ਗੁਰਤੇਜ ਸਿੰਘ ਸਿੱਧੂ, ਬਿਠੰਡਾ : ਜ਼ਿਲ੍ਹਾ ਮੇਲਰੀਆ ਅਫ਼ਸਰ ਦੇ ਘਰੋਂ ਡੇਂਗੂ ਦਾ ਲਾਰਵਾ ਮਿਲਣ ਬਾਅਦ ਮੁਲਾਜ਼ਮ ਵੱਲੋਂ ਚਲਾਨ ਦੀ ਰਿਪੋਰਟ ਬਣਾਏ ਜਾਣ ਬਾਅਦ ਮੇਲਰੀਆ ਅਫ਼ਸਰ ਭੜਕ ਉਠੇ। ਦੂਜੇ ਪਾਸੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਮਲੇਰੀਆ ਅਫ਼ਸਰ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਸਵੇਰੇ ਹੀ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਸਿਹਤ ਵਿਭਾਗ ਦੇ ਮੁਲਾਜ਼ਮਾਂ ਦੇ ਪ੍ਰਦਰਸ਼ਨ ਕਾਰਨ ਮਰੀਜ਼ਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਵਿਭਾਗ 'ਚ ਤਾਇਨਾਤ ਮਲਟੀਪਰਪਜ਼ ਹੈੱਲਥ ਵਰਕਰ ਜਤਿੰਦਰ ਸਿੰਘ ਡੇਂਗੂ ਦਾ ਲਾਰਵਾ ਚੈੱਕ ਕਰਨ ਲਈ ਮਲੇਰੀਆ ਅਫ਼ਸਰ ਡਾ. ਉਮੇਸ਼ ਦੇ ਘਰ ਗਿਆ ਸੀ। ਇਸ ਦੌਰਾਨ ਉਸਨੂੰ ਡਾਕਟਰ ਦੇ ਘਰੋਂ ਡੇਂਗੂ ਦਾ ਲਾਰਵਾ ਮਿਲ ਗਿਆ। ਉਸਨੇ ਡਾਕਟਰ ਦੇ ਘਰੋਂ ਡੇਂਗੂ ਦਾ ਲਾਰਵਾ ਮਿਲਣ ਦੀ ਰਿਪੋਰਟ ਤਿਆਰ ਕਰ ਦਿੱਤੀ। ਜਦੋਂ ਉਕਤ ਰਿਪੋਰਟ ਜ਼ਿਲ੍ਹਾ ਮੇਲਰੀਆ ਅਫ਼ਸਰ ਕੋਲ ਪੁੱਜੀ ਤਾਂ ਉਹ ਭੜਕ ਉੱਠੇ। ਇਸ ਦੌਰਾਨ ਮਲਟੀਪਰਪਜ਼ ਹੈੱਲਥ ਵਰਕਰ ਨੇ ਡਾਕਟਰ 'ਤੇ ਦੁਰਵਿਹਾਰ ਕਰਨ ਦੇ ਦੋਸ਼ ਲਾਏ ਹਨ। ਦੂਜਾ ਪਾਸੇ ਮਲੇਰੀਆ ਅਫ਼ਸਰ ਦਾ ਕਹਿਣਾ ਹੈ ਕਿ ਉਕਤ ਮੁਲਾਜ਼ਮ ਕੰਮ ਨਾ ਕਰਨ ਲਈ ਅਜਿਹੀਆਂ ਸਾਜਿਸ਼ਾਂ ਰਚ ਰਹੇ ਹਨ। ਸਿਹਤ ਵਿਭਾਗ ਦੇ ਮੁਲਾਜ਼ਮਾਂ ਦੇ ਧਰਨੇ ਦੌਰਾਨ ਮਰੀਜ਼ਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਵਧ ਪਰੇਸ਼ਾਨੀ ਆਪਣੇ ਟੈਸਟ ਕਰਵਾਉਣ ਲਈ ਆਏ ਮਰੀਜ਼ਾਂ ਨੂੰ ਹੋਈ। ਸਿਵਲ ਸਰਜਨ ਦੇ ਦਫ਼ਤਰ ਬਾਹਰ ਧਰਨੇ ਦੌਰਾਨ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਜ਼ਿਲ੍ਹਾ ਮੇਲਰੀਆ ਅਫ਼ਸਰ ਡਾ. ਉਮੇਸ਼ ਦੇ ਘਰ ਜਦੋਂ ਸਿਹਤ ਵਿਭਾਗ ਦਾ ਮੁਲਾਜ਼ਮ ਜਤਿੰਦਰ ਸਿੰਘ ਚੈਕਿੰਗ ਕਰਨ ਲਈ ਗਿਆ ਤਾਂ ਉਸਨੂੰ ਡੇਂਗੂ ਦਾ ਲਾਰਵਾ ਮਿਲਿਆ। ਉਸਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਦਿਆਂ ਇਸਦੀ ਰਿਪੋਰਟ ਤਿਆਰ ਕਰਕੇ ਵਿਭਾਗ ਨੂੰ ਦੇ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਮਲੇਰੀਆ ਅਫ਼ਸਰ ਨੇ ਆਪਣੇ ਖਿਲਾਫ਼ ਬਣਾਈ ਰਿਪੋਰਟ ਦੇਖੀ ਤਾਂ ਉਹ ਭੜਕ ਉੱਿਠਆ ਤੇ ਮੁਲਾਜ਼ਮ ਨਾਲ ਦੁਰਵਿਹਾਰ ਕੀਤਾ। ਮੁਲਾਜ਼ਮਾਂ ਦਾ ਕਹਿਣਾ ਸੀ ਕਿ 12 ਦਿਨ ਬੀਤ ਜਾਣ ਦੇ ਬਾਵਜੂਦ ਵੀ ਮਲੇਰੀਆ ਅਫ਼ਸਰ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਗਗਨਦੀਪ ਸਿੰਘ ਨੇ ਕਿਹਾ ਕਿ ਡਾਕਟਰ ਦੀ ਪਿਛਲੇ ਦਿਨੀਂ ਤਬੀਅਤ ਖਰਾਬ ਸੀ, ਜਿਸ ਕਰਕੇ ਮੁਲਾਜ਼ਮ ਜਤਿੰਦਰ ਸਿੰਘ ਉਨ੍ਹਾਂ ਦੇ ਘਰ ਚੈਕਿੰਗ ਲਈ ਭੇਜਿਆ ਗਿਆ ਸੀ। ਇਸ ਦੌਰਾਨ ਡਾ. ਉਮੇਸ਼ ਦੇ ਘਰੋਂ ਮੁਲਾਜ਼ਮ ਨੂੰ ਡੇਂਗੂ ਦਾ ਲਾਰਵਾ ਮਿਲਿਆ। ਉਨ੍ਹਾਂ ਦੋਸ਼ ਲਾਇਆ ਕਿ ਮੁਲਾਜ਼ਮ ਨੇ ਚਲਾਨ ਕਰਨ ਲਈ ਰਿਪੋਰਟ ਤਿਆਰ ਕੀਤੀ ਸੀ ਜਿਸ ਕਾਰਨ ਡਾਕਟਰ ਨੇ ਉਸ ਨਾਲ ਦੁਰਵਿਹਾਰ ਕਰਦਿਆਂ ਧਮਕੀਆਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਸਿਵਲ ਸਰਜਨ ਨੂੰ ਮਿਲ ਕੇ ਸਾਰੀ ਜਾਣਕਾਰੀ ਦਿੱਤੀ ਪਰ ਡਾਕਟਰ ਖਿਲਾਫ਼ ਕੋਈ ਕਾਰਵਾਈ ਨਹੀਂ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਨੂੰ ਪਿਛਲੇ ਦਿਨੀਂ ਮਿਲ ਕੇ ਡਾਕਟਰ ਵੱਲੋਂ ਮੁਲਾਜ਼ਮਾਂ ਸਬੰਧੀ ਅਪਣਾਏ ਮਾੜੇ ਰਵੱਈਏ ਬਾਰੇ ਜਾਣਕਾਰੀ ਦਿੱਤੀ ਸੀ ਤੇ ਅਪੀਲ ਕੀਤੀ ਸੀ ਕਿ ਉਹ ਉਕਤ ਡਾਕਟਰ ਨਾਲ ਕੰਮ ਨਹੀਂ ਕਰਨਗੇ। ਉਨ੍ਹਾਂ ਡਾਕਟਰ ਖਿਲਾਫ਼ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਸੀ ਪਰ ਅਜੇ ਤਕ ਡਾਕਟਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਮੁਲਾਜ਼ਮਾਂ ਨੂੰ ਮਜਬੂਰਨ ਧਰਨਾ ਦੇਣਾ ਪਿਆ।

