਣ ਲਈ ਇਹ ਵੱਡਾ ਇਕੱਠ ਕੀਤਾ ਗਿਆ ਹੈ। ਵੋਟਾਂ ਖ਼ਾਤਰ ਸਿਆਸੀ ਧਿਰਾਂ ਕੋਈ ਵਿਚਲਾ ਰਾਹ ਕੱਢਣ ਲਈ ਤਰਲੋਮੱਛੀ ਤਾਂ ਹਨ ਪਰ ਖੁੱਲ੍ਹੇਆਮ ਡੇਰਾ ਸਿਰਸਾ ਦੇ ਨੇੜੇ ਜਾਣ ਨੂੰ ਕੋਈ ਤਿਆਰ ਨਹੀਂ ਹੈ।

ਬੇਅਦਬੀ ਮਾਮਲਿਆਂ ਕਾਰਨ ਸਿਆਸੀ ਲੀਡਰਾਂ ਨੂੰ ਪੰਥਕ ਵੋਟ ਬੈਂਕ ਖੁੱਸਣ ਦਾ ਡਰ ਵੀ ਹੈ ਜੋ ਉਨ੍ਹਾਂ ਨੂੰ ਜਨਤਕ ਤੌਰ 'ਤੇ ਡੇਰੇ ਵੱਲ ਮੂੰਹ ਕਰਨ ਤੋਂ ਵਰਜਦਾ ਦਿਸ ਰਿਹਾ ਹੈ। ਮਾਲਵੇ 'ਚ ਡੇਰਾ ਪੈਰੋਕਾਰਾਂ ਦੇ ਵੱਡਾ ਪ੍ਰਭਾਵ ਮੰਨਿਆ ਜਾਂਦਾ ਹੈ। ਡੇਰਾ ਸੱਚਾ ਸੌਦਾ ਸਿਰਸਾ ਦੇ ਸਿਆਸੀ ਵਿੰਗ ਨੇ ਵੀ ਹਾਲੇ ਤਕ ਆਪਣੇ ਪੱਤੇ ਨਹੀਂ ਖੋਲ੍ਹੇ ਅਤੇ ਵਿੰਗ ਵੀ ਅੰਦਰੋ ਅੰਦਰੀ ਸ਼ਰਧਾਲੂਆਂ ਦੀ ਨਬਜ਼ ਟੋਹਣ 'ਚ ਜੁਟਿਆ ਹੋਇਆ ਹੈ। ਡੇਰਾ ਪੇ੍ਮੀਆਂ ਦਾ ਕਹਿਣਾ ਹੈ ਕਿ ਸਿਆਸੀ ਵਿੰਗ ਵੱਲੋਂ ਦੋਵੇਂ ਮੁੱਖ ਸਿਆਸੀ ਧਿਰਾਂ ਨੂੰ ਹਮਾਇਤ ਦਿੱਤੀ ਜਾ ਚੁੱਕੀ ਹੈ ਪਰ ਅੌਖੀ ਘੜੀ 'ਚ ਉਨ੍ਹਾਂ ਨਾਲ ਕੋਈ ਵੀ ਨਹੀਂ ਖੜਿ੍ਹਆ। ਅਕਾਲੀ ਭਾਜਪਾ ਗਠਜੋੜ ਤੇ ਕੈਪਟਨ ਸਰਕਾਰ ਦੇ ਰਾਜ ਭਾਗ 'ਚ ਡੇਰਾ ਪੈਰੋਕਾਰਾਂ ਨੂੰ ਵਧੀਕੀਆਂ ਦਾ ਸਾਹਮਣਾ ਕਰਨਾ ਪਿਆ ਹੈ।

ਡੇਰੇ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਇੰਸਾਂ ਨੇ ਆਖਿਆ ਕਿ ਡੇਰਾ ਸੱਚਾ ਸੌਦਾ ਦੀ ਸੰਗਤ ਦੀ ਏਕਤਾ ਆਪਣੇ ਆਪ ਵਿਚ ਇਕ ਮਿਸਾਲ ਹੈ ਜਿਸ ਨੂੰ ਤੋੜਨ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਏਕਤਾ ਨੂੰ ਤੋੜਣ ਦੇ ਸੁਪਨੇ ਲੈਣ ਵਾਲੇ ਆਪਣੇ ਮਕਸਦ ਵਿਚ ਕਦੇ ਵੀ ਕਾਮਯਾਬ ਨਹੀਂ ਹੋਣਗੇ। ਉਨ੍ਹਾਂ ਨਾਲ ਹੀ ਕਿਹਾ ਕਿ ਅਸੀਂ ਕਿਸੇ ਨੂੰ ਡਰਾਉਂਦੇ ਨਹੀਂ ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਕਿਸੇ ਤੋ ਡਰਦੇ ਹਾਂ। ਜ਼ਿਕਰਯੋਗ ਹੈ ਕਿ ਬੇਅਦਬੀ ਹੀ ਨਹੀਂ ਸਗੋਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਮੌੜ ਮੰਡੀ 'ਚ ਹੋਏ ਬੰਬ ਧਮਾਕੇ ਦੀਆਂ ਤਾਰਾਂ ਵੀ ਪੁਲਿਸ ਡੇਰਾ ਸਿਰਸਾ ਨਾਲ ਜੋੜਦੀ ਆ ਰਹੀ ਹੈ। ਅਜਿਹੇ ਮਾਹੌਲ ਵਿਚ ਡੇਰੇ ਦੇ ਆਗੂਆਂ ਨੇ ਅਜਿਹੇ ਵੱਡੇ ਇਕੱਠ ਕਰਨ ਦਾ ਫ਼ੈਸਲਾ ਕੀਤਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਾਰ-ਵਾਰ ਬੇਅਦਬੀ ਤੇ ਮੌੜ ਬੰਬ ਕਾਂਡ ਦਾ ਇਨਸਾਫ਼ ਦੇਣ ਤੇ ਕਥਿਤ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜਣ ਦੀ ਗੱਲ ਕਰ ਰਹੀ ਹੈ।

Posted By: Seema Anand