ਦੀਪਕ ਸ਼ਰਮਾ, ਬਠਿੰਡਾ :ਜ਼ਿਲ੍ਹੇ 'ਚ ਡੇਂਗੂ ਦੇ ਵਧਦੇ ਮਾਮਲਿਆਂ ਦੇ ਚੱਲਦਿਆਂ ਸਿੰਗਲ ਡੋਨਰ ਪਲੇਟਲੈੱਟਸ (ਐੱਸਡੀਪੀ) ਦੀ ਮੰਗ ਵਧ ਗਈ ਹੈ। ਹਾਲਤ ਇਹ ਹੈ ਕਿ ਪਲੇਟਲੈੱਟਸ ਹਾਸਲ ਕਰਨ ਲਈ ਲੋਕ ਬਲੱਡ ਬੈਂਕਾਂ ਦੇ ਚੱਕਰ ਲਾ ਰਹੇ ਹਨ ਤੇ ਖ਼ੂਨਦਾਨ ਕਰਨ ਵਾਲੇ ਵਿਅਕਤੀ ਨੂੰ ਪਲੇਟਲੈਟਸ ਕਢਵਾਉਣ ਲਈ ਕਈ ਕਈ ਘੰਟੇ ਇੰਤਜ਼ਾਰ ਕਰਨਾ ਪੈ ਰਿਹਾ ਹੈ। ਸ਼ਹਿਰ 'ਚ ਇਕ ਸਰਕਾਰੀ ਤੇ ਚਾਰ ਨਿੱਜੀ ਬਲੱਡ ਬੈਂਕ ਹਨ, ਜਿੱਥੇ ਹਰ ਰੋਜ਼ ਦੋ ਸੌ ਦੇ ਕਰੀਬ ਡੇਂਗੂ ਪੀੜਤਾਂ ਲਈ ਪਲੇਟਲੈੱਟਸ ਜਾਰੀ ਕੀਤੇ ਜਾਂਦੇ ਹਨ। ਜ਼ਿਆਦਾਤਰ ਬਲੱਡ ਬੈਂਕਾਂ 'ਚ ਪਲੇਟਲੈਟਸ ਬਣਾਉਣ ਵਾਲੀਆਂ ਮਸ਼ੀਨਾਂ ਚੌਵੀ ਘੰਟੇ ਚੱਲ ਰਹੀਆਂ ਹਨ। ਇਸ ਦੇ ਬਾਵਜੂਦ ਮਰੀਜ਼ਾਂ ਦੀ ਮੰਗ ਪੂਰੀ ਕਰਨ 'ਚ ਭਾਰੀ ਦਿੱਕਤ ਆ ਰਹੀ ਹੈ। ਸਰਕਾਰੀ ਬਲੱਡ ਬੈਂਕ 'ਚ ਹਰ ਰੋਜ਼ ਵੀਹ ਤੋਂ ਪੱਚੀ ਯੂਨਿਟ ਪਲੇਟਲੈਟਸ ਜਾਰੀ ਕੀਤੇ ਜਾਂਦੇ ਹਨ ਜਦਕਿ ਨਿੱਜੀ ਬਲੱਡ ਬੈਂਕਾਂ ਵਿਚ ਇਸਦੀ ਗਿਣਤੀ ਕਾਫ਼ੀ ਜ਼ਿਆਦਾ ਹੈ।