--------

ਮੁਲਾਜ਼ਮ ਕਰ ਰਹੇ ਬਦਨਾਮ : ਮੇਲਰੀਆ ਅਫ਼ਸਰ

ਦੂਜੇ ਪਾਸੇ ਮਲੇਰੀਆ ਅਫ਼ਸਰ ਡਾ.ਉਮੇਸ਼ ਗੁਪਤਾ ਨੇ ਦੱਸਿਆ ਕਿ ਅਜਿਹੇ ਮੁਲਾਜ਼ਮ ਕੰਮ ਕਰਨ ਤੋਂ ਭੱਜ ਰਹੇ ਹਨ ਜਿਸ ਕਾਰਨ ਉਸ ਖਿਲਾਫ਼ ਝੂਠੇ ਦੋਸ਼ ਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਜਤਿੰਦਰ ਨੂੰ ਸੈਂਪਲ ਲੈਣ ਲਈ ਨਥਾਣੇ ਭੇਜਿਆ ਗਿਆ, ਜਿਸਦੀ ਡਿਊਟੀ ਸਵੇਰ ਤੋਂ ਸ਼ਾਮ ਤਕ ਲਗਾਈ ਗਈ ਸੀ ਪਰ ਉਹ ਦੁਪਹਿਰ ਦੋ ਵਜੇ ਹੀ ਨਥਾਣਾ ਤੋਂ ਵਾਪਿਸ ਆ ਗਿਆ। ਉਨ੍ਹਾਂ ਕਿਹਾ ਕਿ ਉਕਤ ਮੁਲਾਜ਼ਮ ਉਸਨੂੰ ਜਾਣ ਬੁੱਝ ਕੇ ਬਦਨਾਮ ਕਰ ਰਹੇ ਹਨ। ਉਸਦੇ ਘਰ ਵਿੱਚੋਂ ਕੋਈ ਡੇਂਗੂ ਦਾ ਲਾਰਵਾ ਨਹੀਂ ਮਿਲਿਆ।

-----------

ਡੇਂਗੂ ਦੇ 472 ਮਰੀਜ਼ਾਂ ਦੀ ਪੁਸ਼ਟੀ

ਮੁਲਾਜ਼ਮਾਂ ਦੀ ਹੜਤਾਲ ਕਾਰਨ ਮਲੇਰੀਆ ਤੇ ਡੇਂਗੂ ਤੋਂ ਪੀੜਤ ਮਰੀਜ਼ਾਂ ਨੂੰ ਬੁਧਵਾਰ ਨੂੰ ਕਾਫ਼ੀ ਪਰੇਸ਼ਾਨੀ ਝੱਲਣੀ ਪਈ। ਜ਼ਿਲ੍ਹੇ ਅੰਦਰ ਡੇਂਗੂ ਦੇ 472 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਹਰ ਰੋਜ਼ ਸਿਵਲ ਹਸਪਤਾਲ ਵਿਚ ਵੱਡੀ ਗਿਣਤੀ ਮਰੀਜ਼ ਆਪਣੇ ਟੈਸਟ ਕਰਵਾਉਣ ਲਈ ਆ ਰਹੇ ਹਨ। ਪਰ ਬੁੱਧਵਾਰ ਨੂੰ ਧਰਨੇ ਕਾਰਨ ਮਰੀਜ਼ਾਂ ਦੇ ਟੈੱਸਟ ਨਹੀਂ ਹੋ ਸਕੇ। ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਡਾਕਟਰ ਖਿਲਾਫ਼ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।