ਗੁਰਤੇਜ ਸਿੰਘ ਸਿੱਧੂ, ਬਠਿੰਡਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਲਾਅ ਕਾਲਜ ਦੇ ਇਕ ਵਿਦਿਆਰਥੀ ਗੁਰਦੀਪ ਸਿੰਘ ਮੁੰਡੀ ਵਾਸੀ ਸਿਧਾਣਾ ਦੇ ਗੁਪਤ ਅੰਗ ਵਿਚ ਡੰਡਾ ਪਾ ਕੇ ਅਣਮਨੁੱਖੀ ਤਸ਼ੱਦਦ ਕੀਤੇ ਜਾਣ ਦਾ ਖੁਲਾਸਾ ਹੋਇਆ ਹੈ। ਸਿਵਲ ਹਸਪਤਾਲ ਦੇ ਡਾਕਟਰ ਹੁਣ ਪੀੜਤ ਦੀ ਕਲੋਨੋਸਕੋਪੀ ਕਰਵਾਉਣ ਜਾ ਰਹੇ ਹਨ, ਜਿਸ ਤੋਂ ਬਾਅਦ ਸੱਚਾਈ ਸਾਹਮਣੇ ਆਵੇਗੀ। ਜਮਹੂਰੀ ਅਧਿਕਾਰ ਸਭਾ ਦੀ ਜਾਂਚ ਰਿਪੋਰਟ ਵਿਚ ਵੀ ਦਿੱਲੀ ਪੁਲਿਸ ਵੱਲੋਂ ਪੀੜਤ ਦੀ ਗੁਪਤ ਅੰਗ ਵਿਚ ਡੰਡਾ ਪਾਏ ਜਾਣ ਦਾ ਜ਼ਿਕਰ ਕੀਤਾ ਗਿਆ ਹੈ। ਜਮਹੂਰੀ ਅਧਿਕਾਰ ਸਭਾ ਨੇ ਆਪਣੀ ਜਾਂਚ ਰਿਪੋਰਟ ਵਿਚ ਦਿੱਲੀ ਪੁਲਿਸ ਨੂੰ ਕਟਹਿਰੇ ਵਿਚ ਖਡ਼੍ਹਾ ਕੀਤਾ ਹੈ।

ਸਭਾ ਦੀ ਰਿਪੋਰਟ ਮੁਤਾਬਿਕ ਪੰਜਾਬ ਪੁਲਿਸ ਵੀ ਆਪਣੀ ਬਣਦੀ ਡਿਊਟੀ ਨਹੀਂ ਨਿਭਾਅ ਰਹੀ ਅਤੇ ਨਾ ਹੀ ਪੰਜਾਬ ਸਰਕਾਰ ਇਸ ਦਾ ਗੰਭੀਰ ਨੋਟਿਸ ਲੈ ਰਹੀ ਹੈ। ਜੇਕਰ ਇਸ ਘਟਨਾ ਦਾ ਗੰਭੀਰਤਾ ਨਾਲ ਨੋਟਿਸ ਨਹੀਂ ਲਿਆ ਜਾਂਦਾ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਮੱਸਿਆ ਖਡ਼੍ਹੀ ਹੋ ਜਾਵੇਗੀ। ਸਭਾ ਦੀ ਇਕ ਚਾਰ ਮੈਂਬਰੀ ਟੀਮ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ, ਜਨਰਲ ਸਕੱਤਰ ਪ੍ਰਿਤਪਾਲ ਸਿੰਘ, ਪ੍ਰੈੱਸ ਸਕੱਤਰ ਡਾ. ਅਜੀਤਪਾਲ ਸਿੰਘ ਅਤੇ ਵਿੱਤ ਸਕੱਤਰ ਸੰਤੋਖ ਸਿੰਘ ਮੱਲ੍ਹਣ ਨੇ ਇਹ ਜਾਂਚ ਰਿਪੋਰਟ ਤਿਆਰ ਕੀਤੀ ਹੈ।

ਟੀਮ ਸਿਵਲ ਹਸਪਤਾਲ ਬਠਿੰਡਾ ਵਿਚ ਜ਼ੇਰੇ ਇਲਾਜ ਗੁਰਦੀਪ ਸਿੰਘ ਮੁੰਡੀ ਨੂੰ ਮਿਲੀ ਤੇ ਉਸ ਦਾ ਪੱਖ ਰਿਕਾਰਡ ਕੀਤਾ, ਮੈਡੀਕਲ ਮੁਆਇਨੇ ਦੀ ਇਕ ਤਸਦੀਕਸ਼ੁਦਾ ਕਾਪੀ ਹਾਸਲ ਕੀਤੀ ਅਤੇ ਇਸ ਸਬੰਧੀ ਡਾਕਟਰ ਦੇ ਵਿਚਾਰ ਜਾਣੇ। ਪਟਿਆਲਾ ਦੇ ਅਰਬਨ ਅਸਟੇਟ ਥਾਣੇ ਤੋਂ ਗੁਰਦੀਪ ਸਿੰਘ ਦਾ ਬਿਆਨ ਰਿਕਾਰਡ ਦਰਜ ਕਰਨ ਆਏ ਪੰਜਾਬ ਪੁਲਿਸ ਦੇ ਅਧਿਕਾਰੀ ਤੋਂ ਵੀ ਪੁੱਛਗਿਛ ਕੀਤੀ। ਕੇਸ ਦੀ ਪੈਰਵਾਈ ਕਰ ਰਹੇ ਵਕੀਲ ਤੋਂ ਵੀ ਜਾਣਕਾਰੀ ਹਾਸਲ ਕੀਤੀ। ਦਿੱਲੀ ਦੀ ਪੁਲਿਸ ਵੱਲੋਂ ਕੀਤੇ ਟਵੀਟ ਨੂੰ ਵੀ ਰਿਕਾਰਡ ਤੇ ਲਿਆਂਦਾ ਗਿਆ। ਗੁਰਦੀਪ ਸਿੰਘ ਦੇ ਬਿਆਨ, ਮੈਡੀਕਲ ਅਫਸਰ ਦੀ ਮਾਹਿਰ ਰਾਇ ਤੇ ਪਟਿਆਲਾ ਪੁਲਿਸ ਦੇ ਪੱਖ ਨੂੰ ਸੁਣਨ ਅਤੇ ਵੱਖ ਵੱਖ ਦਸਤਾਵੇਜ਼ਾਂ ਦੀ ਘੋਖ ਪਡ਼ਤਾਲ ਕਰਨ ਪਿੱਛੋਂ ਸਭਾ ਦੀ ਟੀਮ ਵਲੋਂ ਇਕ ਮੁਢਲੀ ਤੱਥ ਖੋਜ ਰਿਪੋਰਟ ਤਿਆਰ ਕੀਤੀ ਗਈ।

ਸਭਾ ਨੇ ਇਕ ਉੱਚ ਪੱਧਰੀ ਜਾਂਚ ਕਰਕੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਨਾਮਜ਼ਦ ਕਰਨ ਤੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ ਤਾਂ ਕਿ ਅੱਗੇ ਤੋਂ ਅਜਿਹੀਆਂ ਗੈਰਮਨੁੱਖੀ ਤੇ ਗ਼ੈਰਕਾਨੂੰਨੀ ਘਟਨਾਵਾਂ ਨੂੰ ਰੋਕਿਆ ਜਾ ਸਕੇ।

Posted By: Tejinder Thind