ਪੰਜਾਬੀ ਜਾਗਰਣ ਪ੍ਰਤੀਨਿਧੀ, ਬਠਿੰਡਾ : ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਪੁਲਿਸ ’ਤੇ ਧੱਕੇਸ਼ਾਹੀ ਦੇ ਦੋਸ਼ ਲਗਾਉਂਦਿਆਂ ਸਿਵਲ ਲਾਈਨ ਥਾਣੇ ਅੱਗੇ ਅੱਜ ਧਰਨਾ ਲਗਾਇਆ ਗਿਆ। ਇਸ ਮੌਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਸਾਬਕਾ ਵਿਧਾਇਕ ਸਰੂਪ ਸਿੰਗਲਾ ਨੇ ਦੱਸਿਆ ਕਿ ਸੈਲੀਬ੍ਰੇਸ਼ਨ ਹੋਟਲ ’ਚ ਅਕਾਲੀ ਦਲ ਵੱਲੋਂ ਆਈਟੀ ਵਿੰਗ ਦੀ ਇਕ ਮੀਟਿੰਗ ਰੱਖੀ ਗਈ ਸੀ। ਜਿਸ ਬਾਅਦ ਹੁਣ ਹੋਟਲ ਦੇ ਮਾਲਕ ਨੂੰ ਬਿਨ੍ਹਾਂ ਵਜ੍ਹਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਰਾਤ ਭਰ ਹੈਰਾਨ ਕੀਤਾ ਗਿਆ ਤੇ ਸਿਵਲ ਲਾਈਨ ਪੁਲਿਸ ਵੱਲੋਂ ਥਾਣੇ ਲਿਆਂਦਾ ਗਿਆ। ਹੋਟਲ ’ਚ ਠਹਿਰਣ ਵਾਲਿਆਂ ਨੂੰ ਵੀ ਇੱਥੇ ਲਿਆਂਦਾ ਗਿਆ। ਡੀਵੀਆਰ ਤੇ ਕੈਮਰੇ ਵੀ ਪੁੱਟ ਲਿਆਂਦੇ ਗਏ। ਉਸ ਨੂੰ ਕਿਹਾ ਗਿਆ ਕਿ ਇਹ ਮੀਟਿੰਗ ਕਿਉਂ ਕਰਵਾਈ ਗਈ ਹੈ। ਸਾਬਕਾ ਵਿਧਾਇਕ ਸਰੂਪ ਸਿੰਗਲਾ ਨੇ ਕਿਹਾ ਕਿ ਇਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਇਸ ਕਾਰਨ ਹੀ ਉਨ੍ਹਾਂ ਵੱਲੋਂ ਧਰਨਾ ਲਗਾਇਆ ਗਿਆ ਹੈ। ਥਾਣਾ ਸਿਵਲ ਲਾਈਨ ਦੇ ਅਡੀਸ਼ਨਲ ਐਸਐਚਓ ਕਰਮਜੀਤ ਸਿੰਘ ਨੇ ਦੱਸਿਆ ਕਿ ਅਕਾਲੀ ਦਲ ਵੱਲੋਂ ਧਰਨਾ ਚੁੱਕ ਲਿਆ ਹੈ। ਕੋਈ ਮਾਲਕਾਂ ਦੇ ਝਗੜੇ ਸਬੰਧੀ ਸ਼ਿਕਾਇਤ ਆਈ ਸੀ ਜਿਸ ਕਾਰਨ ਦੀਪਾਂਸ਼ ਮਿੱਤਲ ਨੂੰ ਬੁਲਾਇਆ ਗਿਆ ਸੀ। ਬਿਨ੍ਹਾਂ ਵਜ੍ਹਾ ਈਸ਼ੂ ਬਣਾਇਆ ਜਾ ਰਿਹਾ ਸੀ।

Posted By: Sarabjeet Kaur