ਡੇਂਗੂ ਦੇ ਸੀਜਨ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਰਕਾਰੀ ਬਲੱਡ ਬੈਂਕ ਵਿਚ ਹਰ ਰੋਜ਼ ਤਿੰਨ ਤੋਂ ਚਾਰ ਯੂਨਿਟ ਪਲੇਟਲੈੱਟਸ ਦੀ ਮੰਗ ਸੀ, ਜਿਹੜੀ ਵਧ ਕੇ ਵੀਹ ਤੋਂ ਪੱਚੀ ਯੂਨਿਟ ਹੋ ਗਈ ਹੈ। ਇਸੇ ਤਰ੍ਹਾਂ ਨਿੱਜੀ ਬਲੱਡ ਬੈਂਕਾਂ ਵਿਚ ਸੱਤ ਤੋਂ ਲੈ ਕੇ ਦੱਸ ਯੂਨਿਟ ਦੀ ਮੰਗ ਸੀ, ਜਿਹੜੀ ਵਧਕੇ ਹੁਣ ਤੀਹ ਤੋਂ ਪੈਂਤੀ ਯੂਨਿਟ ਹੋ ਗਈ ਹੈ। ਹਾਲਤ ਇਹ ਹੈ ਕਿ ਖ਼ੂਨਦਾਨ ਕਰਨ ਵਾਲੇ ਵਿਅਕਤੀ ਨੂੰ ਮੌਕੇ 'ਤੇ ਬੁਲਾ ਕੇ ਬਲੱਡ ਬੈਂਕ ਵਾਲੇ ਮਰੀਜ਼ਾਂ ਦੀ ਮੰਗ ਪੂਰੀ ਕਰ ਰਹੇ ਹਨ। ਇਸ ਸਬੰਧੀ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਦੀ ਇੰਚਾਰਜ ਡਾ. ਰਿਤਿਕਾ ਦਾ ਕਹਿਣਾ ਹੈ ਕਿ ਡੇਂਗੂ ਦੇ ਸੀਜ਼ਨ 'ਚ ਸਿੰਗਲ ਡੋਨਰ ਪਲੇਟਲੈੱਟਸ ਦੀ ਮੰਗ ਕਾਫੀ ਵਧ ਗਈ ਹੈ। ਬਦਲੇ ਹੋਏ ਮੌਸਮ ਕਾਰਨ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਕਾਫੀ ਵਧ ਗਈ ਹੈ, ਜਿਸ ਕਾਰਨ ਬਲੱਡ ਬੈਂਕਾਂ ਵਿਚ ਪਲੇਟਲੈਟਸ ਦੀ ਮੰਗ ਵੀ ਵਧ ਗਈ ਹੈ।

ਸ਼ਹਿਰ ਦੇ ਰਹਿਣ ਵਾਲੇ ਵਿਕਾਸ ਕੁਮਾਰ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਉਸ ਦੇ ਛੋਟੇ ਭਰਾ ਨੂੰ ਡੇਂਗੂ ਹੋ ਗਿਆ ਸੀ, ਜਿਸ ਕਾਰਨ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ ਸੀ। ਟੈਸਟ ਕਰਵਾਉਣ ਤੋਂ ਬਾਅਦ ਪਤਾ ਲੱਗਾ ਕਿ ਉਸ ਦੇ ਸਰੀਰ ਵਿਚ ਪਲੇਟਲੈਟਸ ਦੀ ਮਾਤਰਾ ਕਾਫੀ ਘਟ ਗਈ ਹੈ। ਸਰਕਾਰੀ ਹਸਪਤਾਲ ਵਿਚ ਪਲੇਟਲੈਟਸ ਨਾ ਮਿਲਣ ਕਾਰਨ ਨਿੱਜੀ ਬਲੱਡ ਬੈਂਕਾਂ ਤਕ ਪਹੁੰਚ ਕੀਤੀ ਗਈ ਪਰ ਫਿਰ ਵੀ ਪਲੇਟਲੈਟਸ ਦਾ ਇੰਤਜ਼ਾਮ ਨਹੀਂ ਹੋ ਸਕਿਆ। ਆਖ਼ਰ ਵਿਚ ਮਰੀਜ਼ ਦੇ ਬਲੱਡ ਗਰੁੱਪ ਵਾਲੇ ਵਿਅਕਤੀ ਕੋਲੋਂ ਖ਼ੂਨਦਾਨ ਕਰਾ ਕੇ ਪਲੇਟਲੈਟਸ ਦਾ ਇੰਤਜ਼ਾਮ ਕਰਨਾ ਪਿਆ।

