ਗੁਰਤੇਜ ਸਿੰਘ ਸਿੱਧੂ, ਬਠਿੰਡਾ : ਦੋਧੀ ਯੂਨੀਅਨ ਨੇ ਭਾਰਤ-ਅਮਰੀਕਾ ਸਮਝੌਤੇ ਖਿਲਾਫ਼ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਦੋਧੀ ਯੂਨੀਅਨ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਜਰਨੈਲ ਸਿੰਘ ਬੰਗੀ, ਬਠਿੰਡਾ ਸ਼ਹਿਰੀ ਦੇ ਪ੍ਰਧਾਨ ਜਗਸੀਰ ਸ਼ਰਮਾ ਦੀ ਅਗਵਾਈ ਹੇਠ ਮੰਗਲਵਾਰ ਨੂੰ ਏਡੀਸੀ ਸੁਖਪ੍ਰਰੀਤ ਸਿੰਘ ਸਿੱਧੂ ਨੂੰ ਇਕ ਮੰਗ ਪੱਤਰ ਸੌਂਪਿਆ। ਇਸ ਮੌਕੇ ਉਕਤ ਆਗੂਆਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਭਾਰਤ-ਅਮਰੀਕਾ ਵਿਚਕਾਰ ਇਕਮ ਸਮਝੌਤਾ ਹੋਣ ਜਾ ਰਿਹਾ ਹੈ, ਜਿਸ ਨਾਲ ਭਾਰਤੀ ਖੇਤੀ , ਡੇਅਰੀ ਅਤੇ ਪੋਲਟਰੀ ਉਪਰ ਸਿੱਧਾ ਮਾੜਾ ਪ੍ਰਭਾਵ ਪਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਉਕਤ ਸਮਝੌਤਾ ਸਿਰੇ ਚੜਦਾ ਹੈ ਤਾਂ ਦੁੱਧ ਦਾ ਕਾਰੋਬਾਰ ਬਿਲਕੁਲ ਖਤਮ ਹੋ ਜਾਵੇਗਾ ਤੇ ਦੁੱਧ ਦਾ ਧੰਦਾ ਕਰਨ ਵਾਲੇ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਜਾਣਗੇ। ਅਮਰੀਕਾ ਆਪਣੇ ਇੰਨ੍ਹਾਂ ਉਤਪਾਦਾਂ ਲਈ ਲਗਾਤਾਰ ਮੰਡੀ ਦੀ ਭਾਲ 'ਚ ਹੈ । ਇਸੇ ਸੋਚ ਤਹਿਤ ਅਮਰੀਕਾ ਨੇ ਕੋਲੰਬੀਆ,ਪਨਾਮਾ ਤੇ ਦੱਖਣੀ ਕੋਰੀਆ ਉਪਰ ਦਬਾਅ ਬਣਾਕੇ ਅਜਿਹੇ ਸਮਝੌਤੇ ਕੀਤੇ ਹਨ । ਉਨ੍ਹਾਂ ਦੱਸਿਆ ਕਿ ਇੰਨ੍ਹਾਂ ਉਤਪਾਦਾਂ 'ਚ ਅਮਰੀਕਾ ਦਾ ਮੁਨਾਫ਼ਾ ਘਟ ਕੇ ਕੇਵਲ 11 ਬਿਲੀਅਨ ਡਾਲਰ ਰਹਿ ਗਿਆ ਜੋ ਪਿਛਲੇ 14 ਸਾਲ 'ਚ ਸੱਭ ਤੋਂ ਘੱਟ ਮੁਨਾਫ਼ਾ ਹੈ। ਇਸਨੂੰ ਮੁੜ ਵਧਾਉਣ ਲਈ ਅਮਰੀਕਾ ਤਰਲੋ-ਮੱਛੀ ਹੋਇਆ ਫਿਰਦਾ ਹੈ ਤੇ ਵਿੰਗੇ ਟੇਢੇ ਢੰਗ ਤਰੀਕੇ ਨਾਲ ਵੱਖ ਵੱਖ ਮੁਲਕਾਂ ਉਪਰ ਦਬਾਅ ਬਣਾਕੇ ਕਰ-ਮੁਕਤ ਸਮਝੌਤੇ ਕਰਨ ਲਈ ਮਜਬੂਰ ਕਰ ਰਿਹਾ ਹੈ। ਭਾਰਤ ਉਪਰ ਵੀ ਲਗਾਤਾਰ ਇਸ ਸਮਝੌਤੇ ਲਈ ਦਬਾਅ ਬਣਾ ਰਿਹਾ ਹੈ ਇਸੇ ਭਾਵਨਾ ਨਾਲ 24-25 ਫਰਵਰੀ ਨੂੰ ਡੋਨਾਲਡ ਟਰੰਪ ਭਾਰਤ ਆ ਰਿਹਾ ਹੈ । ਹੁਣ ਟਰੰਪ ਦੇ ਭਾਰਤ ਦੌਰੇ ਦਾ ਮੁੱਖ ਏਜੰਡਾ ਹੀ ਭਾਰਤ-ਅਮਰੀਕਾ ਵਪਾਰ ਸਮਝੌਤਾ ਹੈ। ਜੇਕਰ ਭਾਰਤ ਤੇ ਅਮਰੀਕਾ ਦਰਮਿਆਨ ਇਹ ਸਮਝੌਤਾ ਹੋ ਜਾਂਦਾ ਹੈ ਤਾ ਅਮਰੀਕਾ ਤਂੋ ਕਪਾਹ, ਬਦਾਮ, ਅਖਰੋਟ, ਸੋਇਆਬੀਨ, ਕਣਕ, ਮੱਕਾ , ਡੇਅਰੀ ਉਤਪਾਦ ਤੇ ਪੋਲਟਰੀ ਉਤਪਾਦ ਵੱਡੀ ਪੱਧਰ 'ਤੇ ਬਹੁਤ ਘੱਟ ਆਯਾਤ ਟੈਕਸ ਉਪਰ ਆ ਕੇ ਸਸਤੇ ਰੇਟਾਂ 'ਤੇ ਵਿਕਣਗੇ ,ਜਿਸ ਨਾਲ ਭਾਰਤ 'ਚ ਇਹ ਉਤਪਾਦ ਪੈਦਾ ਕਰਨ ਵਾਲੇ ਲੋਕ ਬਰਬਾਦ ਹੋ ਜਾਣਗੇ। ਭਾਰਤ ਵਿਚ 42000 ਕਰੋੜ ਦੇ ਇਹ ਉਤਪਾਦ ਬਹੁਤ ਹੀ ਸਸਤੀ ਕੀਮਤ 'ਤੇ ਵਿਕਣਗੇ। ਆਗੂਆਂ ਨੇ ਕਿਹ ਕਿ ਅਜਿਹੇ ਮਾਰੂ ਸਮਝੌਤੇ ਕਰ ਕੇ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਦੀ ਮੌਤ ਦੇ ਵਰੰਟਾਂ ਉਪਰ ਮੋਹਰ ਲਾ ਰਹੀ ਹੈ । ਪ੍ਰਧਾਨ ਮੰਤਰੀ ਦੇ ਨਾਂ ਸੌਂਪੇ ਮੰਗ ਪੱਤਰ 'ਚ ਮੰਗ ਕੀਤੀ ਗਈ ਹੈ ਕਿ ਉਹ ਅਮਰੀਕਾ ਨਾਲ ਅਜਿਹੇ ਕਿਸੇ ਵੀ ਸਮਝੌਤੇ 'ਤੇ ਦਸਤਖਤ ਨਾ ਕਰਨ। ਇਸ ਮੌਕੇ ਪੁਸ਼ਪਿੰਦਰ ਸਿੰਘ ਗੋਨਿਆਣਾ ਮੰਡੀ, ਅਜੈਬ ਸਿੰਘ ਬਾਠ ਰਾਮਪੁਰਾ, ਗਰਪ੍ਰਰੀਤ ਸਿੰਘ ਤਲਵੰਡੀ ਸਾਬੋ, ਮਨਦੀਪ ਸਿੰਘ ਮੌੜ ਤੇ ਸੁਖਮੰਦਰ ਸਿੰਘ ਰਾਮਾਂ ਹਾਜ਼ਰ ਸਨ।