---------

ਟਾਈਫਾਈਡ, ਡੇਂਗੂ ਤੇ ਮਲੇਰੀਏ 'ਚ ਘਟਦੇ ਸੈੱਲ : ਡਾ. ਗੋਇਲ

ਕੋਸਮੋ ਹਸਪਤਾਲ ਦੇ ਐੱਮਡੀ ਮੈਡੀਸਨ ਡਾ. ਰਮਨ ਗੋਇਲ ਦਾ ਕਹਿਣਾ ਹੈ ਕਿ ਜਦ ਸਰੀਰ ਵਿਚ ਪਲੇਟਲੈਟਸ ਦੀ ਮਾਤਰਾ ਵੀਹ ਹਜ਼ਾਰ ਤੋਂ ਘੱਟ ਹੋ ਜਾਵੇ ਤਾਂ ਪਲੇਟਲੈੱਟਸ ਚੜ੍ਹਾਉਣ ਦੀ ਜ਼ਰੂਰਤ ਪੈਂਦੀ ਹੈ। ਉਨ੍ਹ੍ਵਾਂ ਦੱਸਿਆ ਕਿ ਡੇਂਗੂ, ਮਲੇਰੀਆ ਅਤੇ ਟਾਈਫ਼ਾਈਡ ਵਰਗੀਆਂ ਬਿਮਾਰੀਆਂ ਦੇ ਚੱਲਦਿਆਂ ਸਰੀਰ ਵਿਚ ਪਲੇਟਲੈਟਸ ਦੀ ਗਿਣਤੀ ਘਟ ਜਾਂਦੀ ਹੈ। ਤੰਦਰੁਸਤ ਵਿਅਕਤੀ ਵਿਚ ਡੇਢ ਤੋਂ ਚਾਰ ਲੱਖ ਤਕ ਪਲੇਟਲੈੱਟਸ ਹੋਣੇ ਚਾਹੀਦੇ ਹਨ, ਜੇ ਗਿਣਤੀ ਪੰਜਾਹ ਹਜ਼ਾਰ ਤੋਂ ਘੱਟ ਹੋ ਜਾਵੇ ਤਾਂ ਹਾਲਤ ਚਿੰਤਾਜਨਕ ਹੁੰਦੀ ਹੈ। ਜੇਕਰ ਉਕਤ ਮਾਤਰਾ ਡੇਢ ਲੱਖ ਤੋਂ ਘੱਟ ਆਵੇ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ। ਹਰ ਤਿੰਨ ਦਿਨਾਂ ਬਾਅਦ ਟੈਸਟ ਕਰਵਾਉਂਦੇ ਰਹਿਣਾ ਚਾਹੀਦਾ ਹੈ ਤੇ ਪਲੇਟਲੈਟਸ ਦੀ ਗਿਣਤੀ ਤਿੰਨ ਲੱਖ ਤਕ ਪਹੁੰਚਣ ਤਕ ਟੈਸਟ ਕਰਵਾਉਣੇ ਚਾਹੀਦੇ ਹਨ।

---------------

ਡੇਂਗੂ ਦੇ ਸਾਰੇ ਮਰੀਜ਼ਾਂ ਲਈ ਜ਼ਰੂਰੀ ਨਹੀਂ ਪਲੇਟਲੈਟਸ

ਡਾ. ਕਿਸ਼ੋਰੀ ਰਾਮ ਹਸਪਤਾਲ ਦੇ ਐਮਡੀ ਮੈਡੀਸਨ ਡਾ. ਵਿਤੁਲ ਗੁਪਤਾ ਦਾ ਕਹਿਣਾ ਹੈ ਕਿ ਡੇਂਗੂ ਵਾਇਰਸ ਦੇ ਚਲਦਿਆਂ ਪਲੇਟਲੈੱਟਸ ਘੱਟ ਹੋ ਜਾਂਦੇ ਹਨ ਪਰ ਇਹ ਜ਼ਰੂਰੀ ਨਹੀਂ ਕਿ ਹਰ ਮਰੀਜ਼ ਨੂੰ ਹੀ ਪਲੇਟਲੈੱਟਸ ਚੜ੍ਹਾਏ ਜਾਣ ਕਿਉਂਕਿ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਹੁੰਦੀ ਹੈ ਤੇ ਉਹ ਆਪਣੇ ਆਪ ਹੀ ਬਿਮਾਰੀ ਨੂੰ ਖ਼ਤਮ ਕਰ ਲੈਂਦਾ ਹੈ। ਉਨਾਂ੍ਹ ਦੱਸਿਆ ਕਿ ਜੇਕਰ ਮਰੀਜ਼ ਦੇ ਸਰੀਰ ਵਿਚੋਂ ਖੂਨ ਦਾ ਰਿਸਾਵ ਹੋਣ ਲੱਗ ਜਾਵੇ ਤਾਂ ਪਲੇਟਲੈੱਟਸ ਚੜ੍ਹਾਉਣ ਦੀ ਲੋੜ ਪੈਂਦੀ ਹੈ। ਡਾਕਟਰ ਦਾ ਕਹਿਣਾ ਹੈ ਕਿ ਇਸ ਬਿਮਾਰੀ 'ਚ ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ।

---------------

ਪਲੇਟਲੈੱਟਸ ਬਣਾਉਣ ਦੇ ਦੋ ਤਰੀਕੇ

ਗੁਰੂ ਨਾਨਕ ਬਲੱਡ ਬੈਂਕ ਦੇ ਇੰਚਾਰਜ ਅਜੀਤ ਸਿੰਘ ਚੌਧਰੀ ਨੇ ਦੱਸਿਆ ਕਿ ਪਲੇਟਲੈੱਟਸ ਬਣਾਉਣ ਦੇ ਦੋ ਤਰੀਕੇ ਹਨ। ਪਹਿਲੇ ਤਰੀਕੇ ਵਿਚ ਖ਼ੂਨ ਦਾਨੀ ਦੇ ਸਰੀਰ ਵਿਚੋਂ ਇਕ ਵਾਰ ਖ਼ੂਨ ਲੈ ਕੇ ਪਲੇਟਲੈਟਸ ਤਿਆਰ ਕੀਤੇ ਜਾਂਦੇ ਹਨ। ਇਸ ਨੂੰ ਸਿੰਗਲ ਡੋਨਰ ਪਲੇਟਲੈੱਟਸ ਕਿਹਾ ਜਾਂਦਾ ਹੈ। ਇਕ ਯੂਨਿਟ (ਐੱਸਡੀਪੀ) ਮਰੀਜ਼ ਨੂੰ ਚੜ੍ਹਾਉਣ ਨਾਲ ਉਸ ਦੇ ਖ਼ੂਨ ਵਿਚ ਪਲੇਟਲੈਟਸ ਦੀ ਗਿਣਤੀ ਪੰਜਾਹ ਸੱਠ ਹਜ਼ਾਰ ਤਕ ਵਧ ਜਾਂਦੀ ਹੈ। ਦੂਜੇ ਤਰੀਕੇ ਵਿਚ ਖ਼ੂਨਦਾਨੀ ਦਾ ਖੂਨ ਲੈਣ ਤੋਂ ਬਾਅਦ ਰੈਂਡਮ ਡੋਨਰ ਪਲੇਟਲੈੱਟਸ (ਆਰਡੀਪੀ) ਤਰੀਕੇ ਨਾਲ ਸਪਰਿੰਟਰ ਯੂਨਿਟ ਵਿਚ ਪਲੇਟਲੈੱਟਸ ਕੱਢੇ ਜਾਂਦੇ ਹਨ। ਇਸ ਵਿਚ ਘੱਟੋ ਘੱਟ ਛੇ ਘੰਟੇ ਦਾ ਸਮਾਂ ਲੱਗਦਾ ਹੈ।